The Khalas Tv Blog Khetibadi ਹੜ੍ਹਾਂ ਸਬੰਧੀ ਤਾਜ਼ਾ ਸਰਕਾਰੀ ਰਿਪੋਰਟ: ਮੌਤਾਂ ਦੇ ਅੰਕੜੇ ਚ ਹੋਰ ਵਾਧਾ, 3.87 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ, 1.84 ਲੱਖ ਹੈਕਟੇਅਰ ਤੋਂ ਵੱਧ ਫ਼ਸਲ ਤਬਾਹ
Khetibadi Punjab

ਹੜ੍ਹਾਂ ਸਬੰਧੀ ਤਾਜ਼ਾ ਸਰਕਾਰੀ ਰਿਪੋਰਟ: ਮੌਤਾਂ ਦੇ ਅੰਕੜੇ ਚ ਹੋਰ ਵਾਧਾ, 3.87 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ, 1.84 ਲੱਖ ਹੈਕਟੇਅਰ ਤੋਂ ਵੱਧ ਫ਼ਸਲ ਤਬਾਹ

ਬਿਊਰੋ ਰਿਪੋਰਟ (ਚੰਡੀਗੜ੍ਹ, 9 ਸਤੰਬਰ 2025): ਪੰਜਾਬ ਵਿੱਚ ਹੜ੍ਹਾਂ ਦੇ ਚੱਲਦਿਆਂ ਬੀਤੀ ਸ਼ਾਮ ਸਰਕਾਰ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਹੜ੍ਹਾਂ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਿਥੇ ਹੋਰ ਆਬਾਦੀ ਪ੍ਰਭਾਵਿਤ ਹੋਈ ਹੈ, ਉਥੇ ਫ਼ਸਲਾਂ ਦੇ ਨੁਕਸਾਨ ਵਿੱਚ ਵੀ ਵਾਧਾ ਹੋਇਆ ਹੈ। ਰਿਪੋਰਟਾਂ ਅਨੁਸਾਰ 15 ਜ਼ਿਲ੍ਹਿਆਂ ਵਿੱਚ ਹੁਣ ਤੱਕ 3.87 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਅਤੇ ਮਾਨਸਾ, ਮੋਗਾ ਤੇ ਪਟਿਆਲਾ ਜ਼ਿਲ੍ਹਿਆਂ ਵਿੱਚ 3 ਹੋਰ ਮੌਤਾਂ ਦਰਜ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 51 ਹੋ ਗਈ ਹੈ।

ਫ਼ਸਲਾਂ ਅਤੇ ਬੁਨਿਆਦੀ ਢਾਂਚੇ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਸ ਵਿੱਚ ਦੱਸਿਆ ਕਿ ਹੁਣ ਤੱਕ 1,84,938.05 ਹੈਕਟੇਅਰ ਤੋਂ ਵੱਧ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਘਰਾਂ ਅਤੇ ਪਸ਼ੂਧਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਜਾਰੀ ਹੈ ਅਤੇ ਹੜ੍ਹਾਂ ਦਾ ਪਾਣੀ ਘੱਟਣ ਤੋਂ ਬਾਅਦ ਹੀ ਇਸ ਬਾਰੇ ਪੂਰੀ ਜਾਣਕਾਰੀ ਉਪਲੱਬਧ ਹੋ ਸਕੇਗੀ।

ਹਰਦੀਪ ਸਿੰਘ ਮੁੰਡੀਆਂ ਮੁਤਾਕਬ ਹੁਣ ਤੱਕ ਕੁੱਲ 23015 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ 123 ਰਾਹਤ ਕੈਂਪ ਜਾਰੀ ਹਨ, ਜਿਨ੍ਹਾਂ ਵਿੱਚ 5,416 ਵਿਅਕਤੀ ਬਸੇਰਾ ਕਰ ਰਹੇ ਹਨ ਅਤੇ ਬਹੁਤ ਸਾਰੇ ਪ੍ਰਭਾਵਿਤ ਪਰਿਵਾਰਾਂ ਦੇ ਮੁੜ-ਵਸੇਬੇ ਨੂੰ ਯਕੀਨੀ ਬਣਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜਾਂ ਲਈ ਫ਼ੌਜ ਦੇ ਲਗਭਗ 30 ਹੈਲੀਕਾਪਟਰ ਜੁਟੇ ਹੋਏ ਹਨ, ਜਦੋਂ ਕਿ ਬੀ.ਐਸ.ਐਫ., ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਜ਼ਮੀਨੀ ਪੱਧਰ ’ਤੇ ਸਹਾਇਤਾ ਕਰ ਰਹੀਆਂ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੁੱਕਾ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਜ਼ਰੂਰੀ ਸਾਮਾਨ ਸਮੇਤ ਰਾਹਤ ਸਮੱਗਰੀ 24 ਘੰਟੇ ਭੇਜੀ ਜਾ ਰਹੀ ਹੈ।

ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਤਰਤੀਬ
  • ਸਰਕਾਰੀ ਰਿਪੋਰਟ ਮੁਤਾਬਕ ਅੰਮ੍ਰਿਤਸਰ ਵਿੱਚ 196 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ, ਜਿਸ ਕਾਰਨ 1,36,105 ਲੋਕ ਪ੍ਰਭਾਵਿਤ ਹੋਏ ਹਨ ਅਤੇ ਜ਼ਿਲ੍ਹੇ ਵਿੱਚ 7 ਵਿਅਕਤੀਆਂ ਦੀ ਮੌਤ ਹੋਈ ਹੈ। ਜ਼ਿਲ੍ਹੇ ਵਿੱਚ ਕੁੱਲ 3260 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 16 ਰਾਹਤ ਕੈਂਪ ਜਾਰੀ ਹਨ, ਜਦੋਂ ਕਿ 27,154 ਹੈਕਟੇਅਰ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। 
  • ਬਰਨਾਲਾ ਵਿੱਚ ਕੁੱਲ 121 ਪਿੰਡ ਹੜ੍ਹ ਦੇ ਪਾਣੀ ਵਿੱਚ ਘਿਰੇ ਹਨ, ਜਿਸ ਨਾਲ 1343 ਲੋਕ ਪ੍ਰਭਾਵਿਤ ਹੋਏ ਹਨ। ਜ਼ਿਲ੍ਹੇ ਵਿੱਚ 5 ਮੌਤਾਂ ਹੋਈਆਂ ਹਨ, 630 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਅਤੇ 46 ਰਾਹਤ ਕੈਂਪ ਜਾਰੀ ਹਨ।
  • ਬਠਿੰਡਾ ਵਿੱਚ 21 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ। ਹਾਲਾਂਕਿ ਕੋਈ ਵੀ ਆਬਾਦੀ ਸਿੱਧੇ ਤੌਰ ’ਤੇ ਪ੍ਰਭਾਵਿਤ ਨਹੀਂ ਹੋਈ ਪਰ ਇੱਥੇ 4 ਮੌਤਾਂ ਹੋਈਆਂ ਹਨ। 586.79 ਹੈਕਟੇਅਰ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। 
  • ਇਸੇ ਤਰ੍ਹਾਂ ਜ਼ਿਲ੍ਹਾ ਫ਼ਰੀਦਕੋਟ ਵਿੱਚ 15 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। 
  • ਫ਼ਾਜ਼ਿਲਕਾ ਵਿੱਚ 86 ਪਿੰਡ ਡੁੱਬੇ ਹਨ ਜਿਸ ਨਾਲ 25,037 ਵਿਅਕਤੀ ਪ੍ਰਭਾਵਿਤ ਹੋਏ ਹਨ ਅਤੇ ਦੋ ਵਿਅਕਤੀਆਂ ਦੀ ਮੌਤ ਹੋਈ ਹੈ। ਹੜ੍ਹਾਂ ਵਾਲੇ ਪਾਣੀ ਵਿੱਚੋਂ ਕੁੱਲ 4,235 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਅਤੇ 14 ਰਾਹਤ ਕੈਂਪ ਜਾਰੀ ਹਨ ਜਦਕਿ 19,036 ਹੈਕਟੇਅਰ ਤੋਂ ਵੱਧ ਰਕਬੇ ‘ਚ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
  • ਜ਼ਿਲ੍ਹਾ ਫਿਰੋਜ਼ਪੁਰ ਵਿੱਚ 108 ਪਿੰਡ ਹੜ੍ਹ ਦੀ ਲਪੇਟ ਵਿੱਚ ਆਏ ਹਨ, ਜਿਸ ਕਾਰਨ 38,614 ਵਿਅਕਤੀ ਪ੍ਰਭਾਵਿਤ ਹੋਏ ਹਨ। ਜ਼ਿਲ੍ਹੇ ਵਿੱਚ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ, 3948 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 17,257 ਹੈਕਟੇਅਰ ਫ਼ਸਲ ਦਾ ਨੁਕਸਾਨ ਹੋਇਆ ਹੈ। 
  • ਗੁਰਦਾਸਪੁਰ ਵਿੱਚ 329 ਪਿੰਡ ਪਾਣੀ ਦੀ ਮਾਰ ਹੇਠ ਆਏ ਹਨ, ਜਿਸ ਦੇ ਸਿੱਟੇ ਵਜੋਂ 1,45,000 ਵਿਅਕਤੀ ਪ੍ਰਭਾਵਿਤ ਹੋਏ ਹਨ ਅਤੇ ਦੋ ਮੌਤਾਂ ਹੋਈਆਂ ਹਨ। ਜ਼ਿਲ੍ਹੇ ਵਿੱਚ ਕੁੱਲ 5,581 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 13 ਰਾਹਤ ਕੈਂਪ ਜਾਰੀ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਇਸ ਜ਼ਿਲ੍ਹੇ ਦੀਆਂ ਫ਼ਸਲਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ, ਇਥੇ 40,169 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ।
