‘ਦ ਖ਼ਾਲਸ ਬਿਊਰੋ : ਪੰਜਾਬ ਚੋਣਾਂ ਲਈ ਕਾਂਗਰਸ ਦੀ ਪਹਿਲੀ ਸੂਚੀ ਨੂੰ ਲੈ ਕੇ ਹਾਲੇ ਵੀ ਸਹਿਮਤੀ ਨਹੀਂ ਬਣ ਸਕੀ। ਇਸੇ ਕਰਕੇ ਹੁਣ ਫਿਰ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਹੋ ਸਕੀ। ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਵੱਲੋਂ ਸੱਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਕਰੀਨਿੰਗ ਕਮੇਟੀ ਵੱਲੋਂ ਤੈਅ ਉਮੀਦਵਾਰਾਂ ਦਾ ਵਿਰੋਧ ਕਰਦੇ ਦਿਸੇ।
ਸੋਨੀਆ ਗਾਂਧੀ ਨੇ ਜਦੋਂ ਸਕਰੀਨਿੰਗ ਕਮੇਟੀ ਦੇ ਨਾਂਅ ਪੜ੍ਹਨੇ ਸ਼ੁਰੂ ਕੀਤੇ ਤਾਂ ਇਹਨਾਂ ਤਿੰਨ ਆਗੂਆਂ ਨੇ ਇਤਰਾਜ਼ ਚੁੱਕਣੇ ਸ਼ੁਰੂ ਕਰ ਦਿੱਤੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੋਨੀਆ ਗਾਂਧੀ ਨੇ ਪੁੱਛਿਆ ਕਿ ਜੇਕਰ ਇਹਨਾਂ ਨੂੰ ਇਤਰਾਜ਼ ਸੀ ਤਾਂ ਫਿਰ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਇਹ ਸੂਚੀ ਫਾਈਨਲ ਕਰ ਕੇ ਸਾਨੂੰ ਕਿਉਂ ਭੇਜੀ। ਉਹਨਾਂ ਜਾਖੜ ਨੂੰ ਕਿਹਾ ਕਿ ਇਹ ਇਤਰਾਜ਼ ਉਠਾਉਣ ਦਾ ਪਲੈਟਫਾਰਮ ਨਹੀਂ ਹੈ। ਸੋਨੀਆ ਗਾਂਧੀ ਨੇ ਇਹਨਾਂ ਆਗੂਆਂ ਨੂੰ ਆਖਿਆ ਕਿ ਉਹ ਸਕਰੀਨਿੰਗ ਕਮੇਟੀ ਦੀ ਮੀਟਿੰਗ ਮੁੜ ਕਰਨ ਅਤੇ ਨਾਂ ਤੈਅ ਕਰ ਕੇ ਲਿਆਉਣ। ਇਹਨਾਂ ਆਗੂਆਂ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਸਕਰੀਨਿੰਗ ਕਮੇਟੀ ਵਿਚ ਇਤਰਾਜ਼ ਚੁੱਕਣ ਲਈ ਮਾਹੌਲ ਢੁੱਕਵਾਂ ਨਹੀਂ ਸੀ।
ਜਦੋਂ ਸੋਨੀਆ ਗਾਂਧੀ ਦੀ ਮੀਟਿੰਗ ਚੱਲ ਰਹੀ ਸੀ ਤਾਂ ਰਾਹੁਲ ਗਾਂਧੀ ਚੁੱਪ-ਚਾਪ ਵੇਖ ਰਹੇ ਸਨ ਪਰ ਅਖੀਰ ਵਿਚ ਉਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਆਗੂ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ, ਜਿਸਨੂੰ ਸੱਤਾ ਵਿਰੋਧੀ ਲਹਿਰ ਦੀ ਮਾਰ ਪਵੇ। ਸਿੱਧੂ ਨੇ ਕਈ ਉਮੀਦਵਾਰਾਂ ’ਤੇ ਇਤਰਾਜ਼ ਚੁੱਕੇ ਜਦੋਂ ਕਿ ਚੰਨੀ ਨੇ ਕਈ ਹੋਰਾਂ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ।