The Khalas Tv Blog India ਪੰਜਾਬ ਕੈਬਨਿਟ ਦਾ ਵੱਡਾ ਐਲਾਨ, ਸਾਬਕਾ ਫੌਜੀਆਂ ਲਈ PCS ਦੇ ਇਮਤਿਹਾਨ ਦੇਣ ਦੇ ਮੌਕੇ ਵਧਾਏ
India

ਪੰਜਾਬ ਕੈਬਨਿਟ ਦਾ ਵੱਡਾ ਐਲਾਨ, ਸਾਬਕਾ ਫੌਜੀਆਂ ਲਈ PCS ਦੇ ਇਮਤਿਹਾਨ ਦੇਣ ਦੇ ਮੌਕੇ ਵਧਾਏ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵੀਡੀਓ ਕਾਨਫਰੈਂਸ ਜ਼ਰੀਏ ਕੈਬਨਿਟ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਪਿਛਲੇ ਹਫ਼ਤੇ ਕੀਤੇ ਗਏ ਐਲਾਨ ਬਾਰੇ ਬੋਲਦਿਆਂ ਕਿਹਾ ਕਿ ਪੀ.ਸੀ.ਐਸ. ਬਣਨ ਦੇ ਚਾਹਵਾਨ ਸਾਬਕਾ ਫੌਜੀਆਂ ਲਈ ਮੌਕੇ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝਾ ਮੁਕਾਬਲਾ ਪ੍ਰੀਖਿਆ ਦੇ ਮੌਕਿਆਂ ਦੀ ਗਿਣਤੀ ਜੋ ਕਿ ਪਹਿਲਾਂ ਘੱਟ ਹੁੰਦੀ ਸੀ, ਨੂੰ ਹੁਣ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ ਦਿੱਤੇ ਜਾਂਦੇ ਮੌਕਿਆਂ ਦੇ ਪੈਟਰਨ ਮੁਤਾਬਿਕ ਵਧਾ ਦਿੱਤਾ ਗਿਆ ਹੈ।

ਕੈਪਟਨ ਦੀ ਅਗਵਾਈ ਹੇਠ ਪੰਜਾਬ ਵਜ਼ਾਰਤ ਨੇ ਇਸ ਫੈਂਸਲੇ ਸਬੰਧੀ ਸਾਬਕਾ ਫੌਜੀਆਂ ਲਈ ਭਰਤੀ ਦੇ ਕਾਨੂੰਨ 1982 ਦੇ ਰੂਲ 5 ਦੀ ਕਲਾਜ (1) ਤਹਿਤ ‘ਪੰਜਾਬ ਰਿਕੂਰਟਮੈਂਟ ਆਫ ਐਕਸ ਸਰਵਿਸਮੈਨ ਰੂਲਜ਼, ਵਿੱਚ ਮੌਜੂਦਾ ਉਪਬੰਧਾਂ ‘ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਮੰਨਜ਼ੂਰੀ ਨਾਲ ਜਨਰਲ ਸ਼੍ਰੇਣੀ ਦੇ ਸਾਬਕਾ ਫੌਜੀ ਉਮੀਦਵਾਰਾਂ ਨੂੰ ਮਿੱਥੇ ਗਏ ਸਮੇਂ ਅਨੁਸਾਰ ਜਿੱਥੇ ਚਾਰ ਮੌਕੇ ਮਿਲਦੇ ਸਨ, ਹੁਣ ਉੱਥੇ ਚਾਰ ਦੀ ਬਜਾਏ ਛੇ ਮੌਕੇ ਮਿਲਣਗੇ। ਇਸੇ ਤਰ੍ਹਾਂ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਚਾਰ ਤੋਂ ਵਧਾ ਕੇ 9 ਮੌਕੇ ਕਰ ਦਿੱਤੇ ਗਏ ਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਸਾਬਕਾ ਫੌਜੀ ਉਮੀਦਵਾਰਾਂ ਲਈ ਅਣਗਿਣਤ ਮੌਕੇ ਕਰ ਦਿੱਤੇ ਗਏ ਹਨ।

ਸੂਬਾ ਸਰਕਾਰ ਨੇ ਇਹ ਫੈਂਸਲਾ ਸਾਬਕਾ ਫੌਜੀਆਂ ਦੀ ਭਲਾਈ ਨੂੰ ਵੇਖਦੇ ਹੋਏ ਯੂ.ਪੀ.ਐਸ.ਸੀ. ਦੇ ਪੈਟਰਨ ਮੁਤਾਬਿਕ ਕੀਤਾ ਹੈ। ਜਿਸ ਨਾਲ ਸਾਬਕਾ ਫੌਜੀਆਂ ਦੀ ਭਰਤੀ ਦੇ ਨਿਯਮਾਂ ਵਿਚਲੀ ਤਰੁਟੀ ਦੂਰ ਹੋ ਜਾਵੇਗੀ। ਜਦਕਿ ਮੌਜੂਦਾ ਨਿਯਮਾਂ ਤਹਿਤ ਪੀ.ਸੀ.ਐਸ. ਦੀ ਪ੍ਰੀਖਿਆ ਲਈ ਸਾਰੇ ਵਰਗਾਂ ਦੇ ਸਾਬਕਾ ਫੌਜੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਚਾਰ ਹੀ ਮੌਕੇ ਮਿਲਦੇ ਸਨ।

ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਪਹਿਲਾਂ ਵੀ ਮੁੱਖ ਸਕੱਤਰ ਨੂੰ ਦੱਸਿਆ ਸੀ ਕਿ ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝਾ ਮੁਕਾਬਲਾ ਪ੍ਰੀਖਿਆ ਲਈ ਸਾਬਕਾ ਫੌਜੀਆਂ ਤੇ ਦਿਵਿਆਂਗ ਉਮੀਦਵਾਰਾਂ ਲਈ ਨਿਰਧਾਰਤ ਕੀਤੇ ਮੌਕਿਆਂ ਦੀ ਤਰੁਟੀ ਨੂੰ ਦੂਰ ਕਰਕੇ ਮੌਕੇ ਵਧਾਉਣ ਲਈ ਉਨ੍ਹਾਂ ਕੋਲ ਕਈ ਮੰਗ ਪੱਤਰ ਪਹੁੰਚੇ ਸਨ।

Exit mobile version