The Khalas Tv Blog Punjab …ਤੇ ਅੰਤ ਨੂੰ ਚੰਨੀ ਨੇ ਖੋਲ੍ਹ ਦਿੱਤਾ ਪੰਜਾਬੀਆਂ ਲਈ ਵੱਡਾ ਪਿਟਾਰਾ
Punjab

…ਤੇ ਅੰਤ ਨੂੰ ਚੰਨੀ ਨੇ ਖੋਲ੍ਹ ਦਿੱਤਾ ਪੰਜਾਬੀਆਂ ਲਈ ਵੱਡਾ ਪਿਟਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਤੋਂ ਪੰਜਾਬ ਵਿੱਚ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਸਸਤੀ ਕਰ ਦਿੱਤੀ ਗਈ ਹੈ ਅਤੇ ਮੁਲਾਜ਼ਮਾਂ ਨੂੰ 11 ਫੀਸਦੀ ਮਹਿੰਗਾਈ ਭੱਤਾ ਮਿਲਣਾ ਸ਼ੁਰੂ ਹੋ ਜਾਵੇਗਾ। ਸਰਕਾਰ ਉੱਤੇ ਮਹਿੰਗਾਈ ਭੱਤੇ ਦਾ 440 ਕਰੋੜ ਰੁਪਏ ਦਾ ਵਿੱਤੀ ਬੋਝ ਵੱਧ ਜਾਵੇਗਾ। ਮੁੱਖ ਮੰਤਰੀ ਨੇ ਵਿਸ਼ੇਸ਼ ਵਰਗ ਦੇ ਲੋਕਾਂ ਸਮੇਤ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਜਾਰੀ ਰੱਖੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ 2 ਕਿਲੋਵਾਟ ਤੱਕ ਦੇ ਗਾਹਕਾਂ ਦੀ ਬਕਾਇਆ ਰਾਸ਼ੀ ਮੁਆਫ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਿਜਲੀ ਸਸਤੀ ਕਰਨ ਦਾ ਫੈਸਲਾ ਪੰਜਾਬ ਵਾਸੀਆਂ ਦੀ ਨਬਜ਼ ਟੋਹਣ ਤੋਂ ਬਾਅਦ ਲਿਆ ਹੈ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਅੱਜ ਉਹ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਮੁੱਖ ਮੰਤਰੀ ਦੇ ਕਹਿਣ ਮੁਤਾਬਕ ਅੱਜ ਤੋਂ 100 ਯੂਨਿਟ ਤੱਕ ਬਿਜਲੀ ਇੱਕ ਰੁਪਏ 19 ਪੈਸੇ ਪ੍ਰਤੀ ਯੂਨਿਟ ਮਿਲਣੀ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਦਰ 4 ਰੁਪਏ 19 ਪੈਸੇ ਸੀ। 300 ਯੂਨਿਟ ਤੱਕ ਬਿਜਲੀ ਜਿਹੜੀ 31 ਅਕਤੂਬਰ ਤੱਕ 7 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ, ਅੱਜ ਤੋਂ 4 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। 300 ਯੂਨਿਟ ਤੋਂ ਉੱਪਰ ਬਿਜਲੀ ਪੰਜ ਰੁਪਏ 70 ਪੈਸੇ ਪ੍ਰਤੀ ਦਰ ਨਾਲ ਮਿਲਣ ਲੱਗ ਪਵੇਗੀ ਜਦੋਂ ਕਿ ਇਹ ਲੰਘੇ ਕੱਲ੍ਹ ਤੱਕ ਅੱਠ ਰੁਪਏ 70 ਪੈਸੇ ਨੂੰ ਵੇਚੀ ਜਾ ਰਹੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੇ ਭਾਅ ‘ਤੇ ਲੈਣੀ ਬੰਦ ਕਰ ਦਿੱਤੀ ਹੈ, ਜਿਸ ਕਰਕੇ ਰੇਟ ਘਟਾ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਛੇ ਰੁਪਏ 70 ਪੈਸੇ ਪ੍ਰਤੀ ਯੂਨਿਟ ਔਸਤਨ ਨਾਲ ਖਰੀਦੀ ਜਾ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਤੋਂ ਬਿਜਲੀ ਲੈਣ ਦਾ ਸਮਝੌਤਾ ਰੱਦ ਕਰ ਦਿੱਤਾ ਗਿਆ ਹੈ ਅਤੇ ਰਹਿੰਦੇ ਤਿੰਨ ਥਰਮਲ ਪਲਾਂਟਾਂ ਦੇ ਸਮਝੌਤੇ ਰੱਦ ਕਰਨ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਵਾਏ ਸਰਵੇ ਤੋਂ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਲੋਕ ਮੁਫਤ ਬਿਜਲੀ ਨਹੀਂ ਚਾਹੁੰਦੇ ਸਗੋਂ ਉਹ ਚਾਹੁੰਦੇ ਹਨ ਕਿ ਬਿਜਲੀ ਨਿਰਵਿਘਨ ਲੋੜ ਅਨੁਸਾਰ ਸਪਲਾਈ ਮਿਲਦੀ ਰਹੇ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਵਰਗਾਂ ਨੂੰ ਪਹਿਲਾਂ 200 ਯੂਨਿਟ ਤੱਕ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ ਸੀ, ਉਹ ਜਾਰੀ ਰਹੇਗੀ ਅਤੇ ਇਸ ਤੋਂ ਵੱਧ ਯੂਨਿਟ ਨੂੰ 100 ਰੁਪਏ ਭਾਵ 1 ਰੁਪਏ 19 ਪੈਸੇ ਨਾਲ ਕੈਲਕੂਲੇਟ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਪੰਜਾਬ ਵਿੱਚ ਬਿਜਲੀ ਦੇ ਨਿਰਧਾਰਿਤ ਕੀਤੇ ਰੇਟਾਂ ਨਾਲ ਦਿੱਲੀ ਦੀਆਂ ਦਰਾਂ ਦਾ ਮੁਕਾਬਲਤਨ ਅਧਿਐਨ ਕਰਨ ਤੋਂ ਬਾਅਦ ਕਿਹਾ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਬਿਜਲੀ ਮੁਫਤ ਦੇਣ ਦਾ ਡਰਾਮਾ ਨਹੀਂ ਕੀਤਾ ਜਾ ਰਿਹਾ ਸਗੋਂ ਸਰਕਾਰ ਸੱਚਮੁੱਚ ਗੰਭੀਰ ਹੈ। ਉਨ੍ਹਾਂ ਨੇ ਦਿੱਲੀ ਸਰਕਾਰ ਵੱਲੋਂ 200 ਮੁਫਤ ਯੂਨਿਟਾਂ ਤੋਂ ਬਾਅਦ ਬਿਜਲੀ ਮੁੱਲ ਵੇਚਣ ਦੇ ਫੈਸਲੇ ਨੂੰ ਮਜ਼ਾਕ ਕਰਾਰ ਦਿੱਤਾ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਲੋਕਾਂ ਦੀਆਂ ਭਾਵਨਾਵਾਂ ਦਾ ਪਤਾ ਲਾਉਂਦੀ ਹੈ ਅਤੇ ਸਰਕਾਰ ਜਿਹੜਾ ਵੀ ਫੈਸਲਾ ਲੈਣ ਲੱਗੀ ਹੈ, ਉਹ ਉਸੇ ਦਿਨ ਤੋਂ ਲਾਗੂ ਕੀਤਾ ਜਾਣ ਲੱਗਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀਆਂ ਰਿਆਇਤਾਂ ਨੂੰ ਚੋਣ ਚੋਗਾ ਨਾ ਸਮਝਣ ਦੀ ਅਪੀਲ ਵੀ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਅੱਜ ਪਹਿਲਾਂ ਨਾਲੋਂ ਵੱਧ ਕਾਨਫੀਡੈਂਟ ਨਜ਼ਰ ਆ ਰਹੇ ਸਨ, ਨੇ ਕਿਹਾ ਕਿ ਮਹਿੰਗਾਈ ਭੱਤੇ ਦੇ ਫੈਸਲੇ ਨਾਲ ਮੁਲਾਜ਼ਮ ਬਾਗੋ-ਬਾਗ ਹੋ ਗਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਲਾਜ਼ਮਾਂ ਨੇ ਆਪਣਾ ਸੰਘਰਸ਼ ਵਾਪਸ ਲੈਣ ਲਈ ਵੀ ਰਜ਼ਾਮੰਦੀ ਦੇ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਇੱਕੋ ਵਾਰ ਵਿੱਚ ਮੁਲਾਜ਼ਮਾਂ ਦੇ ਡੀਏ ਵਿੱਚ 11 ਫੀਸਦ ਵਾਧਾ ਕੀਤਾ ਗਿਆ ਹੈ। ਵਾਧਾ ਪਹਿਲੀ ਜੁਲਾਈ ਤੋਂ ਮੰਨਿਆ ਜਾਵੇਗਾ। ਉਂਝ, ਖਬਰ ਪੜ੍ਹੇ ਜਾਣ ਤੱਕ ਮੁਲਾਜ਼ਮਾਂ ਵੱਲੋਂ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਪਹਿਲਾਂ ਹੀ 1 ਨਵੰਬਰ ਨੂੰ ਇਤਿਹਾਸਕ ਐਲਾਨ ਕਰਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਗਰਮਾ-ਗਰਮ ਸਿਆਸਤ ਚੱਲ ਰਹੀ ਸੀ। ਆਮ ਆਦਮੀ ਪਾਰਟੀ ਵੱਲੋਂ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਅਕਾਲੀ ਦਲ 400 ਯੂਨਿਟ ਤੱਕ ਇਸ਼ਾਰਾ ਕਰਨ ਲੱਗਾ ਸੀ ਪਰ ਮੁੱਖ ਮੰਤਰੀ ਨੇ ਇਹ ਕਹਿ ਕੇ ਮਾਮਲੇ ਦਾ ਭੋਗ ਪਾ ਦਿੱਤਾ ਕਿ ਲੋਕ ਮੁਫਤ ਨਹੀਂ, ਟਿਕਾਊ ਬਿਜਲੀ ਚਾਹੁੰਦੇ ਹਨ।

Exit mobile version