The Khalas Tv Blog India ਨਹੀਂ ਹੈ ਪੰਜਾਬ ਕੋਲ ਵਾਧੂ ਪਾਣੀ, ਕਿਸੇ ਹੋਰ ਸੂਬੇ ਨੂੰ ਦੇਣ ਦਾ ਸਵਾਲ ਹੀ ਨਹੀਂ ਉੱਠਦਾ : CM ਮਾਨ
India Punjab

ਨਹੀਂ ਹੈ ਪੰਜਾਬ ਕੋਲ ਵਾਧੂ ਪਾਣੀ, ਕਿਸੇ ਹੋਰ ਸੂਬੇ ਨੂੰ ਦੇਣ ਦਾ ਸਵਾਲ ਹੀ ਨਹੀਂ ਉੱਠਦਾ : CM ਮਾਨ

ਚੰਡੀਗੜ੍ਹ :   ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀਆਂ ਨਹਿਰਾਂ ਵਿੱਚ ਕੋਈ ਵਾਧੂ ਪਾਣੀ ਨਹੀਂ ਹੈ।ਇਸ ਲਈ ਕਿਸੇ ਹੋਰ ਸੂਬੇ ਨੂੰ ਹੋਰ ਨਹਿਰੀ ਪਾਣੀ ਦੇਣ ਦਾ ਸਵਾਲ ਹੀ ਨਹੀਂ ਉਠਦਾ।
ਮਾਨ ਅੱਜ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਨੂੰ ਦਿੱਤੇ ਗਏ ਹਾਈਟੈਕ ਵਾਹਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।

ਉਹਨਾਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਕਿ ਰਾਜਸਥਾਨ ਨੂੰ ਜਾਂਦੀ ਇੰਦਰਾ ਗਾਂਧੀ ਨਹਿਰ ਰਾਹੀਂ ਪੰਜਾਬ ਦਾ 18000 ਕਿਊਸਿਕ ਪਾਣੀ ਰਾਜਸਥਾਨ ਜਾਂਦਾ ਹੈ ਪਰ ਹੁਣ ਜਦੋਂ ਰਾਜਸਥਾਨ ਸਰਕਾਰ ਨੇ ਰਿਪੇਅਰ ਕਰਨ ਲਈ ਨਹਿਰ ਨੂੰ ਬੰਦ ਕੀਤਾ ਹੋਇਆ ਹੈ ਤਾਂ ਹੁਣ ਇਸ ਦੇ ਕੋਲੋਂ ਲੰਘਦੀ ਸਰਹਿੰਦ ਫੀਡਰ ( 5200 ਕਿਊਸਿਕ ਪਾਣੀ ) ਤੋਂ ਪਾਣੀ ਮੰਗਿਆ ਜਾ ਰਿਹਾ ਹੈ,ਜੋ ਕਿ ਪੰਜਾਬ ਬਿਲਕੁਲ ਵੀ ਦੇਣ ਤੋਂ ਅਸਮਰਥ ਹੈ ਕਿਉਂਕਿ ਮਾਲਵਾ ਪੱਟੀ ਵਿੱਚ ਇਸ ਨਹਿਰ ਰਾਹੀਂ ਪਾਣੀ ਪਹੁੰਚਦਾ ਹੈ।

ਦੱਸਣਯੋਗ ਹੈ ਕਿ ਰਾਜਸਥਾਨ ਵਲੋਂ ਪੰਜਾਬ ਦੀ ਨਹਿਰਾਂ ਤੋਂ ਪਾਣੀ ਦੀ ਮੰਗੇ ਕੀਤੇ ਜਾਣ ਦੀਆਂ ਖ਼ਬਰਾਂ ਕਾਫ਼ੀ ਚਰਚਾ ਵਿੱਚ ਹਨ। ਜ਼ੀਰਾ ਮੋਰਚੇ ਲਈ ਲਗਾਤਾਰ ਆਵਾਜ਼ ਬੁਲੰਦ ਕਰਨ ਵਾਲੇ ਟਵੀਟਰ ਅਕਾਊਂਟ ਟਰੈਟਕਟਰ ਟੂ ਟਵੀਟਰ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਬਚੇ ਹੋਏ ਪਾਣੀਆਂ ਨੂੰ ਰਾਜਸਥਾਨ ਨੂੰ ਦੇਣ ਦੀ ਤਿਆਰੀ ਕਰ ਲਈ ਹੈ। ਆਪਣੇ ਇਸ ਦਾਅਵੇ ਨੂੰ ਪੁਖਤਾ ਕਰਨ ਦੇ ਲਈ ਉਹਨਾਂ ਰਾਜਸਥਾਨ ਦੀਆਂ ਅਖ਼ਬਾਰਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ,ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਰਾਜਸਥਾਨ ਨੂੰ ਹੋਰ ਪਾਣੀ ਦੇਣ ਨੂੰ ਤਿਆਰ ਹੈ।

ਇਸ ਟਵੀਟ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਰੀਟਵੀਟ ਕੀਤਾ ਸੀ ਤੇ ਪੰਜਾਬ ਸਰਕਾਰ ਕੋਲੋਂ ਇਸ ਸੰਬੰਧ ਵਿੱਚ ਸਪਸ਼ਟੀਕਰਨ ਮੰਗਿਆ ਸੀ। ਉਹਨਾਂ ਸਵਾਲ ਕੀਤਾ ਹੈ ਕਿ ਰਾਜਸਥਾਨ ਨੂੰ ਹੋਰ ਪਾਣੀ ਦੇਣ ਲਈ ਰਾਜ਼ੀ ਹੋਣ ਦੀਆਂ ਖ਼ਬਰਾਂ ਉਥੋਂ ਦੀਆਂ ਅਖ਼ਬਾਰਾਂ ਵਿੱਚ ਛਪੀਆਂ ਹਨ,ਕਿ ਇਹ ਸੱਚ ਹੈ ? ਕੁਝ ਦਿਨ ਪਹਿਲਾਂ ਬਠਿੰਡਾ ਵਿੱਚ ਰਾਜਸਥਾਨ ਦੇ ਇੱਕ ਐਮਪੀ ਦੇ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਤੋਂ ਬਾਅਦ ਅਜਿਹੀ ਖਬਰ ਸਾਹਮਣੇ ਆਈ ਹੈ ।

Exit mobile version