The Khalas Tv Blog Punjab ਮੁਲਤਾਨੀ ਕਤਲ ਕੇਸ: ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਚਾਰਜਸ਼ੀਟ ਦਰਜ
Punjab

ਮੁਲਤਾਨੀ ਕਤਲ ਕੇਸ: ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਚਾਰਜਸ਼ੀਟ ਦਰਜ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਵਿਸ਼ੇਸ਼ ਜਾਂਚ ਟੀਮ (SIT) ਨੇ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ਕੋਰਟ ਵਿੱਚ ਕਤਲ ਅਤੇ ਅਗਵਾ ਕਰਨ ਦੀ ਚਾਰਜਸ਼ੀਟ ਦਰਜ ਕਰ ਲਈ ਹੈ। ਲਗਭਗ 500 ਪੰਨਿਆਂ ਦੀ ਇਹ ਚਾਰਜਸ਼ੀਟ ਤਿੰਨ ਦਹਾਕੇ ਪਹਿਲਾਂ ਸਿਟਕੋ ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਭੇਤਭਰੀ ਹਾਲਤ ਵਿੱਚ ਗਾਇਬ ਕਰਨ ਦੇ ਮਾਮਲੇ ਤਹਿਤ ਦਰਜ ਕੀਤੀ ਗਈ ਹੈ। 

SIT ਨੇ ਇਕੱਲੇ ਸੈਣੀ ਖ਼ਿਲਾਫ਼ 500 ਪੰਨਿਆਂ ਦੀ ਚਾਰਜਸ਼ੀਟ ਦਰਜ ਕੀਤੀ ਹੈ। ਬਾਕੀ ਜਿਨ੍ਹਾਂ ’ਤੇ ਇਲਜ਼ਾਮ ਲੱਗੇ ਹਨ, ਉਨ੍ਹਾਂ ’ਤੇ ਬਾਅਦ ਵਿੱਚ ਚਾਰਜਸ਼ੀਟਾਂ ਦਰਜ ਕੀਤੀਆਂ ਜਾਣਗੀਆਂ। ਅਦਾਲਤ ਨੇ 22 ਜਨਵਰੀ, 2021 ਨੂੰ ਪੇਸ਼ ਹੋਣ ਦੇ ਸੰਮਨ ਭੇਜ ਦਿੱਤੇ ਹਨ।

ਸੈਣੀ ‘ਤੇ 302 (ਕਤਲ), 201 (ਸਬੂਤ ਗਾਇਬ ਕਰਨਾ), 219 (ਜਨਤਕ ਸੇਵਕ ਵੱਲੋਂ ਭ੍ਰਿਸ਼ਟਾਚਾਰ ਜਾਂ ਗਲਤ ਢੰਗ ਨਾਲ ਕਾਨੂੰਨ ਦੇ ਉਲਟ ਇੱਕ ਰਿਪੋਰਟ ਬਣਾਉਣਾ), 344 (ਗ਼ਲਤ ਤਰੀਕੇ ਨਾਲ ਕੈਦ ਕਰਨਾ), 330, 364 (ਅਗਵਾ) ਅਤੇ 120-ਬੀ (ਸਾਜ਼ਿਸ਼) ਧਾਰਾਵਾਂ ਲਾਈਆਂ ਗਈਆਂ ਹਨ।

ਚਾਰਜਸ਼ੀਟ ਵਿੱਚ ਸੈਣੀ ਦੇ ਵਿਰੁੱਧ ਮਨਜ਼ੂਰ ਕੀਤੇ ਗਵਾਹਾਂ ਦੇ ਨਾਵਾਂ ਦਾ ਵੀ ਜ਼ਿਕਰ ਹੈ। ਇਸ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਦੇ ਸਾਬਕਾ ਮੁਲਾਜ਼ਮ ਕੁਲਦੀਪ ਸਿੰਘ ਅਤੇ ਜਗੀਰ ਸਿੰਘ ਨੇ ਸੈਣੀ ਦੇ ਕਹਿਣ ਤੇ ਉਸ ਦੀ ਮੌਜੂਦਗੀ ਵਿੱਚ ਮੁਲਤਾਨੀ ਨੂੰ ਕਥਿਤ ਤੌਰ ‘ਤੇ ਸਰੀਰਕ ਤਸੀਹੇ ਦਿੱਤੇ। ਐਸਆਈਟੀ ਨੇ ਸੈਣੀ ਵਿਰੁੱਧ ਦੋ ਸੁਤੰਤਰ ਪ੍ਰਵਾਨਗੀ ਦੇਣ ਵਾਲਿਆਂ ਦੇ ਨਾਵਾਂ ਦਾ ਵੀ ਜ਼ਿਕਰ ਵੀ ਕੀਤਾ ਹੈ ਜੋ ਮੁਲਤਾਨੀ ਦੀ ਹਿਰਾਸਤ ਵਿੱਚ ਕੀਤੇ ਤਸ਼ੱਦਦ ਦੇ ਗਵਾਹ ਸਨ ਕਿਉਂਕਿ ਉਹ ਵੀ ਪੁਲਿਸ ਹਿਰਾਸਤ ਵਿੱਚ ਹੀ ਮੌਜੂਦ ਸਨ।

