The Khalas Tv Blog Punjab ਪੰਜਾਬ ਸਰਕਾਰ ਨੇ ਭੈਣੀ ਸਾਹਿਬ ਦੇ ਖੇਡ ਮਾਡਲ ਦੇ ਆਧਾਰ ‘ਤੇ ਖੇਡ ਮੈਦਾਨ ਬਣਾਉਣ ਦਾ ਕੀਤਾ ਐਲਾਨ
Punjab

ਪੰਜਾਬ ਸਰਕਾਰ ਨੇ ਭੈਣੀ ਸਾਹਿਬ ਦੇ ਖੇਡ ਮਾਡਲ ਦੇ ਆਧਾਰ ‘ਤੇ ਖੇਡ ਮੈਦਾਨ ਬਣਾਉਣ ਦਾ ਕੀਤਾ ਐਲਾਨ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਭੈਣੀ ਸਾਹਿਬ ਦੇ ਖੇਡ ਮਾਡਲ ਦੇ ਆਧਾਰ ‘ਤੇ ਬਲਾਕ ਅਤੇ ਜ਼ਿਲਾ ਪੱਧਰ ‘ਤੇ ਖੇਡ ਮੈਦਾਨ ਬਣਾਉਣ ਦਾ ਐਲਾਨ ਕੀਤਾ ਹੈ। ਇਸ ਮੌਕੇ ਚੰਨੀ ਨੇ ਸ਼੍ਰੀ ਭੈਣੀ ਸਾਹਿਬ ਵਿਖੇ ਐਸਟਰੋਟਰਫ ਦਾ ਨਿਰੀਖਣ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਵਿੱਚ ਅਜਿਹੇ ਐਸਟ੍ਰੋਟਰਫ ਅਤੇ ਖੇਡ ਮੈਦਾਨ ਵਿਕਸਤ ਕਰੇਗੀ।

ਚੰਨੀ ਨੇ ਖਿਡਾਰੀਆਂ ਨੂੰ ਅਤਿ-ਆਧੁਨਿਕ ਖੇਡ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਜਿਹੇ ਆਧੁਨਿਕ ਖੇਡ ਮੈਦਾਨ ਖਿਡਾਰੀਆਂ ਨੂੰ ਓਲੰਪਿਕ ਅਤੇ ਹੋਰ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਗੇ। ਉਨਾਂ ਕਿਹਾ ਕਿ ਅਧਿਕਾਰੀ ਜਲਦ ਹੀ ਸ੍ਰੀ ਭੈਣੀ ਸਾਹਿਬ ਦੇ ਪ੍ਰਬੰਧਕਾਂ ਨਾਲ ਸਲਾਹ ਕਰਕੇ ਅਜਿਹੇ ਐਸਟ੍ਰੋਟਰਫ ਅਤੇ ਫੁੱਟਬਾਲ ਗਰਾਊਂਡ ਨੂੰ ਵਿਕਸਤ ਕਰਨ ਲਈ ਇੱਕ ਖਾਕਾ ਤਿਆਰ ਕਰਨਗੇ ਤਾਂ ਜੋ ਖਿਡਾਰੀ ਵਿਸ਼ਵ ਪੱਧਰੀ ਮਿਆਰਾਂ ਅਨੁਸਾਰ ਪੇਸ਼ੇਵਰ ਤਰੀਕੇ ਨਾਲ ਅਭਿਆਸ ਕਰ ਸਕਣ ਅਤੇ ਭਰੋਸਾ ਦਿਵਾਇਆ ਕਿ ਇਸ ਮੰਤਵ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਨੌਜਵਾਨਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਲਈ ਵੱਧ ਤੋਂ ਵੱਧ ਖਿਡਾਰੀ ਭੇਜਣ ਵਿੱਚ ਸੂਬੇ ਦੀ ਅਗਵਾਈ ਕਰੇਗਾ।

Exit mobile version