The Khalas Tv Blog Punjab ਪੰਜਾਬ ਕੈਬਨਿਟ : ਸੀਐੱਮ ਚੰਨੀ ਦਾ ਤੋਹਫ਼ਾ, ਹੋ ਗਏ ਬਿੱਲ ਮੁਆਫ਼
Punjab

ਪੰਜਾਬ ਕੈਬਨਿਟ : ਸੀਐੱਮ ਚੰਨੀ ਦਾ ਤੋਹਫ਼ਾ, ਹੋ ਗਏ ਬਿੱਲ ਮੁਆਫ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਰੇ ਚੈਨਲ, ਹਰੇਕ ਅਖ਼ਬਾਰ ਆਪਣੇ ਇੱਕ ਬੰਦੇ ਦਾ ਨਾਂ ਮੈਨੂੰ ਦੱਸਣ ਜੋ ਸਕੱਤਰੇਤ ਵਿੱਚ ਆਉਣਾ ਚਾਹੁੰਦਾ ਹੈ, ਅਸੀਂ ਉਸਦੇ ਪਾਸ ਜਾਰੀ ਕਰ ਦਿਆਂਗੇ, ਉਸਨੂੰ ਕੋਈ ਨਹੀਂ ਰੋਕੇਗਾ। ਜੇ ਤੁਸੀਂ ਮੇਰੇ ਦਫ਼ਤਰ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਸਾਰੇ ਅਸੈੱਸ ਮੁਫ਼ਤ ਕਰ ਦਿਆਂਗਾ। ਚੰਨੀ ਨੇ ਮੀਡੀਆ ਦੇ ਤਿੰਨ-ਚਾਰ ਬੰਦਿਆਂ ਨੂੰ ਉਨ੍ਹਾਂ ਦੇ ਨਾਲ ਮੀਟਿੰਗ ਦਾ ਸੱਦਾ ਦਿੰਦਿਆਂ ਕਿਹਾ ਕਿ ਜੋ ਮੀਡੀਆ ਕਰਮੀ ਚਾਹੁੰਦੇ ਹਨ, ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਦਰਅਸਲ, ਚੰਨੀ ਦੀ ਪ੍ਰੈੱਸ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸੀਐੱਮ ਦਫ਼ਤਰ, ਸਕੱਤਰੇਤ ਤੱਕ ਜਾਣ ਲਈ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਸੀ।

ਚੰਨੀ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਦੀ ਬਹੁਤ ਵੱਡੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਅਸੀਂ ਕੈਬਨਿਟ ਵਿੱਚ ਥੋੜ੍ਹਾ-ਥੋੜ੍ਹਾ ਕਰਕੇ ਰਾਹਤ ਦੇਵਾਂਗੇ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਦੇ ਬਿੱਲ ਨਾ ਭਰਨ ਕਾਰਨ ਮੀਟਰ ਕੱਟੇ ਗਏ ਹਨ। 58 ਹਜ਼ਾਰ ਤੋਂ ਵੱਧ ਲੋਕਾਂ ਦੇ ਮੀਟਰ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ 2 ਕਿਲੋਵਾਟ ਤੱਕ ਖਪਤਕਾਰ 53 ਹਜ਼ਾਰ ਲੋਕ ਹਨ। ਮੰਤਰੀ ਮੰਡਲ ਵਿੱਚ ਫੈਸਲਾ ਕੀਤਾ ਗਿਆ ਹੈ ਕਿ 2 ਕਿਲੋਵਾਟ ਸਮਰੱਥਾ ਵਾਲਿਆਂ ਦਾ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤਾ ਜਾਵੇਗਾ। ਕੱਟੇ ਗਏ ਕੁਨੈਕਸ਼ਨ ਮੁੜ ਬਹਾਲ ਕੀਤੇ ਜਾਣਗੇ।