ਪੂਰਾ ਮਾਮਲਾ 

ਬਲਵੰਤ ਸਿੰਘ ਮੁਲਤਾਨੀ ਨੂੰ ਪੁਲਿਸ ਨੇ 11 ਦਸੰਬਰ 1991 ਨੂੰ ਤੜਕੇ 4 ਵਜੇ ਦੇ ਕਰੀਬ ਉਨ੍ਹਾਂ ਦੇ ਮੁਹਾਲੀ ਸਥਿਤ ਘਰ ਤੋਂ ਹਿਰਾਸਤ ਵਿੱਚ ਲੈ ਲਿਆ ਸੀ। ਉਸ ਵੇਲੇ ਕੁੱਝ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।

ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਕਿਹਾ ਸੀ ਕਿ ਚੰਡੀਗੜ੍ਹ ਪੁਲਿਸ ਨੇ ਦੋ ਦਿਨ ਟਾਰਚਰ ਕਰਨ ਤੋਂ ਬਾਅਦ 13 ਦਸੰਬਰ ਨੂੰ ਮੁਲਤਾਨੀ ਦੇ ਖਿਲਾਫ FIR ਦਰਜ ਕਰ ਲਈ ਸੀ, ਜਿਸ ਵਿੱਚ ਉਸ ਵੇਲੇ ਦੇ ਚੰਡੀਗੜ੍ਹ ਦੇ ਐੱਸਐੱਸਪੀ ਸੁਮੇਧ ਸਿੰਘ ਸੈਣੀ ‘ਤੇ ਹੋਏ ਹਮਲੇ ਵਿਚ ਉਸ ਦਾ ਹੱਥ ਦੱਸਿਆ ਗਿਆ ਸੀ।

ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚ 7 ਦਿਨਾਂ ਤੱਕ ਟਾਰਚਰ ਕਰਨ ਤੋਂ ਬਾਅਦ ਬਲਵੰਤ ਸਿੰਘ ਨੂੰ ਕਾਦੀਆਂ (ਗੁਰਦਾਸਪੁਰ) ਥਾਣੇ ਲਿਜਾਇਆ ਗਿਆ ਅਤੇ ਉੱਥੇ ਉਸ ਨੂੰ ਫਰਾਰ ਘੋਸ਼ਿਤ ਕਰਕੇ ਉਸ ਖਿਲਾਫ਼ ਇੱਕ ਹੋਰ FIR ਦਰਜ ਕੀਤੀ ਗਈ।

ਦਸੰਬਰ, 1991 ਵਿੱਚ ਬਲਵੰਤ ਸਿੰਘ ਦੇ ਪਿਤਾ ਅਤੇ ਆਈਏਐੱਸ ਅਫ਼ਸਰ ਦਰਸ਼ਨ ਸਿੰਘ ਮੁਲਤਾਨੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਉਨ੍ਹਾਂ ਦੇ ਬੇਟੇ ਬਲਵੰਤ ਸਿੰਘ ਨੂੰ ਅਦਾਲਤ ‘ਚ ਪੁਲਿਸ ਵੱਲੋਂ ਪੇਸ਼ ਕਰਾਉਣ ਲਈ ਕਿਹਾ, ਪਰ ਅਦਾਲਤ ਨੇ ਇਸ ਦਾਅਵੇ ਦੇ ਆਧਾਰ ‘ਤੇ ਪਟੀਸ਼ਨ ਖਾਰਿਜ ਕਰ ਦਿੱਤੀ ਕਿ ਬਲਵੰਤ ਸਿੰਘ ਪੁਲਿਸ ਹਿਰਾਸਤ ਤੋਂ ਭੱਜ ਗਿਆ ਸੀ ਅਤੇ ਉਸ ਦੇ ਟਿਕਾਣੇ ਬਾਰੇ ਹੁਣ ਕਿਸੇ ਨੂੰ ਨਹੀਂ ਪਤਾ।

