The Khalas Tv Blog Punjab ਪੰਜਾਬ 2022: ‘ਕਾਨੂੰਨ ਦੇ ਰਾਜ’ ‘ਤੇ ‘ਗੈਂਗਸਟਰ ਹਾਵੀ’! ‘ਜ਼ਿੰਦਗੀ ਦੀ ਜੰਗ’ ਲਈ 3 ਵੱਡੇ ਮੋਰਚੇ !
Punjab

ਪੰਜਾਬ 2022: ‘ਕਾਨੂੰਨ ਦੇ ਰਾਜ’ ‘ਤੇ ‘ਗੈਂਗਸਟਰ ਹਾਵੀ’! ‘ਜ਼ਿੰਦਗੀ ਦੀ ਜੰਗ’ ਲਈ 3 ਵੱਡੇ ਮੋਰਚੇ !

Punjab big news of 2022

2022 ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

ਬਿਊਰੋ ਰਿਪੋਰਟ : ਸਾਲ 2022 ਪੰਜਾਬ ਵਿੱਚ ਅਪਰਾਧਿਕ ਸਰਗਮੀਆਂ ਲਈ ਯਾਦ ਰੱਖਿਆ ਜਾਵੇਗਾ। ਵੱਡੇ ਕਬੱਡੀ ਖਿਡਾਰੀਆਂ ਦਾ ਸ਼ਰੇਆਮ ਕਤਲ ਕੀਤਾ ਗਿਆ ਤਾਂ ਦੁਨੀਆ ਭਰ ‘ਚ ਮਸ਼ਹੂਰ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਸੱਤ ਸਮੁੰਦਰ ਪਾਰ ਰੱਚੀ ਗਈ । ਮਿਊਜ਼ਿਕ ਸਨਅਤ ਵਿੱਚ ਗੈਂਗਸਟਰਵਾਦ ਕਿਸ ਕਦਰ ਜੜਾਂ ਜਮਾਈ ਬੈਠਾ ਸੀ ਇਸ ਦਾ ਵੀ ਖੁਲਾਸਾ ਹੋਇਆ। ਦਿੱਗਜ ਸਿੰਗਰਾਂ ਦੇ ਘਰ ਇਨਕਮ ਟੈਕਸ ਰੇਡ ਪਈ ਤਾਂ ਕਈਆਂ ਨੂੰ NIA ਦੇ ਗੇੜੇ ਲਾਉਣੇ ਪਏ। ਪੁਲਿਸ ਪੰਜਾਬ ਨੂੰ 2 RPG ਅਟੈਕ ਦੇ ਜ਼ਰੀਏ ਘਰ ਵਿੱਚ ਚੁਣੌਤੀ ਮਿਲੀ ਤਾਂ ਸਰਹੱਦਾਂ ‘ਤੇ ਡਰੋਨ ਦੀ ਹਲਚਲ ਨੇ ਸੁਰੱਖਿਆ ਏਜੰਸੀਆਂ ਦੀ ਨੱਕ ਵਿੱਚ ਦਮ ਕਰਕੇ ਰੱਖਿਆ । ਸਾਲ 2022 ਵਿੱਚ ਵਾਪਰੀਆਂ 23 ਵੱਡੀਆਂ ਖਬਰਾਂ ਬਾਰੇ ਤੁਹਾਨੂੰ ਸਿਲਸਿਲੇਵਾਰ ਦੱਸ ਦੇ ਹਾਂ।

1. ਪੰਜਾਬ ਲਈ 2022 ਵਿੱਚ ਸਭ ਤੋਂ ਵੱਡੀ ਚੁਣੌਤੀ ਬਣ ਕੇ ਆਇਆ RPG ਅਟੈਕ । ਪੰਜਾਬ ਪੁਲਿਸ ‘ਤੇ ਹੀ ਆਰਪੀਜੀ ਨਾਲ ਹਮਲੇ ਕੀਤੇ ਗਏ। ਇੱਕ ਤੋਂ ਬਾਅਦ ਇੱਕ ਹਮਲਾ ਹੋਣ ਨਾਲ ਸਵਾਲ ਕਾਨੂੰਨ ਵਿਵਸਥਾ ‘ਤੇ ਖੜ੍ਹੇ ਹੋਣ ਲੱਗੇ। ਸਭ ਤੋਂ ਪਹਿਲਾਂ 9 ਮਈ ਨੂੰ ਮੁਹਾਲੀ ਸਥਿਤ ਇੰਟੈਲੀਜੇਂਸ ਹੈੱਡਕੁਆਟਰ ‘ਤੇ ਆਰਪੀਜੀ ਨਾਲ ਅਟੈਕ ਕੀਤਾ ਜਾਂਦਾ। ਰਾਹਤ ਦੀ ਗੱਲ ਰਹੀ ਕਿ ਕੋਈ ਜਾਨੀ ਨੂਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਇਹਨਾਂ ਹਮਲਿਆਂ ਦਾ ਸਿਲਸਲਾ ਰੁੱਕ ਦਾ ਨਹੀਂ ਹੈ ਸਾਲ ਖਤਮ ਹੁੰਦੇ ਹੁੰਦੇ ਮੁੜ ਤੋਂ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ਨੂੰ RPG ਹਮਲੇ ਦੇ ਜ਼ਰੀਏ ਨਿਸ਼ਾਨਾ ਬਣਾਇਆ ਗਿਆ। ਠੀਕ ਸੱਤ ਮਹੀਨੇ ਬਾਅਦ 9 ਦਸੰਬਰ ਦੀ ਰਾਤ ਨੂੰ ਸਰਹਾਲੀ ਥਾਣੇ ‘ਤੇ ਆਰਪੀਜੀ ਨਾਲ ਅਟੈਕ ਕੀਤਾ ਜਾਂਦਾ। ਇਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਕਿ ਸਰਹੱਦ ਪਾਰੋਂ 4 ਆਰਪੀਜੀ ਪੰਜਾਬ ਆਏ ਹਨ। ਇਸ ਤੋਂ ਬਾਅਦ 27 ਦਸੰਬਰ ਨੂੰ ਪੁਲਿਸ ਇੱਕ ਲੋਡਡ ਆਰਪੀਜੀ ਬਰਾਮਦ ਕਰਦੀ ਹੈ। ਤੇ ਹੁਣ ਭਾਲ ਚੌਥੇ ਦੀ ਕੀਤੀ ਜਾ ਰਹੀ ਹੈ।

