The Khalas Tv Blog India ਪੰਜਾਬੀਆਂ ਨੂੰ ਕਰੋਨਾ ਦੇ ਨਾਲ ਸਵਾਈਨ ਫਲੂ ਨੇ ਵੀ ਦੱਬ ਲਿਆ
India International Punjab

ਪੰਜਾਬੀਆਂ ਨੂੰ ਕਰੋਨਾ ਦੇ ਨਾਲ ਸਵਾਈਨ ਫਲੂ ਨੇ ਵੀ ਦੱਬ ਲਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ, ਯੂਰਪ, ਏਸ਼ੀਆ ਅਤੇ ਅਫ਼ਰੀਕਾ ਸਮੇਤ ਭਾਰਤ ਵਿੱਚ ਕਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ। ਇੱਕ ਹਫ਼ਤੇ ਦੀਆਂ ਰਿਪੋਰਟਾਂ ਮੁਤਾਬਕ ਯੂਰਪ ਲਪੇਟ ਵਿੱਚ ਆਇਆ ਹੈ। ਇੱਥੇ ਇੱਕ ਹਫ਼ਤੇ ਵਿੱਚ 23 ਫ਼ੀਸਦੀ ਕੇਸ ਵਧੇ ਹਨ। ਏਸ਼ੀਆ ਵਿੱਚ ਵੀ ਕਰੋਨਾ ਤੇਜ਼ੀ ਨਾਲ ਫੈਲਣ ਲੱਗਾ ਹੈ। ਕਰੋਨਾ ਦੇ ਤੇਜ਼ੀ ਨਾਲ ਫੈਲਣ ਦਾ ਕਾਰਨ ਅਮਰੀਕਾ ਦੇ ਦੋ ਨਵੇਂ ਸਬ-ਵੇਰੀਐਂਟ ਬੀ.ਏ.4 ਅਤੇ ਬੀ.ਏ. 5 ਦੱਸਿਆ ਜਾ ਰਿਹਾ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 12 ਹਜ਼ਾਰ 249 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਇੱਕ ਦਿਨ ਪਹਿਲਾਂ ਨਵੇਂ ਆਉਣ ਵਾਲੇ ਕੇਸਾਂ ਦੀ ਗਿਣਤੀ 6911 ਸੀ।

ਇੱਕ ਹੋਰ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 13 ਲੋਕਾਂ ਦੀ ਮੌਤ ਹੋਈ ਹੈ। ਮੁਲਕ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 81 ਹਜ਼ਾਰ 687 ਹੋ ਗਈ ਹੈ। ਪੰਜਾਬ ਵਿੱਚ ਵੀ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਲੰਘੇ ਕੱਲ੍ਹ ਬੀਜੇਪੀ ਦੇ ਇੱਕ ਲੀਡਰ ਦੀ ਕਰੋਨਾ ਕਰਕੇ ਮੌਤ ਹੋ ਗਈ ਸੀ। ਪਟਿਆਲਾ ਦਿਹਾਤੀ ਹਲਕੇ ਤੋਂ ਵਿਧਾਇਕ ਡਾ. ਬਲਬੀਰ ਸਿੰਘ ਵੀ ਕੋਵਿਡ ਪਾਜੀਟਿਵ ਪਾਏ ਗਏ ਹਨ।

ਪੰਜਾਬ ਵਿੱਚ ਕਰੋਨਾ ਦੀ ਮਾਰ ਦੇਸ਼ ਦੇ ਦੂਜੇ ਹਿੱਸਿਆਂ ਦੀ ਨਿਸਬਤ ਘੱਟ ਹੈ। ਸਿਹਤ ਵਿਭਾਗ ਅਨੁਸਾਰ ਹਰ ਰੋਜ਼ ਸੌ ਤੋਂ ਸਵਾ ਸੌ ਨਵੇਂ ਕੇਸ ਆ ਰਹੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ ਆਏ ਨਵੇਂ ਕੇਸਾਂ ਦੀ ਗਿਣਤੀ 1200 ਦੱਸੀ ਗਈ ਹੈ ਜਦਕਿ ਪਹਿਲੀ ਲਹਿਰ ਤੋਂ ਲੈ ਕੇ ਹੁਣ ਤੱਕ ਸੱਤ ਲੱਖ ਅੱਠ ਹਜ਼ਾਰ ਦੇ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਪੰਜਾਬ ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਰਾਜੇਸ਼ ਭਾਸਕਰ ਨੇ ਦਾਅਵਾ ਕੀਤਾ ਹੈ ਕਿ ਵੈਕਸੀਨੇਸ਼ਨ ਵਾਲੇ ਮਰੀਜ਼ ਕਰੋਨਾ ਦੀ ਘੱਟ ਪਕੜ ਵਿੱਚ ਹੈ। ਸਿਹਤ ਵਿਭਾਗ ਦੇ ਪਾਣੀ ਦੀਆਂ ਬਿਮਾਰੀਆਂ ਨਾਲ ਸਬੰਧਿਤ ਵਿਭਾਗ ਦੇ ਇੰਚਾਰਜ ਡਾ.ਗਗਨ ਗਰੋਵਰ ਨੇ ਦੱਸਿਆ ਕਿ ਕਰੋਨਾ ਦੇ ਨਾਲ ਪੰਜਾਬ ਨੂੰ ਸਵਾਈਨਫਲੂ ਨੇ ਵੀ ਘੇਰ ਲਿਆ ਹੈ। ਪੰਜਾਬ ਵਿੱਚ ਹੁਣ ਤੱਕ ਸਵਾਈਨਫਲੂ ਦੇ ਪੰਜ ਕੇਸ ਆ ਚੁੱਕੇ ਹਨ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਮਾਹਿਰਾਂ ਦੀ ਕੋਰ ਟੀਮ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਬੁਲਾਈ ਸੀ।

Exit mobile version