ਪਰਿਵਾਰ ਦਾ ਕਹਿਣਾ ਸੀ ਕਿ ਬਲਵੰਤ ਸਿੰਘ ਦੀ ਪੁਲਿਸ ਤਸ਼ੱਦਦ ਦੌਰਾਨ ਮੌਤ ਹੋਈ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਸਾਲ 2007 ‘ਚ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ। 2008 ‘ਚ ਸੀਬੀਆਈ ਨੇ ਸੁਪਰੀਮ ਕੋਰਟ ‘ਚ ਆਪਣਾ ਹਲਫ਼ਨਾਮਾ ਸੌਂਪਿਆ। ਸੁਪਰੀਮ ਕੋਰਟ ਵਿੱਚ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਸੈਣੀ ਦੇ ਹੱਕ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੈਣੀ ਵਰਗੇ ਇਮਾਨਦਾਰ ਪੁਲਿਸ ਅਧਿਕਾਰੀ ਨੇ ਪੰਜਾਬ ਤੋਂ ਅੱਤਵਾਦ ਖ਼ਤਮ ਕਰਨ ਦੀ ਹਮੇਸ਼ਾ ਕੋਸ਼ਿਸ਼ ਕੀਤੀ ਹੈ।

ਦਸੰਬਰ, 2011 ‘ਚ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦਿੱਤੀ ਅਤੇ ਹਾਈਕੋਰਟ ਦੇ ਆਦੇਸ਼ਾਂ ਨੂੰ ਗ਼ਲਤ ਘੋਸ਼ਿਤ ਕੀਤਾ। ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ‘ਤੇ 7 ਮਈ 2020 ਨੂੰ ਮੁੜ੍ਹ ਤੋਂ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਪਲਵਿੰਦਰ ਸਿੰਘ ਮੁਲਤਾਨੀ ਵੱਲੋਂ ਕੇਸ ਲੜ ਰਹੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਸੈਣੀ ਅਤੇ 7 ਹੋਰਾਂ ਖ਼ਿਲਾਫ਼ ਧਾਰਾ 364, 201, 344, 330 ਅਤੇ 120ਬੀ ਦੇ ਨਾਲ ਅਦਾਲਤ ਦੇ ਹੁਕਮਾਂ ਤੋਂ ਬਾਅਦ ਧਾਰਾ 302 (ਕਤਲ ਦੀ ਧਾਰਾ) ਵੀ ਜੋੜੀ ਗਈ ਹੈ।

ਬਲਵੰਤ ਸਿੰਘ ਮੁਲਤਾਨੀ ਕੌਣ ਸੀ?

ਬਲਵੰਤ ਸਿੰਘ ਮੁਲਤਾਨੀ ਤਤਕਾਲੀ ਆਈਏਐੱਸ ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਸਨ। ਬਲਵੰਤ ਸਿੰਘ ਚੰਡੀਗੜ੍ਹ ਇੰਡਸਟ੍ਰਿਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕੌਰਪੋਰੇਸ਼ਨ (ਸਿਟਕੋ) ਵਿੱਚ ਕੰਮ ਕਰਦੇ ਸਨ।

19 ਸਤੰਬਰ 2007 ਨੂੰ ਲਿਖੀ ਇੱਕ ਰਿਪੋਰਟ ਦੇ ਅਨੁਸਾਰ, ਬਲਵੰਤ ਸਿੰਘ ਨੇ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੋਈ ਸੀ ਅਤੇ ਉਹ ਮਈ, 1989 ਤੋਂ ਚੰਡੀਗੜ੍ਹ ਵਿੱਚ ਹੀ ਸਿਟਕੋ ਵਿੱਚ ਜੂਨੀਅਰ ਇੰਜੀਨੀਅਰ ਵਜੋਂ ਕੰਮ ਕਰ ਰਹੇ ਸਨ। 31 ਦਸੰਬਰ, 1991 ਤੱਕ ਉਨ੍ਹਾਂ ਨੂੰ ਐਸ.ਡੀ.ਓ ਵਜੋਂ ਤਰੱਕੀ ਦਿੱਤੀ ਜਾਣੀ ਸੀ। ਉਨ੍ਹਾਂ ਦਾ ਅਜੇ ਵਿਆਹ ਨਹੀਂ ਹੋਇਆ ਸੀ ਅਤੇ ਹਾਦਸੇ ਵੇਲੇ ਉਹ 28 ਸਾਲਾਂ ਦੇ ਸਨ।

Exit mobile version