02. ਸਾਲ ਦਾ ਦੂਜੀ ਵੱਡੀ ਅਪਰਾਧਿਕ ਵਾਰਦਾਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਦਾ ਸੀ । 29 ਮਈ ਨੂੰ ਸਿੱਧੂ ਆਪਣੇ ਸਾਥੀਆਂ ਨਾਲ ਮੂਸਾ ਪਿੰਡ ਤੋਂ ਜਵਾਹਰਕੇ ਵੱਲ ਜਾ ਰਿਹਾ ਸੀ ਤਾਂ ਰਸਤੇ ‘ਚ 6 ਸ਼ੂਟਰ ਸਿੱਧੂ ‘ਤੇ ਅਨ੍ਹੇਵਾਹ ਗੋਲੀਆਂ ਚਲਾ ਦਿੰਦੇ ਹਨ। 30 ਗੋਲੀਆਂ ਲੱਗਣ ਨਾਲ ਪੰਜਾਬੀ ਗਾਇਕ ਦੀ ਮੌਤ ਹੋ ਜਾਂਦੀ ਹੈ। ਕਤਲ ਦੀ ਜ਼ਿੰਮੇਵਾਰੀ ਵਿਦੇਸ਼ ‘ਚ ਬੈਠ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਈ ਗਈ। ਲੌਰੇਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਗੈਂਗ ਨੇ ਸ਼ੂਟਰ ਮੁਹੱਈਆ ਕਰਵਾਏ ਤੇ ਉਹਨਾਂ ਦੇ ਰਹਿਣ, ਖਾਣ, ਪੀਣ, ਹਥਿਆਰਾਂ ਸਬੰਧੀ ਮਦਦ ਕੀਤੀ। ਕਤਲ ਤੋਂ ਬਾਅਦ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸੰਕਟ ਦੇ ਬੱਦਲ ਛਾਅ ਗਏ। ਕਿਉਂਕਿ ਵਾਰਦਾਤ ਨੂੰ ਅੰਜਾਮ ਉਦੋਂ ਦਿੱਤਾ ਗਿਆ ਜਦੋਂ ਸਿੱਧੂ ਮੂਸੇਵਾਲਾ ਸਮੇਤ ਕਈ ਲੋਕਾਂ ਦੀ ਸਕਿਉਰਟੀ ਨੂੰ ਹੱਟਾ ਦਿੱਤੀ ਗਿਆ ਜਾਂ ਘੱਟ ਕਰ ਦਿੱਤੀ ਗਈ। ਸਿੱਧੂ ਦੀ ਸੁਰੱਖਿਆ ‘ਚ ਜਿਵੇਂ ਹੀ ਕਟੌਤੀ ਕੀਤੀ ਤਾਂ ਅਗਲੇ ਹੀ ਦਿਨ ਉਸ ਨੂੰ ਟਾਗਰੇਟ ਕਰ ਦਿੱਤਾ ਗਿਆ।

3. ਪੁੱਤ ਸ਼ੁੱਭਦੀਪ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਇਨਸਾਫ਼ ਦੀ ਲੜਾਈ ਲਗਾਤਾਰ ਜਾਰੀ ਹੈ। ਇਨਸਾਫ਼ ਰੈਲੀ ‘ਚ ਹਿੱਸਾ ਲੈਣ ਲਈ ਇਸ ਸਾਲ ਸਿੱਧੂ ਦੇ ਮਾਤਾ ਪਿਤਾ ਇੰਗਲੈਂਡ ਫੇਰੀ ‘ਤੇ ਵੀ ਗਏ। ਵਿਦੇਸ਼ ਜਾਣ ਤੋਂ ਪਹਿਲਾਂ ਸਿੱਧੂ ਪਿਤਾ ਬਲਕੌਰ ਸਿੰਘ ਨੇ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕੀਤੀ। ਪੰਜਾਬੀ ਮਿਊਜਿਕ ਇੰਡਸਟਰੀ ‘ਚ ਲੱਗੀ ਕਥਿਤ ਗੈਂਗਸਟਰਾਂ ਦੀ ਸੰਨ੍ਹ ਬਾਰੇ ਖੁਲਾਸੇ ਕੀਤੇ। ਜਿਸ ਤੋਂ ਬਾਅਦ ਕੇਂਦਰ ਜਾਂਚ ਏਜ਼ਸੀ NIA ਨੇ ਪੰਜਾਬ ‘ਚ ਰੇਡ ਦਾ ਦੌਰ ਸ਼ੁਰੂ ਕੀਤਾ। ਪੰਜਾਬੀ ਗਾਇਕਾਂ ਤੋਂ ਪੁੱਛ ਪੜਾਤ ਵੀ ਕੀਤੀ, ਜਿਹਨਾਂ ਅਫਸਾਨਾ ਖ਼ਾਨ, ਮਨਕੀਤਰ ਔਲਖ, ਬੱਬੂ ਮਾਨ ਵਰਗੇ ਨਾਮੀ ਕਲਾਕਾਰ ਵੀ ਸ਼ਾਮਲ ਹਨ। ਕਤਲਕਾਂਡ ਮਾਮਲੇ ‘ਚ ਪੰਜਾਬ ਪੁਲਿਸ ਦੋ ਚਾਰਜਸ਼ੀਟ ਵੀ ਦਾਇਰ ਕਰ ਚੁੱਕੀ ਹੈ। ਤੇ ਗੋਲਡੀ ਬਰਾੜ ਖਿਲਾਫ਼ ਇਸ ਸਾਲ ਰੈੱਡ ਕੌਰਨਰ ਨੋਟਿਸ ਵੀ ਜਾਰੀ ਕੀਤਾ ਗਿਆ। 2 ਸ਼ੂਟਰਾਂ ਦਾ ਐਨਕਾਉਂਟਰ ਕੀਤਾ ਗਿਆ ਤੇ ਬਾਕੀ ਪੁਲਿਸ ਦੀ ਕਸਟਡੀ ਵਿੱਚ ਹਨ,

