The Khalas Tv Blog India PU ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ, 18 ਨਵੰਬਰ ਤੋਂ ਸ਼ੁਰੂ ਹੋਣੀਆਂ ਹਨ ਪ੍ਰੀਖਿਆਵਾਂ
India Punjab

PU ਵਿਦਿਆਰਥੀਆਂ ਵੱਲੋਂ ਪੇਪਰਾਂ ਦਾ ਬਾਈਕਾਟ, 18 ਨਵੰਬਰ ਤੋਂ ਸ਼ੁਰੂ ਹੋਣੀਆਂ ਹਨ ਪ੍ਰੀਖਿਆਵਾਂ

ਬਿਊਰੋ ਰਿਪੋਰਟ (15 ਨਵੰਬਰ 2025): ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਵਿਦਿਆਰਥੀਆਂ ਨੇ ਆਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਵੀ ਬੁਲਾਈ ਗਈ ਹੈ।

ਵਿਦਿਆਰਥੀਆਂ ਵੱਲੋਂ ਫਿਲਹਾਲ ਇਹ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਦੀ ਤਾਰੀਖ਼ ਦਾ ਐਲਾਨ ਨਹੀਂ ਹੁੰਦਾ, ਉਦੋਂ ਤੱਕ ਉਹ ਯੂਨੀਵਰਸਿਟੀ ਦੀ ਕਿਸੇ ਵੀ ਕਾਰਵਾਈ ਦਾ ਹਿੱਸਾ ਨਹੀਂ ਬਣਨਗੇ। ਵਿਦਿਆਰਥੀਆਂ ਨੇ ਇਸ ਸੰਘਰਸ਼ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਲਾਈ ਗਈ ਸਖ਼ਤ ਫਟਕਾਰ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ।

18 ਨਵੰਬਰ ਤੋਂ ਸ਼ੁਰੂ ਹੋਣੀਆਂ ਹਨ ਪ੍ਰੀਖਿਆਵਾਂ

ਦੱਸ ਦੇਈਏ ਕਿ ਯੂਨੀਵਰਸਿਟੀ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ ਸਮੈਸਟਰ ਅਨੁਸਾਰ ਹੋਣ ਵਾਲੀਆਂ ਪ੍ਰੀਖਿਆਵਾਂ 18 ਨਵੰਬਰ 2025 ਦੇ ਆਸ-ਪਾਸ ਸ਼ੁਰੂ ਹੋਣੀਆਂ ਹਨ। ਕਈ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਆ ਚੁੱਕੀ ਹੈ। ਇਸ ਮਹੀਨੇ ਦੇ ਅੰਤ ਤੱਕ ਜ਼ਿਆਦਾਤਰ ਵਿਭਾਗਾਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਜਾਣਗੀਆਂ। ਇਸ ਬਾਈਕਾਟ ਸਬੰਧੀ 20 ਨਵੰਬਰ ਨੂੰ ਮੋਰਚੇ ਵਿੱਚ ਸ਼ਾਮਲ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਵੀ ਬੁਲਾਈ ਗਈ ਹੈ।

ਹਾਈ ਕੋਰਟ ਦਾ ਫੈਸਲਾ

ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਸੀ। ਸਾਬਕਾ ਸੈਨੇਟਰ ਹਰਪ੍ਰੀਤ ਸਿੰਘ ਦੁਆ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਪਟੀਸ਼ਨਰ ਸਮੇਤ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਸਖ਼ਤ ਝਾੜ ਪਾਈ ਹੈ।

ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਖ਼ਤ ਟਿੱਪਣੀ ਕੀਤੀ। ਕੋਰਟ ਨੇ ਕਿਹਾ: “ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਵਿਵਸਥਾ ਨੂੰ ਚੋਣਾਂ ਲਈ ਕੁਰਬਾਨ ਨਹੀਂ ਕੀਤਾ ਜਾ ਸਕਦਾ। ਵਿਦਿਆਰਥੀਆਂ ਨੂੰ ਪਹਿਲਾਂ 7 ਦਿਨ ਪੜ੍ਹਾਈ ਕਰਨੀ ਚਾਹੀਦੀ ਹੈ।”

ਚੀਫ਼ ਜਸਟਿਸ ਨੇ ਅੱਗੇ ਕਿਹਾ ਕਿ, “ਅਸੀਂ ਇੱਕ ਅਕਾਦਮਿਕ ਸੰਸਥਾ ਦੀ ਗੱਲ ਕਰ ਰਹੇ ਹਾਂ ਜਾਂ ਰਾਜਨੀਤਿਕ ਸੰਸਥਾ ਦੀ?” ਕੋਰਟ ਨੇ ਕਿਹਾ ਕਿ ਯੂਨੀਵਰਸਿਟੀ ਦਾ ਮਕਸਦ ਸਿੱਖਿਆ ਦੇਣਾ ਹੈ ਅਤੇ ਇਹ ਮਕਸਦ ਹੌਲੀ-ਹੌਲੀ ਪਿੱਛੇ ਛੁੱਟਦਾ ਦਿਖਾਈ ਦੇ ਰਿਹਾ ਹੈ।

Exit mobile version