2 ਕਿਲੋਵਾਟ ਤੱਕ ਖਪਤਕਾਰਾਂ ਦਾ ਪਿਛਲੇ ਬਿੱਲ ਵਿੱਚ ਜਿੰਨਾ ਵੀ ਬਕਾਇਆ ਖੜ੍ਹਾ ਹੈ, ਉਹ ਸਾਰਾ ਪੰਜਾਬ ਸਰਕਾਰ ਭਰੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਮੀਟਰ ਕੱਟੇ ਗਏ ਹਨ ਉਹ ਮੁੜ ਜੋੜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋੜਨ ਦੀ ਵੀ ਕੋਈ ਫੀਸ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉੱਤੇ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬੋਝ ਸਰਕਾਰ ਉੱਤੇ ਪਵੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਜਿਨ੍ਹਾਂ ਦਾ ਬਕਾਇਆ ਖੜ੍ਹਾ ਹੈ, ਉਹ ਮੁਆਫ ਹੋਵੇਗਾ। 

ਇਸ ਨਾਲ ਸਰਕਾਰ ‘ਤੇ 1200 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਬਿਜਲੀ ਸਸਤੀ ਕਰਨ ‘ਤੇ ਵੀ ਜਲਦ ਫੈਸਲਾ ਲਿਆ ਜਾਵੇਗਾ। ਇਸ ਸਬੰਧੀ ਅਗਲੇ 2-3 ਦਿਨਾਂ ਵਿੱਚ ਫੈਸਲਾ ਲਿਆ ਜਾਵੇਗਾ।

ਚੰਨੀ ਨੇ ਕਿਹਾ ਕਿ ਅਸੀਂ ਹਰ ਬਲਾਕ, ਤਹਿਸੀਲ ਪੱਧਰ ‘ਤੇ ਇੱਕ ਕਮੇਟੀ ਬਣਾ ਰਹੇ ਹਾਂ, ਜਿਸਦੇ ਵਿੱਚ ਇੱਕ ਸਰਕਾਰੀ ਨੁਮਾਇੰਦਾ ਅਤੇ ਇੱਕ ਬਿਜਲੀ ਬੋਰਡ ਦਾ ਐੱਸਡੀਓ, ਜੀਈ ਸ਼ਾਮਿਲ ਹੋਣਗੇ, ਉਹ ਵੇਖਣਗੇ ਕਿ 2 ਕਿਲੋਵਾਟ ਦਾ ਜੋ ਲੋਡ ਹੈ, ਉਸ ਤੋਂ ਇੱਕ ਫਾਰਮ ਭਰਵਾਇਆ ਜਾਵੇਗਾ। ਚੰਨੀ ਨੇ ਕਿਹਾ ਕਿ ਰੇਤ ਮਾਫੀਆ ਦਾ ਖਾਤਮਾ ਕੀਤਾ ਜਾਵੇਗਾ। ਮੈਂ ਨਵੀਂ ਪਾਲਿਸੀ ਲੈ ਕੇ ਆ ਰਿਹਾ ਹਾਂ। ਇਸ ਲਈ ਅਸੀਂ ਦਿਨ-ਰਾਤ ਮਿਹਨਤ ਕਰ ਰਹੇ ਹਾਂ।

ਚੰਨੀ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਸਿੱਧੂ ਨੂੰ ਮੈਂ ਗੱਲਬਾਤ ਕਰਨ ਲਈ ਸੱਦਾ ਹੈ। ਅੱਜ ਜਾਂ ਕੱਲ੍ਹ ਸਿੱਧੂ ਦੇ ਨਾਲ ਗੱਲ ਹੋ ਜਾਵੇਗੀ। AG ‘ਤੇ ਉੱਠੇ ਸਵਾਲਾਂ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਜੇ ਕਿਸੇ ਫੈਸਲੇ ਨਾਲ ਗਲਤ ਮੈਸੇਜ ਜਾਂਦਾ ਤਾਂ ਉਸ ਫੈਸਲੇ ਲਈ ਮੈਂ ਬਜ਼ਿੱਦ ਨਹੀਂ ਹਾਂ। ਮੇਰੇ ‘ਤੇ ਕਿਸੇ ਨੂੰ ਸ਼ੱਕੀ ਸੁਭਾਅ ਨਹੀਂ ਹੋਣਾ ਚਾਹੀਦਾ। ਮੈਂ ਪੰਜਾਬ ਦੇ ਮੁੱਦਿਆਂ ਤੋਂ ਨਹੀਂ ਹਟਾਂਗਾ।

Exit mobile version