4. ਪੰਜਾਬ ਨੂੰ ਅਜਿਹਾ ਝਟਕਾ ਮਾਰਚ ਮਹੀਨੇ ਇੱਕ ਹੋਰ ਲੱਗਦਾ। ਨਕੋਦਰ ‘ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨਕੋਦਰ ਨੇੜੇ ਮੱਲ੍ਹੀਆਂ ਖੁਰੱਦ ਵਿੱਚ ਕੱਬਡੀ ਦਾ ਟੂਰਨਾਮੈਂਟ ਚੱਲ ਰਿਹਾ ਹੁੰਦਾ ਹੈ ਤਾਂ ਸੰਦੀਪ ਅੰਬੀਆਂ ਨੂੰ ਸਨਮਾਨਿਤ ਕਰਨ ਲਈ ਕਬੱਡੀ ਕਮੇਟੀ ਉਸ ਨੂੰ ਮੈਦਾਨ ‘ਚ ਬੁਲਾਉਂਦੀ ਹੈ। ਸਨਮਾਨਿਤ ਹੋਣ ਤੋਂ ਬਾਅਦ ਜਿਵੇਂ ਹੀ ਸੰਦੀਪ ਮੈਦਾਨ ਤੋਂ ਬਾਹਰ ਆ ਰਿਹਾ ਹੁੰਦਾ ਤਾਂ 5 ਸ਼ੂਟਰ ਗੋਲੀਆਂ ਮਾਰ ਕੇ ਸਵੀਫ਼ਟ ਕਾਰ ‘ਚ ਫਰਾਰ ਹੋ ਜਾਂਦੇ ਹਨ। ਇਸ ਕਤਲ ਨੇ ਵੀ ਖੇਡ ਜਗਤ ‘ਚ ਰੋਸ ਫੈਲਾ ਦਿੱਤਾ। ਸਵਾਲ ਉੱਠਣ ਲੱਗੇ ਪੰਜਾਬ ਸਰਕਾਰ ‘ਤੇ ਕਿ, ਕੀ ਹੁਣ ਖੇਡ ਦੇ ਮੈਦਾਨ ਵੀ ਸੁਰੱਖਿਤ ਨਹੀਂ ਹਨ। ਪੰਜਾਬ ਦੀ ਜਵਾਨੀ ਜੇਕਰ ਖੇਡਾਂ ਨਾਲ ਜੁੜਦੀ ਹੈ ਤਾਂ ਉਸ ਨੂੰ ਇਨਾਮ ਵੱਜੋਂ ਗੋਲੀਆਂ ਮਿਲਦੀਆਂ ਹਨ। ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਉਸ ਦੀ ਪਤਨੀ ਆਪਣੇ ਦੋਵੇਂ ਪੁੱਤਰਾਂ ਨੂੰ ਲੈ ਕੇ ਇੰਗਲੈਂਡ ਵਾਪਸ ਚਲੇ ਗਏ। ਤੇ ਵਿਦੇਸ਼ ਦੀ ਧਰਤੀ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ।

5. ਕਲਾਕਾਰਾਂ ਦੀ ਗੱਲ ਹੋਈ ਹੈ ਤਾਂ ਦੀਪ ਸਿੱਧੂ ਨੂੰ ਕਿਵੇਂ ਭੁੱਲਿਆ ਜਾ ਸਕਦਾ। ਹਰਿਆਣਾ ‘ਚ ਦੀਪ ਸਿੱਧੂ ਦੀ ਸਕੌਰਪੀਓ ਗੱਡੀ ਇੱਕ ਖੜੇ ਕੰਟੇਨਰ ਵਿੱਚ ਜਾ ਟਕਰਾਈ। ਜਿਸ ਦੌਰਾਨ ਦੀਪ ਸਦਾ ਲਈ ਅਲਵਿਦਾ ਆਖ ਗਿਆ, ਦੀਪ ਸਿੱਧੂ ਦੀ ਮੌਤ ਸੀ ਜਾਂ ਸਾਜਿਸ਼ ਇਸ ਤੇ ਵੀ ਕਈ ਸਵਾਲ ਖੜੇ ਹੋਏ ਪਰ ਇਹ ਰਾਜ ਹੀ ਰਹਿ ਗਿਆ। ਕਿਉਂਕਿ ਦੀਪ ਸਿੱਧੂ ਦੀ ਗੱਡੀ ‘ਚ ਦੋ ਹੋਰ ਲੋਕ ਬੈਠੇ ਹੁੰਦੇ, ਇੱਕ ਲੜਕਾ ਤੇ ਲੜਕਾ ਜਿਹਨਾਂ ਦੇ ਮਾਮੂਲੀ ਹੀ ਸੱਟਾਂ ਲੱਗੀਆਂ ਸਨ।

6. ਇਸ ਸਾਲ ਦਿਨ ਦਿਹਾੜੇ ਕਤਲ ਦੀਆਂ ਕਈ ਵਾਰਦਾਤਾਂ ਦੇਖਣ ਨੂੰ ਮਿਲੀਆਂ। ਅੰਮ੍ਰਿਤਸਰ ‘ਚ ਸ਼ਿਵ ਸੈਨਾ ਲੀਡਰ ਸੁਧੀਰ ਸੁਰੀ ਦਾ ਕਤਲ ਕਰ ਦਿੱਤਾ ਗਿਆ। ਸੂਰੀ ਗੋਪਾਲ ਮੰਦਰ ਕਮੇਟੀ ਖਿਲਾਫ਼ ਕੂੜੇ ਚੋਂ ਮਿਲੀਆਂ ਖੰਡੀਤ ਮੂਰਤੀਆਂ ਨੂੰ ਲੈ ਕੇ ਵਿਰੋਧ ਕਰ ਰਹੇ ਸਨ ਤਾਂ ਇਸ ਦੌਰਾਨ ਭਾਰੀ ਸੁਰੱਖਿਆ ਵਿਚਾਲੇ ਸੰਦੀਪ ਸਿੰਘ ਨਾਮ ਦੇ ਨੌਜਵਾਨ ਨੇ ਸੁਧੀਰ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਬਾਅਦ ‘ਚ ਪੁਲਿਸ ਸੰਦੀਪ ਨੂੰ ਮੌਕੇ ‘ਤੇ ਹੀ ਫੜ ਲਿਆ ਸੀ।

7. ਇੱਕ ਹਫ਼ਤੇ ਬਾਅਦ ਕੋਟਕਪੁਰਾ ‘ਚ ਡੇਰਾ ਸਿਰਸਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। 10 ਨਵੰਬਰ ਨੂੰ ਸਵੇਰੇ ਤੜਕ ਸਾਰ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਇਸ ਦੌਰਾਨ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ 6 ਸ਼ੂਟਰ ਤਾਬੜਤੋੜ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਡੇਰਾ ਪ੍ਰੇਮੀ ਪ੍ਰਦੀਪ ਬੇਅਦਬੀ ਮਾਮਲੇ ‘ਚ ਮੁਲਜ਼ਮ ਸੀ ਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ ਉਸ ਨੂੰ ਪੁਲਿਸ ਦੀ ਸੁਰੱਖਿਆ ਵੀ ਮਿਲੀ ਹੋਈ ਸੀ। ਇਸ ਕਤਲ ਦੀ ਜਿੰਮੇਵਾਰੀ ਗੋਲਡੀ ਬਰਾੜ ਨੇ ਲਈ ਸੀ। ਕਤਲ ਤੋਂ ਬਾਅਦ 19 ਘੰਟਿਆ ‘ਚ ਦਿੱਲੀ ਪੁਲਿਸ ਨੇ ਪਟਿਆਲਾ ਆ ਕੇ 3 ਸ਼ੂਟਰਾ ਨੂੰ ਕਾਬੂ ਕੀਤਾ ਸੀ। ਬਾਕੀ ਰਹਿੰਦੇ ਪੰਜਾਬ ਪੁਲਿਸ ਨੇ ਫੜ੍ਹੇ ਸਨ।

