ਬਿਊਰੋ ਰਿਪੋਰਟ (ਚੰਡੀਗੜ੍ਹ, 8 ਦਸੰਬਰ 2025): ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਕਲਹ ਸੋਮਵਾਰ ਨੂੰ ਸਿਖਰ ’ਤੇ ਪਹੁੰਚ ਗਈ, ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਕ੍ਰਿਕੇਟਰ ਅਤੇ ਪਾਰਟੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ (Suspend) ਕਰ ਦਿੱਤਾ।
ਨਵਜੋਤ ਕੌਰ ਸਿੱਧੂ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਰੁਪਏ ਦੇ ਬਿਆਨ ਨੇ ਪਹਿਲਾਂ ਹੀ ਪਾਰਟੀ ਵਿੱਚ ਹੜਕੰਪ ਮਚਾਇਆ ਹੋਇਆ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਨੇ ਇੱਕ ਮੀਡੀਆ ਚੈਨਲ ’ਤੇ ਇਹ ਕਹਿ ਕੇ ਹਾਲਾਤ ਹੋਰ ਵਿਗਾੜ ਦਿੱਤੇ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ 5 ਕਰੋੜ ਰੁਪਏ ਵਿੱਚ ਕੌਂਸਲਰ ਦੀ ਟਿਕਟ ਵੇਚੀ ਹੈ।
ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਅਮਰਿੰਦਰ ਰਾਜਾ ਵੜਿੰਗ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਵਰਗੇ ਨੇਤਾ ਖ਼ੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਇਸੇ ਕਾਰਨ ਉਹ ਕਾਂਗਰਸ ਨੂੰ ਖ਼ਤਮ ਕਰਨ ’ਤੇ ਲੱਗੇ ਹੋਏ ਹਨ। ਇਸੇ ਬਿਆਨਬਾਜ਼ੀ ਤੋਂ ਬਾਅਦ ਦੇਰ ਸ਼ਾਮ ਪਾਰਟੀ ਪ੍ਰਧਾਨ ਵੱਲੋਂ ਡਾ. ਨਵਜੋਤ ਕੌਰ ਨੂੰ ਮੁਅੱਤਲ ਕਰਨ ਦਾ ਫੈਸਲਾ ਸਾਹਮਣੇ ਆ ਗਿਆ।
— Amarinder Singh Raja Warring (@RajaBrar_INC) December 8, 2025
ਸੁਖਜਿੰਦਰ ਰੰਧਾਵਾ ਦਾ ਤਿੱਖਾ ਜਵਾਬ
ਨਵਜੋਤ ਕੌਰ ਸਿੱਧੂ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਦੇ ਪਿਤਾ ਤੱਕ ਦਾ ਜ਼ਿਕਰ ਕਰ ਦਿੱਤਾ।
ਰੰਧਾਵਾ ਨੇ ਨਵਜੋਤ ਕੌਰ ਨੂੰ ਸਵਾਲ ਕੀਤਾ, “ਤੁਹਾਡੇ ਪਤੀ (ਨਵਜੋਤ ਸਿੱਧੂ) ਨੇ ਕਾਂਗਰਸ ਸਰਕਾਰ ਵਿੱਚ ਨੰਬਰ ਦੋ ਦਾ ਮੰਤਰੀ ਬਣਨ ਲਈ ਕਿੰਨੇ ਰੁਪਏ ਦਿੱਤੇ ਸਨ? ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਲਈ ਕਿੰਨੇ ਰੁਪਏ ਦਿੱਤੇ? ਸਿੱਧੂ ਦੇ ਪਿਤਾ ਵੀ ਐਡਵੋਕੇਟ ਜਨਰਲ (ਏ.ਜੀ.) ਬਣੇ ਸਨ, ਕੀ ਉਹ ਵੀ ਪੈਸੇ ਦੇ ਕੇ ਬਣੇ ਸਨ?”
ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨੂੰ ਕਿਸੇ ਵਿਰੋਧੀ ਤੋਂ ਨਹੀਂ, ਸਗੋਂ “ਇਨ੍ਹਾਂ ਵਰਗੇ ਲੋਕਾਂ” ਤੋਂ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਵਰਕਰ ਡੰਡੇ ਖਾਂਦੇ ਰਹੇ, ਪਰ ਜਦੋਂ ਚੋਣਾਂ ਨੇੜੇ ਆਈਆਂ ਤਾਂ ਅਜਿਹੇ ਲੋਕ ਕਲਹ ਪਾਉਣ ਲੱਗ ਪਏ ਹਨ।
ਵਿਰੋਧੀ ਪਾਰਟੀਆਂ ‘ਆਪ’ ਅਤੇ ਭਾਜਪਾ ਇਸ ਅੰਦਰੂਨੀ ਕਲੇਸ਼ ਦਾ ਪੂਰਾ ਫਾਇਦਾ ਲੈ ਰਹੀਆਂ ਹਨ ਅਤੇ ਇਲਜ਼ਾਮ ਲਾ ਰਹੀਆਂ ਹਨ ਕਿ ਇਸ ਨਾਲ ਕਾਂਗਰਸ ਸੰਗਠਨ ਵਿੱਚ ਫੈਲਿਆ ਭ੍ਰਿਸ਼ਟਾਚਾਰ ਸਾਹਮਣੇ ਆ ਗਿਆ ਹੈ।


