The Khalas Tv Blog Others …ਤੇ ਆਖ਼ਰ ਵੰਡੇ ਹੀ ਗਏ ਵਜ਼ੀਰਾਂ ਨੂੰ ਮਹਿਕਮੇ
Others

…ਤੇ ਆਖ਼ਰ ਵੰਡੇ ਹੀ ਗਏ ਵਜ਼ੀਰਾਂ ਨੂੰ ਮਹਿਕਮੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੰਤਰੀਆਂ ਨੂੰ ਵੰਡੀਆਂ ਵਜ਼ੀਰੀਆਂ ਨੂੰ ਲੈ ਕੇ ਖੱਟਿਆ ਬਹੁਤਿਆਂ ਨੇ ਹੈ, ਗਵਾਇਆ ਘੱਟ ਨੇ। ਪੁਰਾਣੇ ਵਜ਼ੀਰਾਂ ਵਿੱਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਖੁੱਲ੍ਹਾ ਗੱਫਾ ਮਿਲਿਆ ਹੈ ਜਦੋਂਕਿ ਨਵਿਆਂ ਵਿੱਚੋਂ ਪਰਗਟ ਸਿੰਘ ਸਭ ਤੋਂ ਭਰਵਾਂ ਹੱਥ ਮਾਰ ਗਏ ਹਨ। ਸਭ ਤੋਂ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਨਾ ਖੱਟਿਆ ਨਾ ਗਵਾਇਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਥੋੜ੍ਹਾ ਜਿਹਾ ਖੋਰਾ ਲੱਗਾ ਹੈ ਜਦਕਿ ਅਰੁਣਾ ਚੌਧਰੀ ਮਾਲ ਵਿਭਾਗ ਲੈ ਕੇ ਬਾਗੋ-ਬਾਗ ਨਜ਼ਰ ਆ ਰਹੇ ਹਨ। ਵਜ਼ੀਰੀਆਂ ਦੇਣ ਤੋਂ ਲੈ ਕੇ ਵੰਡਣ ਤੱਕ ਵਾਪਰੇ ਘਟਨਾਕ੍ਰਮ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਰਾਸ਼ ਜ਼ਰੂਰ ਕੀਤਾ  ਹੈ। ਭ੍ਰਿਸ਼ਟਾਚਾਰ ਦੋਸ਼ਾਂ ਕਾਰਨ ਮੰਤਰੀ ਮੰਡਲ ਤੋਂ ਕਈ ਸਾਲ ਪਹਿਲਾਂ ਬਾਹਰ ਕੀਤੇ ਰਾਣਾ ਗੁਰਜੀਤ ਸਿੰਘ ਨੂੰ ਮੁੜ ਵਜ਼ਾਰਤ ਵਿੱਚ ਲੈਣਾ ਉਨ੍ਹਾਂ ਨੂੰ ਗਵਾਰਾ ਨਹੀਂ। ਉਂਝ, ਮੁੱਖ ਮੰਤਰੀ ਦਾ ਨਵਜੋਤ ਸਿੱਧੂ ‘ਤੇ ਗੁਣਾ ਨਾ ਪੈਣਾ ਵੀ ਉਨ੍ਹਾਂ ਦੀ ਚੀਸ ਦੀ ਇੱਕ ਵਜ੍ਹਾ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕੋਲ ਭਾਵੇਂ 14 ਮਹਿਕਮੇ ਰੱਖ ਲਏ ਹਨ ਪਰ ਵਿਜੀਲੈਂਸ ਤੋਂ ਬਿਨਾਂ ਬਾਕੀ ਨਾਂ ਦੇ ਹੀ ਮੰਨੇ ਜਾਂਦੇ ਹਨ।

ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸਭ ਤੋਂ ਪ੍ਰਮੁੱਖ ਗ੍ਰਹਿ ਅਤੇ ਸਹਿਕਾਰਤਾ ਮਹਿਕਮਾ ਦਿੱਤਾ ਗਿਆ ਹੈ। ਜੇਲ੍ਹ ਵਿਭਾਗ ਵੀ ਉਨ੍ਹਾਂ ਕੋਲ ਰਹਿਣ ਦਿੱਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਰੰਧਾਵਾ ਨੂੰ ਦਿੱਤਾ ਮੋਟਾ ਗੱਫ਼ਾ ਵੀ ਕਿਧਰੇ ਨਾ ਕਿਧਰੇ ਮਾਯੂਸ ਕਰਨ ਲੱਗਾ ਹੈ।