  • ਹੁਸ਼ਿਆਰਪੁਰ ਵਿੱਚ 208 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਕਰਕੇ 2,760 ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ, ਜਦੋਂ ਕਿ 7 ਵਿਅਕਤੀਆਂ ਨੇ ਜਾਨ ਗਵਾਈ ਹੈ। ਕੁੱਲ 1,616 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 4 ਰਾਹਤ ਕੈਂਪ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਥੇ 8,322  ਹੈਕਟੇਅਰ ਫ਼ਸਲੀ ਰਕਬੇ ਦਾ ਖ਼ਰਾਬਾ ਹੋਇਆ ਹੈ। 
  • ਜਲੰਧਰ ਵਿੱਚ 93 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਨਾਲ 1,970 ਲੋਕ ਪ੍ਰਭਾਵਿਤ ਹੋਏ ਹਨ। ਜਾਨੀ-ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹੁਣ ਤੱਕ ਕੁੱਲ 511 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 18 ਰਾਹਤ ਕੈਂਪ ਜਾਰੀ ਹਨ। ਇਥੇ 4,800 ਹੈਕਟੇਅਰ ਫ਼ਸਲਾਂ ਦਾ ਨੁਕਸਾਨ ਦਰਜ ਕੀਤਾ ਗਿਆ ਹੈ।
  • ਕਪੂਰਥਲਾ ਵਿੱਚ 145 ਪਿੰਡਾਂ ਵਿੱਚ ਹੜ੍ਹਾਂ ਦਾ ਪਾਣੀ ਵੜ ਗਿਆ ਹੈ ਜਿਸ ਨਾਲ 5,728 ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਹਨ ਅਤੇ 1,428 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਦੋਂ ਕਿ 17,574 ਹੈਕਟੇਅਰ ਫ਼ਸਲਾਂ ਨੁਕਸਾਨੀਆਂ ਗਈਆਂ ਹਨ।  
  • ਲੁਧਿਆਣਾ ਵਿੱਚ 85 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ 4 ਹੈ। ਇਥੇ ਲਗਾਏ ਗਏ ਇੱਕ ਕੈਂਪ ਵਿੱਚ 47 ਵਿਅਕਤੀਆਂ ਨੂੰ ਠਹਿਰਾਇਆ ਗਿਆ ਹੈ ਅਤੇ 72 ਹੈਕਟੇਅਰ ਫਸਲੀ ਰਕਬੇ ਨੂੰ ਨੁਕਸਾਨ ਪੁੱਜਾ ਹੈ। ਮਾਲੇਰਕੋਟਲਾ ਵਿੱਚ 12 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ।
  • ਮਾਨਸਾ ਜ਼ਿਲ੍ਹੇ ਵਿੱਚ 95 ਪਿੰਡਾਂ ਦੇ 178 ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹਨ ਅਤੇ ਜ਼ਿਲ੍ਹੇ ਵਿੱਚ 4 ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੁੱਲ 178 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਦੋਂ ਕਿ 2 ਰਾਹਤ ਕੈਂਪ ਜਾਰੀ ਹਨ। 12,207 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। 
  • ਮੋਗਾ ਵਿੱਚ 52 ਪਿੰਡ ਅਤੇ 800 ਵਿਅਕਤੀ ਹੜ੍ਹਾਂ ਦਾ ਪ੍ਰਕੋਪ ਝੱਲ ਰਹੇ ਹਨ। ਇੱਕ ਵਿਅਕਤੀ ਦੀ ਮੌਤ ਹੋਈ ਹੈ। ਕੁੱਲ 155 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਜਦੋਂ ਕਿ 3 ਕੈਂਪ ਲੋਕਾਂ ਨੂੰ ਆਸਰਾ ਦੇ ਰਹੇ ਹਨ ਅਤੇ 2,240 ਹੈਕਟੇਅਰ ਰਕਬੇ ਹੇਠਲੀ ਫ਼ਸਲ ਨੁਕਸਾਨੀ ਗਈ ਹੈ।
