The Khalas Tv Blog India ‘ਸ਼ੀਸ਼ ਮਹਿਲ’ ਵਿਵਾਦ ’ਤੇ CM ਮੁੱਖ ਮੰਤਰੀ ਮਾਨ ਦਾ ਭਾਜਪਾ ਨੂੰ ਜਵਾਬ, “ਪਹਿਲਾਂ ਕੈਪਟਨ ਦੀ ਗਰਲਫ੍ਰੈਂਡ ਰਹਿੰਦੀ ਸੀ”
India Punjab

‘ਸ਼ੀਸ਼ ਮਹਿਲ’ ਵਿਵਾਦ ’ਤੇ CM ਮੁੱਖ ਮੰਤਰੀ ਮਾਨ ਦਾ ਭਾਜਪਾ ਨੂੰ ਜਵਾਬ, “ਪਹਿਲਾਂ ਕੈਪਟਨ ਦੀ ਗਰਲਫ੍ਰੈਂਡ ਰਹਿੰਦੀ ਸੀ”

ਬਿਊਰੋ ਰਿਪੋਰਟ (ਚੰਡੀਗੜ੍ਹ, 1 ਨਵੰਬਰ, 2025): ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਭਾਰਤੀ ਜਨਤਾ ਪਾਰਟੀ (BJP) ਦੇ ਉਨ੍ਹਾਂ ਦਾਅਵਿਆਂ ਦਾ ਕਰਾਰਾ ਜਵਾਬ ਦਿੱਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਸੈਕਟਰ 2 ਵਿੱਚ ਇੱਕ ਆਲੀਸ਼ਾਨ ਕੋਠੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ‘ਸ਼ੀਸ਼ ਮਹਿਲ’ ਵਜੋਂ ਬਣਾਈ ਗਈ ਹੈ। ਮੁੱਖ ਮੰਤਰੀ ਮਾਨ ਨੇ ਸਪੱਸ਼ਟ ਕੀਤਾ ਕਿ ਚੰਡੀਗੜ੍ਹ ਦੇ ਸੈਕਟਰ 2 ਵਿੱਚ ਕੋਠੀ ਨੰਬਰ 50 ਮੁੱਖ ਮੰਤਰੀ ਦਾ ਕੈਂਪ ਆਫ਼ਿਸ ਅਤੇ ਗੈਸਟ ਹਾਊਸ ਹੈ, ਅਤੇ ਇਹ ਕੋਠੀ ਨੰਬਰ 45 ਵਿੱਚ ਸਥਿਤ CM ਰਿਹਾਇਸ਼ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਅਲਾਟਮੈਂਟ ਉਨ੍ਹਾਂ ਨੂੰ 16 ਮਾਰਚ 2022 ਨੂੰ ਸਹੁੰ ਚੁੱਕਣ ਦੇ ਦਿਨ ਤੋਂ ਹੀ ਹੋਈ ਹੋਈ ਹੈ। ਉਨ੍ਹਾਂ ਭਾਜਪਾ ‘ਤੇ ‘ਭਰਮ ਪੈਦਾ ਕਰਨ ਵਾਲਾ ਪ੍ਰਚਾਰ’ ਕਰਨ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਭਾਜਪਾ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ, ਇਸ ਲਈ ਉਹ ਅਜਿਹੇ ਮੁੱਦੇ ਉਠਾ ਰਹੀ ਹੈ।

ਮੁੱਖ ਮੰਤਰੀ ਮਾਨ ਨੇ ਆਪਣੇ ਜਵਾਬ ਵਿੱਚ ਸਖ਼ਤ ਪੈਂਤੜਾ ਲੈਂਦਿਆਂ ਕਿਹਾ ਕਿ ਜਿਸ ਘਰ (ਕੋਠੀ ਨੰਬਰ 45) ਵਿੱਚ ਉਹ ਖੁਦ ਰਹਿ ਰਹੇ ਹਨ, ਉਸ ਵਿੱਚ ਪਹਿਲਾਂ ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਰਲਫ੍ਰੈਂਡ ਅਰੂਸਾ ਆਲਮ ਰਹਿੰਦੀ ਸੀ। ਉਨ੍ਹਾਂ ਭਾਜਪਾ ਨੂੰ ਸਿੱਧਾ ਸਵਾਲ ਕੀਤਾ: “ਕੀ ਭਾਜਪਾ ਵਾਲੇ ਇਹ ਦੱਸ ਸਕਦੇ ਹਨ ਕਿ ਜਦੋਂ ਇੱਕ ਵਿਦੇਸ਼ੀ ਮਹਿਮਾਨ, ਉਹ ਵੀ ਉਸ ਦੇਸ਼ ਦੀ ਜੋ ਸਾਡੇ ਦੇਸ਼ ਲਈ ਖ਼ਤਰਾ ਪੈਦਾ ਕਰ ਚੁੱਕਾ ਹੈ, ਉੱਥੋਂ ਦੀ ਡਿਫੈਂਸ ਪੱਤਰਕਾਰ, ਕੀ ਉਹ ‘ਸ਼ੀਸ਼ ਮਹਿਲ’ ਵਿੱਚ ਨਹੀਂ ਰਹਿੰਦੀ ਰਹੀ? ਤਦ ਕਿਸੇ ਨੇ ਇਹ ਗੱਲ ਕਿਉਂ ਨਹੀਂ ਉਠਾਈ?” ਉਨ੍ਹਾਂ ਇਹ ਵੀ ਦੱਸਿਆ ਕਿ ਸੈਕਟਰ 2 ਵਿੱਚ ਸਾਰੀਆਂ ਕੋਠੀਆਂ ਇੱਕੋ ਨਕਸ਼ੇ ‘ਤੇ ਬਣੀਆਂ ਹਨ ਅਤੇ ਇਸੇ ਤਰ੍ਹਾਂ ਦੀਆਂ ਕੋਠੀਆਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਵੀ ਰਹਿੰਦੇ ਹਨ, ਜਿੱਥੇ ਭਾਜਪਾ ਦੀ ਸਰਕਾਰ ਹੈ।