8. ਇਸ ਸਾਲ ਪੰਜਾਬ ‘ਚ ਗੈਂਗਸਟਰਾਂ ਦਾ ਹੌਂਸਲੇ ਇਸ ਕਦਰ ਬੁਲੰਦ ਸਨ ਕਿ ਸ਼ਰੇਅਮ ਧਮਕੀ ਭਰੀਆਂ ਕਾਲਾਂ ਵੱਡੇ ਵਪਾਰੀਆਂ ਨੂੰ ਆ ਰਹੀਆਂ ਸਨ। ਨਕੋਦਰ ਦੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਤੋਂ 30 ਲੱਖ ਰੁਪਏ ਦੀ ਫਰੌਤੀ ਮੰਗੀ ਜਾਂਦੀ। ਪੈਸੇ ਨਾ ਦੇਣ ‘ਤੇ ਕਤਲ ਕਰਨ ਦੀ ਚੇਤਾਵਨੀ ਦਿੱਤੀ। ਭੁਪਿੰਦਰ ਦੀ ਸ਼ਿਕਾਇਤ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਸੁਰੱਖਿਆ ਲਈ ਇੱਕ ਪੁਲਿਸ ਮੁਲਾਜ਼ਮ ਤਾਇਨਾਤ ਕੀਤਾ। 7 ਦਸੰਬਰ ਰਾਤ ਸਾਢੇ 8 ਵਜੇ ਪੰਜ ਹਮਲਾਵਰਾਂ ਵੱਲੋਂ ਵਪਾਰੀ ਭੁਪਿੰਦਰ ਸਿੰਘ ਤੇ ਸੁਰੱਖਿਆ ‘ਚ ਤਾਇਨਤ ਕਾਂਸਟੇਬਲ ਮਨਦੀਪ ਸਿੰਘ ਦੇ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਹਨ। ਜਿਸ ਦੌਰਾਨ ਭੁਪਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਜਾਂਦੀ ਹੈ ਤੇ ਕਾਂਸਟੇਬਲ ਮਨਦੀਪ ਇਲਾਜ ਦੌਰਾਨ ਮਾਰਿਆ ਜਾਂਦਾ।

9. ਦੁਬਈ ਤੋਂ ਪੰਜਾਬ ਪਰਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਸਿਆਸੀ ਤੇ ਪੰਥਕ ਗਲਿਆਰਾਂ ‘ਚ ਨਵੀਂ ਚਰਚਾ ਛਿੜ ਗਈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੋਂ ਲੈ ਕੇ ਅੰਮ੍ਰਿਤਪਾਨ ਤੱਕ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਨੇ ਬੱਚੇ ਤੋਂ ਬਜ਼ੁਰਗ ਤੱਕ ਦੀ ਜ਼ੁਬਾਨ ‘ਤੇ ਘਰ ਕਰ ਲਿਆ ਸੀ। ਅੰਮ੍ਰਿਤਪਾਲ ਆਪਣੇ ਬਿਆਨਾਂ ਨੂੰ ਲੈ ਕੇ ਵੀ ਕਾਫ਼ੀ ਵਿਵਾਦਾਂ ‘ਚ ਰਹੇ, ਬਾਰ ਬਾਰ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਨਾ ਜਾਂ ਫਿਰ ਨੌਜਵਾਨਾਂ ਨੂੰ ਹਥਿਆਰਬੰਦ ਹੋਣ ਲਈ ਉਤਸ਼ਾਹਿਤ ਕਰਨ ਹੋਵੇ ਜਾਂ ਇਸਾਈ ਧਰਮ ਬਾਰੇ ਵਿਵਾਦਤ ਬਿਆਨ ਦੇਣੇ ਅੰਮ੍ਰਿਤਪਾਲ ਸਿੰਘ ਨਾਲ ਇਹ ਵਿਵਾਦ ਜੁੜਦੇ ਰਹੇ। ਇਸ ਦਾ ਅਸਰ ਪੰਜਾਬ ਦੀ ਸਿਆਸਤ ‘ਤੇ ਵੀ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਨਾਲ ਨਾਲ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। , ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਹਥਿਆਰ ਰੱਖਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਤਾਂ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਸਾਫ਼ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਕੌਪੀ ਕਰਨ ਵਾਲਾ ਸਾਨੂੰ ਮਨਜ਼ੁਰ ਨਹੀਂ। ਹਲਾਂਕਿ ਕਈ ਥਾਵਾਂ ‘ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਨੌਜਵਾਨਾਂ ਨੂੰ ਸਿੱਖੀ ਵਾਲ ਜੋੜਨਾ ਉਸਦਾ ਵਧਦੀਆ ਕਦਮ ਹੈ।

10.ਬੇਅਬਦੀ ਤੇ ਗੋਲੀਕਾਂਡ ‘ਤੇ ਸਿਆਸਤ
ਕਾਨੂੰਨ ਵਿਵਸਥਾ ਦਾ ਮੁੱਦਾ ਪੰਜਾਬ ‘ਚ ਕਾਫ਼ੀ ਲੰਬਾ ਹੈ। ਪਰ ਹੁਣ ਉਸ ਮੁੱਦੇ ਬਾਰੇ ਗੱਲ ਕਰਦੇ ਹਾਂ ਜੋ ਇਸ ਸਾਲ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਫ਼ੀ ਗੰਭੀਰ ਬਣਿਆ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਦਾ ਮੁੱਦਾ ਇਸ ਵਾਰੀ ਵੀ ਇਲੈਕਸ਼ਨਾਂ ‘ਚ ਗੁੰਜਿਆ। ਆਮ ਆਦਮੀ ਪਾਰਟੀ ਨੇ ਪ੍ਰਚਾਰ ਇਸ ਨੂੰ ਆਪਣਾ ਏਜੰਡਾ ਬਣਾਇਆ। ਅਰਵਿੰਦ ਕੇਜਰਵਾਲ ਨੇ ਤਾਂ ਦਾਅਵਾ ਕੀਤਾ ਕਿ ਬੇਅਬਦੀ ਤੇ ਗੋਲੀਕਾਂਡ ਦਾ ਇਨਸਾਫ਼ ਮਾਹਿਜ਼ 24 ਘੰਟਿਆ ‘ਚ ਦਿੱਤਾ ਜਾਵੇਗਾ। ਇਹਨਾ ਦਾਵਿਆ ਸਦਕਾ ਪਾਰਟੀ ਦੀ ਵੱਡੀ ਜਿੱਤ ਹੋਈ, 117 ‘ਚੋਂ 92 ਸੀਟਾਂ ‘ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ। ਹੁਣ ਸਰਕਾਰ ਬਣੀ ਨੂੰ 10 ਮਹੀਨੇ ਹੋ ਗਏ ਇਨਸਾਫ਼ ਕੀਤੇ ਵੀ ਦਿਖਾਈ ਨਹੀਂ ਦੇ ਰਿਹਾ। ਅਜਿਹਾ ਹੀ ਕਾਂਗਰਸ ਨੇ 2017 ਦੀਆਂ ਚੋਣਾਂ ‘ਚ ਕਿਹਾ ਸੀ। ਬੇਅਬਦੀ ਇਨਸਾਫ਼ ਮੋਰਚਾ ਹਾਲੇ ਤੱਕ ਵੀ ਜਾਰੀ ਹੈ।

