The Khalas Tv Blog Punjab ‘ਬੇਬਸ’ ਮਾਨ ਸਰਕਾਰ ਪਹੁੰਚੀ ਸ੍ਰੀ ਅਕਾਲ ਤਖ਼ਤ! ਜਥੇਦਾਰ ਨੂੰ ਕੌਮ ਦੇ ਨਾਂ ਇਹ ਸੁਨੇਹਾ ਦੇਣ ਦੀ ਕੀਤੀ ਅਪੀਲ
Punjab Religion

‘ਬੇਬਸ’ ਮਾਨ ਸਰਕਾਰ ਪਹੁੰਚੀ ਸ੍ਰੀ ਅਕਾਲ ਤਖ਼ਤ! ਜਥੇਦਾਰ ਨੂੰ ਕੌਮ ਦੇ ਨਾਂ ਇਹ ਸੁਨੇਹਾ ਦੇਣ ਦੀ ਕੀਤੀ ਅਪੀਲ

ਮੰਤਰੀ ਧਾਲੀਵਾਲ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੁਲਾਕਾਤ

ਅੰਮ੍ਰਿਤਸਰ : ਵਜ਼ਾਰਤ ਸੰਭਾਲਣ ਤੋਂ ਬਾਅਦ ਪਰਾਲੀ ਸਾੜਨ ਨੂੰ ਰੋਕਣਾ ਮਾਨ ਸਰਕਾਰ ਦੀ ਸਭ ਤੋਂ ਵੱਡੀ ਚੁਣੌਤੀਆਂ ਵਿੱਚੋਂ ਇੱਕ ਸੀ। ਸੂਬਾ ਸਰਕਾਰ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਕੇਂਦਰ ਨਾਲ ਮਿਲਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ 2500 ਰੁਪਏ ਦੀ ਮਦਦ ਦੇਣ ਦਾ ਫਾਰਮੂਲਾ ਤਿਆਰ ਕੀਤਾ ਸੀ, ਪਰ ਮੋਦੀ ਸਰਕਾਰ ਦੇ ਇਨਕਾਰ ਤੋਂ ਬਾਅਦ ਫਾਰਮੂਲਾ ਤਾਂ ਫਲਾਪ ਹੋ ਗਿਆ। ਪਿਛਲੇ 8 ਦਿਨਾਂ ਦੇ ਅੰਦਰ ਸੂਬੇ ਦੇ ਕਿਸਾਨਾਂ ਵੱਲੋਂ ਰਿਕਾਰਡ ਪਰਾਲੀ ਸਾੜਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਮਾਨ ਸਰਕਾਰ ਹੁਣ ਮਦਦ ਦੇ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਸ਼ਰਨ ਵਿੱਚ ਆਈ ਹੈ, ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਤਖ਼ਤ ਸਾਹਿਬ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਨ ਦੀ ਬੇਨਤੀ ਕੀਤੀ ਹੈ।

‘ਕੌਮ ਦੇ ਨਾਂ ਸੁਨੇਹਾ ਦੇਣ ਜਥੇਦਾਰ ਸਾਹਿਬ’

ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਰਾਮ ਦਾਸ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਮੌਕੇ ਹਰ ਸਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਨਾਂ ਸੁਨੇਹਾ ਦਿੰਦੇ ਹਨ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਣ ਨੂੰ ਬਚਾਉਣ ਦੇ ਲਈ ਉਹ ਇਸ ਵਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੁਨੇਹਾ ਦੇਣ। ਧਾਲੀਵਾਲ ਨੇ ਕਿਹਾ ਪੰਜਾਬ ਦੇ ਲੋਕ ਜਥੇਦਾਰ ਸਾਹਿਬ ਦੇ ਨਿਰਦੇਸ਼ਾਂ ਦਾ ਪਾਲਨ ਜ਼ਰੂਰ ਕਰਦੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਹੀ ਉਹ ਜਥੇਦਾਰ ਸਾਹਿਬ ਨੂੰ ਵਾਤਾਵਰਣ ਬਚਾਉਣ ਦਾ ਸੁਨੇਹਾ ਦੇਣ ਦੀ ਅਪੀਲ ਕਰਨ ਪਹੁੰਚੇ ਹਨ। ਹਰ ਵਾਰ ਦਿੱਲੀ ਵਿੱਚ ਹੋਣ ਵਾਲੇ ਧੂੰਏਂ ਨੂੰ ਲੈਕੇ ਸਿਆਸਤ ਹੁੰਦੀ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪਰਾਲੀ ਨੂੰ ਦਿੱਲੀ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਦੱਸਿਆ ਜਾਂਦਾ ਹੈ। ਇਸ ਵਾਰ ਬੀਜੇਪੀ ਕੇਜਰੀਵਾਲ ਨੂੰ ਲਗਾਤਾਰ ਸਵਾਲ ਪੁੱਛ ਰਹੀ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਹੋਣ ਦੇ ਬਾਵਜੂਦ ਆਖਿਰ ਕਿਉਂ ਨਹੀਂ ਪਰਾਲੀ ਸਾੜਨ ਦੀ ਘਟਨਾਵਾਂ ਨੂੰ ਰੋਕਿਆ ਗਿਆ ਹੈ।