ਡਿਪਟੀ ਮੁੱਖ ਮੰਤਰੀ ਓਪੀ ਸੋਨੀ ਮੈਡੀਕਲ ਸਿੱਖਿਆ ਦੀ ਥਾਂ ‘ਤੇ ਸਿਹਤ ਵਿਭਾਗ ਲੈ ਕੇ ਖੁਸ਼ ਨਜ਼ਰ ਆ ਰਹੇ ਹਨ।

ਬ੍ਰਹਮ ਮਹਿੰਦਰਾ ਕੋਲ ਕੈਪਟਨ ਸਰਕਾਰ ਵੇਲੇ ਵੀ ਸਥਾਨਕ ਸਰਕਾਰ ਅਤੇ ਸੰਸਦੀ ਮਾਮਲਿਆਂ ਦਾ ਮਹਿਕਮਾ ਸੀ ਜਿਹੜਾ ਕਿ ਉਨ੍ਹਾਂ ਨੂੰ ਮੋੜ ਦਿੱਤਾ ਗਿਆ ਹੈ।

ਮਨਪ੍ਰੀਤ ਸਿੰਘ ਬਾਦਲ ਫਿਰ ਖ਼ਜ਼ਾਨਾ ਸਾਂਭੀ ਬੈਠਣਗੇ।

ਨਵਜੋਤ ਸਿੰਘ ਸਿੱਧੂ ਦੇ ਰਣਨੀਤੀ ਸਲਾਹਕਾਰ ਮੁਹੰਮਦ ਮੁਸਤਫ਼ਾ ਦੀ ਪਤਨੀ ਰਜੀਆ ਸੁਲਤਾਨਾ ਨੂੰ ਸਮਾਜਿਕ ਸੁਰੱਖਿਆ ਵਿਭਾਗ ਨਾਲ ਸਬਰ ਕਰਨਾ ਪਿਆ ਹੈ।

ਪੁਰਾਣੇ ਮੰਤਰੀਆਂ ਵਿੱਚੋਂ ਵਿਜੈ ਇੰਦਰ ਸਿੰਗਲਾ ਕੋਲ ਲੋਕ ਨਿਰਮਾਣ ਵਿਭਾਗ ਬਚ ਗਿਆ ਹੈ ਜਦੋਂਕਿ ਸਕੂਲ ਸਿੱਖਿਆ ਵਾਪਸ ਲੈ ਲਈ ਗਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਸ਼ਤੇਦਾਰ ਅਰੁਣਾ ਚੌਧਰੀ ਨੂੰ ਮਾਲ ਵਿਭਾਗ ਲੈ ਕੇ ਬਾਗੋ-ਬਾਗ ਹੋ ਗਏ ਹਨ।

ਭਾਰਤ ਭੂਸ਼ਣ ਆਸ਼ੂ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ‘ਤੇ ਕਬਜ਼ਾ ਬਣਾਈ ਰੱਖਣ ਵਿੱਚ ਕਾਮਯਾਬ ਹੋ ਗਏ ਹਨ।

ਸੁਖ ਸਰਕਾਰੀਆ ਨੇ ਵੀ ਪੁਰਾਣਾ ਮਹਿਕਮਾ ਸ਼ਹਿਰੀ ਵਿਕਾਸ ਹੱਥੋਂ ਜਾਣ ਨਹੀਂ ਦਿੱਤਾ।

ਨਵੇਂ ਬਣੇ ਮੰਤਰੀਆਂ ਵਿੱਚੋਂ ਨਵਜੋਤ ਸਿੰਘ ਸਿੱਧੂ ਦੇ ਖ਼ਾਸਮ ਖ਼ਾਸ ਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੂੰ ਚੰਗਾ ਮਾਣ-ਤਾਣ ਦਿੱਤਾ ਗਿਆ ਹੈ। ਉਹ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਖੇਡਾਂ ਸਮੇਤ ਐੱਨਆਰਆਈ ਵਿਭਾਗ ਨੂੰ ਹੱਥ ਮਾਰ ਗਏ ਹਨ।