11. ਬਰਗਾੜੀ ਬੇਅਦਬੀ ਮਾਮਲੇ ‘ਚ ਸਿੱਟ ਨੇ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਪੇਸ਼ ਵੀ ਕੀਤੀ ਸੀ। ਪਰ ਇਸ ਨੂੰ ਪੰਥ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਜਾਂਚ ਟੀਮ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਣੇ ਕਈ ਡੇਰਾ ਪ੍ਰੇਮੀਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਦਾ ਸਾਜ਼ਿਸ਼ਕਰਤਾ ਦੱਸਿਆ ਹੈ। 467 ਪੇਜਾਂ ਦੀ ਇਹ ਰਿਪੋਰਟ ਉਸ ਸਮੇਂ ਜਨਤਕ ਕੀਤੀ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰਿਪੋਰਟ ਸਿੱਖ ਆਗੂਆਂ ਨੂੰ ਸੌਂਪੀ। ਇਨ੍ਹਾਂ ਸਿੱਖ ਆਗੂਆਂ ਦੇ ਵਫਦ ਵਿੱਚ ਮੇਜਰ ਸਿੰਘ ਪੰਡੋਰੀ, ਚਮਕੌਰ ਸਿੰਘ, ਰੇਸ਼ਮ ਸਿੰਘ ਖੁਰਖਰਾਨਾ ਤੇ ਬਲਦੇਵ ਸਿੰਘ ਜੋਗੇਵਾਲ ਆਦਿ ਸ਼ਾਮਲ ਸਨ। ਇਹ ਜਾਂਚ ਟੀਮ ਬੀਤੇ ਸਾਲ 4 ਅਪਰੈਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਗਠਿਤ ਕੀਤੀ ਗਈ ਸੀ।

13. ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪੰਜਾਬ ਤੇ ਪੰਜਾਬ ਦੀ ਸਿਆਸਤ ‘ਚ ਹਰ ਵਾਰ ਚਰਚਾ ‘ਚ ਰਿਹਾ। ਫਿਰ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਵੇ ਜਾਂ ਫਿਰ ਜ਼ਮੀਨੀ ਚੋਣ। ਇਸ ਮਸਲੇ ‘ਤੇ ਸਿਆਸਤ ਵੀ ਖੂਬ ਹੋਈ ਤੇ ਗੱਲ ਸਿਰੇ ਵੀ ਨਹੀਂ ਚੜ੍ਹੀ। ਉਹ ਬੰਦੀ ਸਿੰਘ ਜੋ ਸਿੱਖ ਕੌਮ ਵਾਸਤੇ ਅਤੇ ਸਿੱਖਾਂ ਦੇ ਖ਼ਿਲਾਫ਼ ਗਤੀਵਿਧੀਆਂ ਖ਼ਿਲਾਫ਼ ਖੜ੍ਹੇ ਹੋਣ ਵਾਲੇ ਆਮ ਘਰਾਂ ਦੇ ਨੌਜਵਾਨ ਸਨ,ਜਿਨ੍ਹਾਂ ਦਾ ਅਪਰਾਧੀ ਪਿਛੋਕੜ ਨਹੀਂ ਸੀ। ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਕਈ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕੇ। ਇਨ੍ਹਾਂ ਵਿਚੋਂ ਕਈਆਂ ਨੂੰ ਕਦੇ ਪੈਰੋਲ ਵੀ ਨਹੀਂ ਮਿਲੀ। ਰਿਹਾਈ ਬਾਰੇ ਸਿੱਖ ਜਥੇਬੰਦੀਆਂ ਮਾਰਚ ਵੀ ਕਰਦੀਆਂ ਰਹੀਆਂ ਅਤੇ ਸੱਤਾਧਾਰੀ ਪਾਰਟੀਆਂ ਤੱਕ ਪਹੁੰਚ ਵੀ ਕਰਦੀਆਂ ਰਹੀਆਂ।
ਸ੍ਰੀ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਬਿਆਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 11ਮਈ 2022 ਨੂੰ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਕਮੇਟੀ ‘ਚ ਇਸ ਕਮੇਟੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਲੀਡਰ ਸ਼ਾਮਲ ਕੀਤੇ ਗਏ। ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਬਾਰੇ ਚਿੱਠੀ ਵੀ ਲਿਖੀ ਗਈ। ਸਾਲ ਖ਼ਤਮ ਹੋਣ ‘ਤੇ ਆ ਗਿਆ ਪਰ ਜਵਾਬ ਨਹੀਂ ਆਇਆ। ਹਰਸਿਮਰਤ ਕੌਰ ਬਾਦਲ ਵੱਲੋਂ ਇਹ ਮੁੱਦਾ ਸੰਸਦ ਵਿੱਚ ਵੀ ਚੁੱਕਿਆ ਗਿਆ। ਅਕਾਲੀ ਦਲ ਵੱਲੋਂ 20 ਜੁਲਾਈ 2022 ਨੂੰ ਪਾਰਟੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਵਿਧਾਨ ਸਭਾ ਦੀਆਂ ਚੋਣਾਂ ਵੇਲੇ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਲਈ ਸਿੱਖ ਜਥੇਦਬੀਆਂ ਨੇ ਆਮ ਆਦਮੀ ਪਾਰਟੀ ਨੂੰ ਤੇ ਕੇਜਰੀਵਾਲ ਨੂੰ ਸਵਾਲ ਵੀ ਕੀਤੇ।