  • ਪਠਾਨਕੋਟ ਵਿੱਚ 88 ਪਿੰਡਾਂ ਨੂੰ ਹੜ੍ਹਾਂ ਨੇ ਢਾਹ ਲਾਈ ਹੈ ਜਿਸ ਕਰਕੇ 15,503 ਲੋਕਾਂ ਦਾ ਗੁਜ਼ਾਰਾ ਔਖਾ ਹੋ ਰਿਹਾ ਹੈ। ਜ਼ਿਲ੍ਹੇ ਵਿੱਚ 6 ਵਿਅਕਤੀਆਂ ਨੇ ਜਾਨ ਗਵਾਈ ਹੈ। 1,139 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਦੋਂ ਕਿ 1 ਰਾਹਤ ਕੈਂਪ ਸਰਗਰਮ ਹੈ। ਇਥੇ 2,442 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। 
  • ਪਟਿਆਲਾ ਵਿੱਚ 109 ਪਿੰਡ ਪ੍ਰਭਾਵਿਤ ਹੋਏ ਹਨ। ਜ਼ਿਲ੍ਹੇ ਵਿੱਚ 2 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 10,420 ਹੈਕਟੇਅਰ ਰਕਬੇ ‘ਤੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ।
  • ਰੂਪਨਗਰ ਵਿੱਚ 58 ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਨਾਲ 778 ਵਿਅਕਤੀਆਂ ਦੀ ਜ਼ਿੰਦਗੀ ਲੀਹੋਂ ਲੱਥੀ ਹੋਈ ਹੈ। ਇੱਥੇ ਦੋ ਵਿਅਕਤੀਆਂ ਦੀ ਜਾਨ ਗਈ ਹੈ, 313 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ ਹੈ ਅਤੇ 4 ਰਾਹਤ ਕੈਂਪ ਵਿੱਚ ਲੋਕਾਂ ਨੂੰ ਠਾਹਰ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 1,080 ਹੈਕਟੇਅਰ ਰਕਬੇ ਵਿੱਚ ਫ਼ਸਲਾਂ ਤਬਾਹ ਹੋ ਗਈਆਂ ਹਨ।
  • ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ 15 ਪਿੰਡ ਹੜ੍ਹਾਂ ਦੀ ਮਾਰ ਹੇਠ ਹਨ ਜਿਸ ਕਾਰਨ 14,000 ਵਿਅਕਤੀ ਪ੍ਰਭਾਵਿਤ ਹੋਏ ਹਨ। ਇਥੇ 2 ਮੌਤਾਂ ਹੋਈਆਂ ਹਨ ਅਤੇ 2,000 ਹੈਕਟੇਅਰ ਤੋਂ ਵੱਧ ਫ਼ਸਲਾਂ ਦਾ ਖ਼ਰਾਬਾ ਹੋਇਆ ਹੈ।
  • ਸੰਗਰੂਰ ਵਿੱਚ ਵੀ 107 ਪਿੰਡ ਹੜ੍ਹਾਂ ਦਾ ਖਾਮਿਆਜ਼ਾ ਭੁਗਤ ਰਹੇ ਹਨ ਜਿਸ ਕਰਕੇ 83 ਵਿਅਕਤੀਆਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਜ਼ਿਲ੍ਹੇ ਵਿੱਚ 1 ਵਿਅਕਤੀ ਨੇ ਜਾਨ ਗਵਾਈ ਹੈ। ਇੱਥੇ ਇੱਕ ਰਾਹਤ ਕੈਂਪ ਚੱਲ ਰਿਹਾ ਹੈ ਅਤੇ 6560 ਹੈਕਟੇਅਰ ਰਕਬੇ ਵਿੱਚ ਫ਼ਸਲਾਂ ਦਾ ਨੁਕਸਾਨ ਦਰਜ ਕੀਤਾ ਗਿਆ ਹੈ।
  • ਇਸੇ ਤਰ੍ਹਾਂ ਐਸ.ਬੀ.ਐਸ. ਨਗਰ ਵਿੱਚ 28 ਪਿੰਡ ਪ੍ਰਭਾਵਿਤ ਹੋਏ ਹਨ ਅਤੇ 188 ਹੈਕਟੇਅਰ ਰਕਬੇ ਵਿੱਚ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। 
  • ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 23 ਪਿੰਡ ਪ੍ਰਭਾਵਿਤ ਹੋਏ ਹਨ, ਜਦੋਂ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ 70 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ ਹਨ, ਜਿਨ੍ਹਾਂ ਵਿੱਚ 60 ਲੋਕ ਪ੍ਰਭਾਵਿਤ ਹੋਏ ਹਨ। ਕੁੱਲ 21 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ 12,828 ਹੈਕਟੇਅਰ ਰਕਬੇ ’ਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
Exit mobile version