8 ਦਿਨਾਂ ਵਿੱਚ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ

ਪਿਛਲੇ 8 ਦਿਨਾਂ ਦੇ ਅੰਦਰ ਪਰਾਲੀ ਸਾੜਨ ਦੇ ਰਿਕਾਰਡ ਮਾਮਲੇ ਪੰਜਾਬ ਵਿੱਚ ਸਾਹਮਣੇ ਆਏ ਹਨ। ਸਿਰਫ਼ ਮਾਝੇ ਵਿੱਚ ਹੀ 714 ਪਰਾਲੀ ਸਾੜਨ ਦੇ ਮਾਮਲੇ ਆਏ ਹਨ। ਸਭ ਤੋਂ ਵੱਧ ਲੁਧਿਆਣਾ ਅਤੇ ਤਰਨਤਾਰਨ ਜ਼ਿਲ੍ਹੇ ਵਿੱਚ ਪਰਾਲੀ ਸਾੜੀ ਗਈ ਹੈ। ਮਾਲਵੇ ਵਿੱਚ ਵੀ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਮੀਂਹ ਦੀ ਵਜ੍ਹਾ ਕਰਕੇ ਇਸ ਦਾ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਪਰ ਜਿਵੇਂ ਹੀ ਦੋ ਤਿੰਨ ਦਿਨਾਂ ਦੇ ਅੰਦਰ ਮੌਸਮ ਸਾਫ਼ ਹੋਵੇਗਾ ਪਰਾਲੀ ਦਾ ਧੂੰਆਂ ਲੋਕਾਂ ਨੂੰ ਪਰੇਸ਼ਾਨ ਕਰਨ ਲਗੇਗਾ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਿਕ ਮਾਲਵਾ ਖੇਤਰ ਦੇ ਕਿਸਾਨ ਹਰ ਸਾਲ 15 ਅਕਤੂਬਰ ਤੋਂ ਬਾਅਦ ਹੀ ਪਰਾਲੀ ਸਾੜ ਦੇ ਹਨ ਪਰ ਇਸ ਸਾਲ ਜਲਦੀ ਸਾੜਨੀ ਸ਼ੁਰੂ ਕਰ ਦਿੱਤੀ ਹੈ ਅਗਲੇ 10 ਦਿਨਾਂ ਦੇ ਅੰਦਰ ਪਰਾਲੀ ਸਾੜਨ ਵਿੱਚ ਤੇਜ਼ੀ ਆਵੇਗੀ ਜਿਸ ਦਾ ਅਸਰ ਪੂਰੇ ਪੰਜਾਬ ਦੇ ਨਾਲ ਗੁਆਂਢੀ ਸੂਬਿਆਂ ਵਿੱਚ ਵੀ ਨਜ਼ਰ ਆਵੇਗਾ,ਫਿਲਹਾਲ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਲਾਚਾਰ ਨਜ਼ਰ ਆ ਰਹੀ ਹੈ। ਕਿਸਾਨਾਂ ‘ਤੇ ਸਖ਼ਤੀ ਕਰ ਨਹੀਂ ਸਕਦੀ ਹੈ, ਜੇਕਰ ਇਸ ਵਾਰ ਵੀ ਪਰਾਲੀ ਦੀ ਵਜ੍ਹਾ ਕਰਕੇ ਦਿੱਲੀ ਵਿੱਚ ਪ੍ਰਦੂਸ਼ਣ ਵਧਿਆ ਤਾਂ ਵਿਰੋਧੀਆਂ ਧਿਰਾਂ ਆਪ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਗੀਆਂ ਉੱਤੋਂ ਸੁਪਰੀਮ ਕੋਰਟ ਵੀ ਦਿੱਲੀ ਅਤੇ ਪੰਜਾਬ ਸਰਕਾਰ ‘ਤੇ ਸਖ਼ਤ ਟਿਪਣੀਆਂ ਕਰ ਸਕਦਾ ਹੈ।

 

Exit mobile version