14. ਨਸ਼ਾ ਪੰਜਾਬ ਦਾ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਸਰਹੱਦ ਪਾਰੋਂ ਹੋ ਰਹੀ ਸਮਗਲਿੰਗ ਸੱਭ ਤੋਂ ਵੱਡੀ ਚੁਣੌਤੀ ਪੁਲਿਸ ਲਈ ਬਣ ਗਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੱਕ ਸਾਲ ਵਿੱਚ 16798 ਨਸਾ ਤਸਕਰ ਗ੍ਰਿਫਤਾਰ ਕੀਤੇ, 2316 ਵੱਡੀਆਂ ਮੱਛੀਆਂ ਗ੍ਰਿਫਤਾਰ ਕੀਤੀਆਂ, 12171 ਕੁੱਲ FIR ਦਰਜ ਕੀਤੀਆਂ , 729.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, 690 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ , 1396 ਕਿਲੋਗ੍ਰਾਮ ਗਾਂਜਾ ਰਿਕਵਰ ਕੀਤਾ , 518 ਕੁਇੰਟਲ ਭੁੱਕੀ ਕਾਬੂ ਕੀਤੀ , 11.59 ਕਰੋੜ ਰੁਪਏ ਦੇ ਕੁੱਲ ਡਰੱਗ ਮਨੀ ਜ਼ਬਤ ਕੀਤੀ , NDPS ਮਾਮਲਿਆਂ ‘ਚ 955 ਗ੍ਰਿਫਤਾਰ ਪੀਓਜ਼/ਭਗੌੜੇ ਹਨ।

15. ਸਰਹੱਦ ਪਾਰੋਂ ਸਿਰਫ਼ ਨਸ਼ਾ ਹੀ ਨਹੀਂ,ਹਥਿਆਰ ਵੀ ਸਪਲਾਈ ਹੋ ਰਹੇ ਹਨ। ਆਰਪੀਜੀ ਵਰਗੇ ਅਟੈਕ ਨੂੰ ਅੰਜਾਮ ਵੀ ਵਿਦੇਸ਼ੀ ਤਾਕਤਾਂ ਨਾਲ ਹੀ ਦਿੱਤਾ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਸਾਲ ਵਿੱਚ 43 ਰਾਈਫਲਾਂ ਬਰਾਮਦ ਕੀਤੀਆਂ, 220 ਪਿਸਤੌਲ ਰਿਕਵਰ ਕੀਤੇ, 13 ਟਿਫਿਨ ਆਈਈਡੀਜ਼ ਬਰਾਮਦ ਕੀਤੇ , 24.5 ਕਿਲੋਗ੍ਰਾਮ RDX ਅਤੇ ਹੋਰ ਵਿਸਫੋਟਕ ਪਦਾਰਥਾਂ ਦੀ ਰਿਕਵਰੀ ਹੋਏ ,37 ਹੈਂਡ ਗ੍ਰਨੇਡ ਬਰਾਮਦ ਕੀਤੇ, 18 ਅੱਤਵਾਦੀ ਮਾਡਿਊਲਾਂ ਦਾ ਪਰਦਾਫਾਸ਼ ਤੇ 119 ਅੱਤਵਾਦੀ/ਕੱਟੜਪੰਥੀ ਗ੍ਰਿਫਤਾਰ ਫੜੇਕਰਨ ਦਾ ਦਆਵਾ ਕੀਤਾ ਹੈ।

16. ਗੈਂਗਸਟਰਾਂ ਖਿਲਾਫ਼ ਕੀਤੀਆਂ ਕਾਰਵਾਈ ਸਬੰਧੀ ਪੁਲਿਸ ਦਾ ਲੇਖਾ ਜੋਖਾ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਸ ਸਾਲ ਪੁਲਿਸ ਨੇ ਕੁੱਲ 111 ਮਾਡਿਊਲਾਂ ਦਾ ਪਰਦਾਫਾਸ਼ ਕੀਤਾ, 428 ਗੈਂਗਸਟਰ/ਅਪਰਾਧੀ ਗ੍ਰਿਫਤਾਰ, 2 ਗੈਂਗਸਟਰ ਮਾਰੇ ਗਏ, 411 ਹਥਿਆਰ ਬਰਾਮਦ ਕੀਤੇ, ਗੈਂਗਸਟਰਾਂ ਕੋਲੋਂ 44.21 ਕਿਲੋਗ੍ਰਾਮ ਹੈਰੋਇਨ ਬਰਾਮਦ , 97 ਵਾਹਨ ਬਰਾਮਦ ਕੀਤੇ , 1.30 ਕਰੋੜ ਰੁਪਏ ਗੈਰ-ਕਾਨੂੰਨੀ ਰਾਸ਼ੀ ਬਰਾਮਦ ਕੀਤੀ ਗਈ ।

17.ਮਹਿੰਗਾ ਕਰੈਸ਼ਰ ਵੀ ਪੰਜਾਬ ਦੇ ਲੋਕਾਂ ਲਈ ਦੁਵਿਧਾ ਬਣਿਆ ਹੋਇਆ ਹੈ। ਇਸ ਸਾਲ ਭਗਵੰਤ ਮਾਨ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਥੌੜਾ ਸੌਖਾ ਕੀਤਾ ਜਾਵੇ। ਸਸਤੀਆਂ ਦਰਾਂ ‘ਤੇ ਰੇਤਾ-ਬੱਜਰੀ ਮੁਹੱਈਆ ਕਰਵਾਉਣ ਲਈ ਇਮਾਰਤੀ ਸਮੱਗਰੀ ਦੀ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਗਈਆਂ। ਟਰਾਂਸਪੋਰਟਰਾਂ ਤੋਂ 1 ਕਿਲੋਮੀਟਰ ਤੱਕ ਰੇਤਾ-ਬੱਜਰੀ ਅਤੇ ਹੋਰ ਕਿਸਮ ਦੇ ਬਿਲਡਿੰਗ ਮਟੀਰੀਅਲ ਦੀ ਢੋਆ-ਢੁਆਈ ਦਾ ਕਿਰਾਇਆ 68.49 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ।” ਇਸ ਦੇ ਨਾਲ ਇਹੀ 200 ਕਿਲੋਮੀਟਰ ਦੀ ਦੂਰੀ ਲਈ ਮਾਲ ਦਾ ਕਿਰਾਇਆ 579.78 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ। 201 ਕਿਲੋਮੀਟਰ ਤੋਂ 250 ਕਿਲੋਮੀਟਰ ਤੱਕ ਦੀ ਦੂਰੀ ਲਈ 580.85 ਰੁਪਏ ਤੋਂ ਲੈ ਕੇ 633.38 ਰੁਪਏ ਪ੍ਰਤੀ ਮੀਟਰਕ ਟਨ ਵਿਚਕਾਰ ਰੇਟ ਤੈਅ ਕੀਤੇ ਗਏ ਹਨ।

