The Khalas Tv Blog Punjab ਪੰਜਾਬ ਦੇ ਲੋਕਾਂ ਦੀ ਮੁਸੀਬਤ ਵਧੀ !
Punjab

ਪੰਜਾਬ ਦੇ ਲੋਕਾਂ ਦੀ ਮੁਸੀਬਤ ਵਧੀ !

ਬਿਊਰੋ ਰਿਪੋਰਟ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਗੁੱਸਾ ਸ਼ਾਂਤ ਹੋਣ ਦਾ ਨਾ ਹੀ ਨਹੀਂ ਲੈ ਰਿਹਾ ਹੈ । ਯੂਨੀਅਨ ਨੇ 30 ਜੁਲਾਈ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ । ਇਸ ਤੋਂ ਇਲਾਵਾ 28 ਜੁਲਾਈ ਨੂੰ ਰੂਪਨਗਰ ਵਿੱਚ ਡੀਸੀ ਦਫਤਰ ਦੇ ਬਾਹਰ ਆਪ ਦੇ ਵਿਧਾਇਕ ਦਿਨੇਸ਼ ਚੱਢਾ ਦਾ ਪੁਤਲਾ ਸਾੜਨ ਦਾ ਫੈਸਲਾ ਲਿਆ ਗਿਆ ਹੈ ।

ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ 18 ਜੁਲਾਈ ਨੂੰ ਤਹਿਸੀਲ ਦਫਤਰ ਰੂਪਨਗਰ ਜਾ ਕੇ ਤਹਿਸੀਲ ਵਿੱਚ ਤੈਨਾਤ ਕਰਮਚਾਰੀਆਂ ਨਾਲ ਦੁਰਵਿਵਹਾਰ ਅਤੇ ਕੰਮ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਹੈ । ਇਸ ਤੋਂ ਇਲਾਵਾ ਇਹ ਵੀ ਇਲਜ਼ਾਮ ਹੈ ਕਿ ਅਧਿਕਾਰਾਂ ਤੋਂ ਬਾਹਰ ਜਾ ਕੇ ਚੱਢਾ ਨੇ ਮੁਲਾਜ਼ਮਾਂ ਨੂੰ ਫ਼ੋਨ ਕਰਕੇ ਸਰਕਾਰੀ ਦਫ਼ਤਰੀ ਰਿਕਾਰਡ ਆਪਣੇ ਦਫ਼ਤਰ ਮੰਗਵਾਇਆ ਗਿਆ। ਸਿਰਫ ਇਨ੍ਹਾਂ ਹੀ ਨਹੀਂ ਮੁਲਾਜ਼ਮਾਂ ‘ਤੇ ਬਿਨਾ ਕਿਸੇ ਸਬੂਤਾਂ ਦੇ ਕੁਰੱਪਸ਼ਨ ਦੇ ਇਲਜ਼ਾਮ ਲਗਾ ਕੇ ਸੋਸ਼ਲ ਮੀਡੀਆ ਤੇ ਲਾਈਵ ਕਰਨ ਨਾਲ ਕਰਮਚਾਰੀਆਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਇਆ।

ਹਲਕਾ ਵਿਧਾਇਕ ਵੱਲੋਂ ਕੀਤੇ ਅਜਿਹੇ ਵਤੀਰੇ ਵਿਰੁੱਧ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 24 ਤੋਂ 26 ਜੁਲਾਈ ਤੱਕ ਸੂਬੇ ਦੇ ਡੀ.ਸੀ. ਦਫਤਰਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਮੁਕੰਮਲ ਕਲਮਛੋੜ ਹੜਤਾਲ ਕੀਤੀ ਗਈ । ਬੁੱਧਵਾਰ 26 ਜੁਲਾਈ ਨੂੰ ਮੁਲਾਜ਼ਮਾਂ ਵੱਲੋਂ ਰੂਪਨਗਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਵਿੱਚ ਵੱਡਾ ਇਕੱਠ ਕਰਕੇ ਵਿਧਾਇਕ ਦਿਨੇਸ਼ ਚੱਢਾ ਦਾ ਪੁਤਲਾ ਫੂਕਿਆ ਗਿਆ। ਪਰ ਇਸ ਦੇ ਬਾਵਜੂਦ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਆਪਣੀ ਗਲਤੀ ਦੀ ਮੁਆਫ਼ੀ ਨਹੀਂ ਮੰਗੀ। ਇਸ ਲਈ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਨੇ ਫੈਸਲਾ ਲਿਆ ਹੈ ਕਿ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ, ਐਸ.ਡੀ.ਐਮ ਦਫ਼ਤਰਾਂ, ਤਹਿਸੀਲ ਅਤੇ ਸਬ ਤਹਿਸੀਲ ਦਫ਼ਤਰਾਂ ਵਿੱਚ ਚੱਲ ਰਹੀ ਕਲਮਛੋੜ ਹੜਤਾਲ ਵਿੱਚ ਮਿਤੀ 30-07-2023 ਤੱਕ ਵਾਧਾ ਕਰਦੇ ਹੋਏ ਮਿਤੀ 28-07-2023 ਨੂੰ ਸੂਬੇ ਦੇ ਸਮੂਹ ਜਿਲ੍ਹਿਆਂ ਵਿੱਚ ਹੈੱਡ ਕੁਆਰਟਰਾਂ ਤੇ ਡੀ.ਸੀ. ਦਫ਼ਤਰਾਂ ਦੇ ਬਾਹਰ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੇ ਪੁਤਲੇ ਫੂਕੇ ਜਾਣਗੇ।

ਜੇਕਰ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਨੇ ਜਨਤਕ ਹੋ ਕੇ ਮਾਫ਼ੀ ਨਾ ਮੰਗੀ ਤਾਂ ਮਿਤੀ 30-07-2023 ਨੂੰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਹੜਤਾਲ ਦੌਰਾਨ ਸੂਬੇ ਦੇ ਲੋਕਾਂ ਨੂੰ ਦਫ਼ਤਰੀ ਕੰਮਾਂ ਵਿੱਚ ਹੋਣ ਵਾਲੀ ਪ੍ਰੇਸ਼ਾਨੀ ਦੀ ਸਾਰੀ ਜ਼ਿੰਮੇਵਾਰੀ ਹਲਕਾ ਵਿਧਾਇਕ ਰੂਪਨਗਰ ਦੀ ਹੋਵੇਗੀ।

Exit mobile version