ਰਾਜ ਕੁਮਾਰ ਵੇਰਕਾ ਦਾ ਵੀ ਮੈਡੀਕਲ ਸਿੱਖਿਆ ਅਤੇ ਖੋਜ ਜਿਹੇ ਮਹਿਕਮੇ ਨੂੰ ਹੱਥ ਪੈ ਗਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਅੱਡੀ-ਚੋਟੀ ਦਾ ਜ਼ੋਰ ਲਾ ਕੇ ਵਜ਼ਾਰਤ ਵਿੱਚ ਐਂਟਰੀ ਦਿਵਾਉਣ ਵਾਲੇ ਰਾਜਾ ਵੜਿੰਗ ਟਰਾਂਸਪੋਰਟ ‘ਤੇ ਕਬਜ਼ਾ ਕਰ ਗਏ ਹਨ।

ਸੰਗਤ ਸਿੰਘ ਗਿਲਜੀਆ ਨੂੰ ਜੰਗਲਾਤ ਵਿਭਾਗ ਮਿਲਿਆ ਹੈ

ਜਦਕਿ ਕੁਲਜੀਤ ਨਾਗਰਾ ਦਾ ਪੱਤਾ ਕੱਟ ਕੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਕਾਕਾ ਰਣਦੀਪ ਸਿੰਘ ਨਾਭਾ ਖੇਤੀਬਾੜੀ ਜਿਹਾ ਅਹਿਮ ਵਿਭਾਗ ਲੈਣ ਵਿੱਚ ਸਫ਼ਲ ਹੋ ਗਏ ਹਨ।

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਦੇ ਹੱਥ ਵੀ ਉਦਯੋਗ ਵਿਭਾਗ ਲੱਗ ਗਿਆ ਹੈ। ਉਨ੍ਹਾਂ ਦੇ ਪਿਤਾ ਤੇਜਪ੍ਰਕਾਸ਼ ਸਿੰਘ ਟਰਾਂਸਪੋਰਟ ਮੰਤਰੀ ਰਹੇ ਹਨ।

ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੂੰ ਰੇਤ ਦੀਆਂ ਖੱਡਾਂ ਲੈ ਬੈਠੀਆਂ ਸਨ, ਨੂੰ ਮੁੱਖ ਮੰਤਰੀ ਵਾਲਾ ਤਕਨੀਕੀ ਸਿੱਖਿਆ ਮਹਿਕਮਾ ਦਿੱਤਾ ਗਿਆ ਹੈ।

ਵਜ਼ੀਰੀਆਂ ਵੰਡਣ ਤੋਂ ਕੁੱਝ ਘੰਟੇ ਬਾਅਦ ਹੀ ਇੰਝ ਲੱਗਦਾ ਜਿਵੇਂ ਮੰਤਰੀਆਂ ਦੀਆਂ ਖੁਸ਼ੀਆਂ ਨੂੰ ਉਦੋਂ ਗ੍ਰਹਿਣ ਲੱਗ ਗਿਆ ਜਦੋਂ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਅਚਾਨਕ ਬੰਬ ਸੁੱਟ ਮਾਰਿਆ।

ਨਵਜੋਤ ਸਿੰਘ ਸਿੱਧੂ ਦੀ ਬਗਾਵਤ ਦੇ ਚੱਲਦਿਆਂ ਹੁਣ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਅਤੇ ਬਾਕੀ ਦੇ 17 ਵਜ਼ੀਰ ਵਜ਼ਾਰਤ ਦਾ ਓਨਾ ਚੰਗੀ ਤਰ੍ਹਾਂ ਅਨੰਦ ਲੈ ਸਕਣਗੇ ਕਿ ਨਹੀਂ, ਇਸ ‘ਤੇ ਸਵਾਲ ਖੜ੍ਹਾ ਹੋ ਰਿਹਾ ਹੈ। ਉਂਝ ਕਿਹਾ ਤਾਂ ਇਹ ਵੀ ਜਾ ਸਕਦਾ ਕਿ ਕਾਂਗਰਸ ਦੇ ਭਵਿੱਖ ‘ਤੇ ਵੀ ਪ੍ਰਸ਼ਨ ਲੱਗਣ ਲੱਗਾ ਹੈ। ਪੰਜਾਬ ਨੂੰ ਹਾਲ ਦੀ ਘੜੀ ‘ਜਿੱਤਣ’ ਦੀ ਕੋਈ ਆਸ ਮੱਧ ਨਜ਼ਰ ਪੈਣ ਲੱਗੀ ਹੈ।

Exit mobile version