18. ਸਾਲ 2022 ਦੇ ਆਖਰ ‘ਚ ਜਲੰਧਰ ਦਾ ਲਤੀਫ਼ਪੁਰਾ ਦੇਸ਼ਾਂ ਵਿਦੇਸ਼ਾਂ ‘ਚ ਸੁਰਖੀਆਂ ਦਾ ਕੇਂਦਰ ਰਿਹਾ, ਜਲੰਧਰ ਇੰਪਰੂਵਮੈਂਟ ਟਰੱਸਟ ਵੱਲੋਂ ਅਦਾਲਤੀ ਹੁਕਮਾਂ ‘ਤੇ ਮਾਡਲ ਟਾਊਨ ਨੇੜੇ ਵੱਸਦੇ ਲਤੀਫ਼ਪੁਰਾ ਦੇ 50 ਘਰਾਂ ‘ਤੇ ਬੁਲਡੋਜ਼ਰ ਚਲਾ ਦਿੱਤਾ। ਇਹਨਾਂ ਘਰਾਂ ‘ਚ ਵੱਸਦੇ ਪਰਿਵਾਰ ਬੇਘਰ ਹੋ ਗਏ। 8 ਦਸੰਬਰ ਦੀ ਇਸ ਕਾਰਵਾਈ ਦਾ ਹਰ ਪਾਸੇ ਵਿਰੋਧ ਕੀਤਾ ਗਿਆ। ਪੀੜਤਾਂ ਦੀ ਮਦਦ ਲਈ ਵੱਖ ਵੱਖ ਜਥੇਬੰਦੀਆਂ ਪਹੁੰਚੀਆਂ ਖਾਲਸਾ ਏਡ ਵੱਲੋਂ ਸ਼ੈਲਟਰ ਹੋਮ ਬਣਾ ਕੇ ਦਿੱਤੇ ਗਏ। ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਅਸੀਂ ਅਜ਼ਾਦੀ ਤੋਂ ਬਾਅਦ ਦੇ ਲਤੀਫ਼ਪੁਰਾ ‘ਚ ਆ ਕੇ ਵਸੇ ਹੋਏ ਹਾਂ। ਤੇ ਜਲੰਧਰ ਟਰੱਸ ਜਿਸ ਜ਼ਮੀਨ ਨੂੰ ਆਪਣੀ ਦੱਸ ਰਿਹਾ ਹੈ ਉਸ ਤਾਂ ਸਾਡੇ ਵੱਸਣ ਤੋਂ ਬਾਅਦ ਬਣਿਆ। ਪੀੜਤਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਸਾਨੂੰ ਲਤੀਫ਼ਪੁਰਾ ‘ਚ ਹੀ ਘਰ ਬਣਾ ਕੇ ਨਹੀਂ ਦਿੰਦੀ ਤਾਂ ਉਦੋਂ ਤੱਕ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਹਾਂ, ਫਿਰ ਚਾਹੇ 2 ਮਹੀਨੇ ਲੱਗਣ ਜਾਂ 2 ਸਾਲ।

19. ਇਸ ਸਾਲ ਜ਼ੀਰਾ ਵਿੱਚ ਮਾਲਬ੍ਰੋਜ਼ ਸ਼ਰਾਬ ਫੈਕਟਰੀ ਬਾਹਰ ਲੱਗਿਆ ਧਰਨਾ ਵੀ ਪੰਜਾਬ ਦਾ ਮੁੱਦਾ ਬਣਦਾ ਦਿਖਾਈ ਦਿੱਤਾ। ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ‘ਚ ਸ਼ਰਾਬ ਫੈਕਟਰੀ ਬਣੀ ਹੋਈ ਹੈ। ਜਿਸ ਤੋਂ ਲੋਕ ਪਰੇਸ਼ਾਨ ਹਨ ਤੇ ਦਾਅਵਾ ਕਰ ਰਹੇ ਨੇ ਕਿ ਸ਼ਰਾਬ ਫੈਕਟਰੀ ਕਾਰਨ ਹੀ ਪਾਣੀ ਗੰਧਲਾ ਹੋਇਆ ਜੋ ਕੈਂਸਰ ਦਾ ਕਾਰਨ ਬਣ ਰਿਹਾ ਹੈ। 18 ਦਸੰਬਰ ਨੂੰ ਜ਼ੀਰਾ ਮੋਰਚੇ ਵੱਲੋਂ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਸੀ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਪੂਰਾ ਜ਼ੋਰ ਲਾਇਆ। ਪਰ ਧਰਨਾਕਾਰੀ ਕਿਸਾਨ ਮੋਰਚੇ ਤੱਕ ਪਹੁੰਚ ਹੀ ਗਏ। ਪਾਣੀ ਜਾਂਚ ਲਈ ਸਰਕਾਰ ਨੇ 4 ਕਮੇਟੀਆਂ ਬਣਾਈਆਂ, ਜਿਹਨਾਂ ‘ਚ ਕਿਸਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ। ਪਿੰਡ ਦੀ ਪੰਚਾਇਤ ਨੇ ਸ਼ਰਤ ਰੱਖੀ ਕਿ ਸ਼ਰਾਬ ਫੈਕਟਰੀ ਮਾਲਕ ਦੀਪ ਮਲਹੋਤਰਾ ਇੱਕ ਹਫ਼ਤਾ ਪਿੰਡ ‘ਚ ਆ ਕੇ ਸਾਡੇ ਨਾਲ ਪਾਣੀ ਪੀਣ, ਜੇਕਰ ਅਜਿਹਾ ਕਰਦੇ ਹਨ ਤਾਂ ਬਿਨਾ ਸ਼ਰਤ ਧਰਨਾ ਹਟਾ ਲਿਆ ਜਾਵੇਗਾ। ਜਿਸ ਨੂੰ ਫੈਕਟਰੀ ਮਾਲਕ ਨੇ ਸਵਿਕਾਰ ਕਰ ਲਿਆ ਸੀ। ਜ਼ੀਰਾ ਮੋਰਚੇ ਦਾ ਨਬੇੜਾ ਕੀ 2023 ‘ਚ ਹੋਵੇਗਾ ਜਾ ਨਹੀਂ ਪਰ ਮੋਜੂਦਾ ਹਲਾਤ ਇਹ ਨੇ ਕਿ ਕਿਸਾਨ ਬਾਜਿੱਦ ਹਨ ਤੇ ਲਗਤਾ ਨਵਾਂ ਸਾਲ ਵੀ ਮੋਰਚੇ ‘ਤੇ ਹੀ ਮਨਾਇਆ ਜਾਵੇਗਾ।