ਮੁੱਖ ਮੰਤਰੀ ਨੇ ‘ਸ਼ੀਸ਼ ਮਹਿਲ’ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਜੇਕਰ ਅਸਲ ਵਿੱਚ ‘ਸ਼ੀਸ਼ ਮਹਿਲ’ ਦੇਖਣੇ ਹਨ ਤਾਂ ਉਨ੍ਹਾਂ ਦਾ ਐਡਰੈੱਸ ਉਹ ਖੁਦ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸਲੀ ਸ਼ੀਸ਼ ਮਹਿਲ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਵਿੱਚ ਬਣਿਆ ਮਹਿਲ ਅਤੇ ਸੁਖਬੀਰ ਬਾਦਲ ਦਾ ਸੁਖਵਿਲਾਸ ਰਿਜ਼ੋਰਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਉਹ ਨੇਤਾ ਹਨ ਜੋ ਸਰਕਾਰੀ ਰਿਹਾਇਸ਼ਾਂ ਨੂੰ ‘ਸਰਵੈਂਟ ਕੁਆਰਟਰ’ ਕਹਿ ਕੇ ਇੱਥੇ ਨਹੀਂ ਰਹਿੰਦੇ ਸਨ। ਉਨ੍ਹਾਂ ਨੇ ਭਾਜਪਾ ਦੇ ਦਿੱਲੀ ਦਫ਼ਤਰ ਨੂੰ ’11 ਸਟਾਰ ਦੇ ਬਰਾਬਰ ਸ਼ੀਸ਼ ਮਹਿਲ’ ਕਰਾਰ ਦਿੱਤਾ ਅਤੇ ਕਿਹਾ ਕਿ ਆਮ ਲੋਕਾਂ ਦਾ ਕੋਈ ਬੰਦਾ ਜਿੱਤ ਕੇ ਸਰਕਾਰੀ ਰਿਹਾਇਸ਼ ਵਿੱਚ ਰਹਿਣ ਲੱਗੇ ਤਾਂ ਭਾਜਪਾ ਨੂੰ ਉਹ ‘ਸ਼ੀਸ਼ ਮਹਿਲ’ ਲੱਗਦਾ ਹੈ, ਜੋ ਕਿ ਬਹੁਤ ਹੀ ‘ਘਟੀਆ ਹਰਕਤ’ ਹੈ।

ਇਸ ਤੋਂ ਇਲਾਵਾ, ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਲੇਕ ਦੇ ਸਾਹਮਣੇ ਮੁੱਖ ਮੰਤਰੀ ਪੂਲ ਦੇ ਇੱਕ ਘਰ ‘ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਖਾਲੀ ਕਰਵਾ ਕੇ ਗੈਸਟ ਹਾਊਸ ਬਣਾਉਣ ਲਈ ਉਹ ਕਈ ਵਾਰ ਰਾਜਪਾਲ ਨੂੰ ਲਿਖ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਭਾਜਪਾ ਦੇ ਪ੍ਰਚਾਰ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ।

ਦਰਅਸਲ ਸ਼ੁੱਕਰਵਾਰ (31 ਅਕਤੂਬਰ) ਨੂੰ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਟਵੀਟ ਕਰਕੇ ਕਿਹਾ ਸੀ ਕਿ ਚੰਡੀਗੜ੍ਹ ਵਿੱਚ ਸਿਰਫ਼ ਕੇਜਰੀਵਾਲ ਲਈ ਹੀ ਨਹੀਂ, ਸਗੋਂ ਕਈ ਹੋਰ ਮੰਤਰੀਆਂ, ਜਿਵੇਂ ਕਿ ਮਨੀਸ਼ ਸਿਸੋਦੀਆ (ਬੰਗਲਾ ਨੰਬਰ 960) ਅਤੇ ਸਤਿੰਦਰ ਜੈਨ (ਬੰਗਲਾ ਨੰਬਰ 926) ਨੂੰ ਵੀ ਸੈਕਟਰ 39 ਵਿੱਚ ਵੱਡੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਗਈਆਂ ਹਨ। ਮਾਲੀਵਾਲ ਨੇ ਇਨ੍ਹਾਂ ਨੂੰ ‘ਅਵੈਧ ਕਬਜ਼ਾ’ ਦੱਸਿਆ। 

 

Exit mobile version