20. ਕਿਸਾਨ ਅੰਦੋਲਨ ਦੌਰਾਨ ਜਿਵੇਂ ਸੂਬੇ ‘ਚ ਟੋਲ ਪਲਾਜ਼ਾ ਬੰਦ ਕੀਤੇ ਗਏ ਸਨ ਤਾਂ ਉਵੇਂ ਹੀ ਦਸੰਬਰ ਦੇ ਆਖਰੀ ਦਿਨਾਂ ‘ਚ 15 ਤਰੀਕ ਤੋਂ ਲੈ ਕੇ 15 ਜਨਵਰੀ ਤੱਕ ਇੱਕ ਵਾਰ ਮੁੜ ਟੋਲ ਮੁਕਤ ਸੜਕਾਂ ਬਣਾਈਆਂ ਗਈਆਂ। ਟੋਲ ਪਲਾਜ਼ਿਆਂ ‘ਤੇ ਇਹ ਧਰਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਗਏ। ਇਸ ਜਥੇਬੰਦੀ ਦਾ ਸਾਥ ਦੇਣ ਲਈ ਭਾਰਤੀ ਕਿਸਾਨ ਯੁਨੀਅਨ ਉਗਰਾਹਾਂ ਵੀ ਸਾਹਮਣੇ ਆਈ। ਉਗਰਾਹਾਂ ਜਥੇਬੰਦੀ ਨੇ ਵੀ ਫੈਸਲਾ ਕੀਤਾ ਹੈ ਕਿ 5 ਜਨਵਰੀ ਨੂੰ ਬਾਕੀ ਰਹਿੰਦੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਬੰਦ ਕਰ ਦਿੱਤੇ ਜਾਣਗੇ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਕਿਸਾਨ ਅੰਦੋਲਨ ਦੌਰਾਨ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ‘ਚ ਇਹ ਫੈਸਲਾ ਕਿਸਾਨ ਜਥੇਬੰਦੀਆਂ ਨੇ ਲਿਆ ਹੈ।

21. ਮੱਤੇਵਾੜਾ ਦੇ ਜੰਗਲ ਨੂੰ ਬਚਾਉਣ ਦੀ ਮੁਹਿੰਮ ਇਸ ਸਾਲ ਸੁਰੱਖਿਆ ਵਿੱਚ ਰਹੀ । ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਵਿਧਾਨਸਭਾ ਵਿੱਚ ਦੱਸਿਆ ਕਿ ਸਰਕਾਰ ਨੇ ਮੱਤੇਵਾੜਾ ਵਿੱਚ ਸਨਅਤੀ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਇਸ ਦੇ ਖਿਲਾਫ ਵਾਤਾਵਰਣ ਮਾਹਿਰਾਂ ਨੇ ਮੁਹਿੰਮ ਛੇੜ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਲੋਕ ਮੱਤੇਵਾੜਾ ਵਿੱਚ ਜੁਟਨੇ ਸ਼ੁਰੂ ਹੋ ਗਏ । ਸੋਸ਼ਲ ਮੀਡੀਆ ‘ਤੇ ਵੀ ਇਸ ਦੇ ਖਿਲਾਫ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਜਿਸ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਪ ਦੇ ਹੋਰ ਆਗੂਆਂ ਦੀ ਤਸਵੀਰਾਂ ਵੀ ਨਸ਼ਰ ਹੋਇਆ ਜਦੋਂ ਵਿਰੋਧੀ ਧਿਰ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਮੱਤੇਵਾੜਾ ਦੇ ਜੰਗਲਾ ਨੂੰ ਬਚਾਉਣ ਲਈ ਆਵਾਜ਼ ਚੁੱਕੀ ਸੀ । ਸਰਕਾਰ ਦੇ ਦਬਾਅ ਵਧਿਆ ਤਾਂ ਮੁੱਖ ਮੰਤਰੀ ਮਾਨ ਨੇ ਮੱਤੇਵਾੜਾ ਵਿੱਚ ਸਨਅਤ ਨੂੰ ਲੈਕੇ ਫੈਸਲਾ ਵਾਪਸ ਲਿਆ।

22. ਸਾਲ ਖਤਮ ਹੁੰਦੇ-ਹੁੰਦੇ ਪੰਜਾਬ ਦੇ 2 ਮਸ਼ਹੂਰ ਗਾਇਕਾਂ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਦੀ ਰੇਡ ਵੀ ਸੁਰੱਖਿਆ ਵਿੱਚ ਰਹੀਆਂ। ਤਕਰੀਬਨ 2 ਦਿਨ ਤੱਕ ਦੋਵਾਂ ਗਾਇਕਾਂ ਦੇ ਘਰਾਂ ਅਤੇ ਦਫਤਰਾਂ ‘ਤੇ ਇਨਕਮ ਟੈਕਸ ਵਿਭਾਗ ਨੇ ਰਮੇਡ ਮਾਰੀ । ਕਿਸਾਨਾਂ ਨੇ ਦਾਅਵਾ ਕੀਤਾ ਕਿਉਂਕਿ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਨੇ ਕਿਸਾਨੀ ਅੰਦੋਲਨ ਦੌਰਾਨ ਹਮਾਇਤ ਕੀਤੀ ਸੀ ਇਸ ਲਈ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ ।

23 . ਪੰਜਾਬ ਸਰਕਾਰ ਨੇ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬੇ ‘ਚ ਖੇਡਾ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ। ਹਰ ਵਿਧਾਇਕ ਦੀ ਡਿਊਟੀ ਲਗਾਈ ਕਿ ਆਪੋ ਆਪਣੇ ਹਲਕੇ ‘ਚ ਖੇਡਾਂ ਕਰਵਾਈਆਂ ਜਾਣ। ਢਾਈ ਮਹੀਨੇ ਇਸ ਖੇਡ ਮਹਾਂਕੁੰਭ ਵਿੱਚ ਜੇਤੂ ਰਹੇ 9961 ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੀ ਇਨਾਮ ਰਾਸ਼ੀ ਵੰਡੀ ਗਈ। ਇਸ ਤੋਂ ਇਲਾਵਾ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੰਜਾਬ ਦੇ 19 ਖਿਡਾਰੀਆਂ ਨੂੰ 9.30 ਕਰੋੜ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਸਰਕਾਰ ਨੇ ਆਪਣੇ ਬਜਟ ‘ਚ ਖੇਡਾਂ ਲਈ 229 ਕਰੋੜ ਰੁਪਏ ਰੱਖੇ।

Exit mobile version