The Khalas Tv Blog International PSGPC ਪ੍ਰਧਾਨ ਵੱਲੋਂ ਸਿੱਖ ਮਰਿਆਦਾ ਦੀ ਉਲੰਘਣਾ! ਸਾਥੀਆਂ ਸਣੇ ਜੋੜੇ ਪਾ ਕੇ ਪਹੁੰਚ ਗਏ ਗੁਰਦੁਆਰਾ ਸਾਹਿਬ
International Religion

PSGPC ਪ੍ਰਧਾਨ ਵੱਲੋਂ ਸਿੱਖ ਮਰਿਆਦਾ ਦੀ ਉਲੰਘਣਾ! ਸਾਥੀਆਂ ਸਣੇ ਜੋੜੇ ਪਾ ਕੇ ਪਹੁੰਚ ਗਏ ਗੁਰਦੁਆਰਾ ਸਾਹਿਬ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਤੇ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਵੱਲੋਂ ਜੋੜੇ ਸਮੇਤ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਸੰਗਤ ਉਨ੍ਹਾਂ ਵੱਲੋਂ ਸਿੱਖ ਭਾਈਚਾਰੇ ਦੇ ਧਾਰਮਿਕ ਜਜ਼ਬਾਤਾਂ ਦੀ ਉਲੰਘਣਾ ਕਰਨ ’ਤੇ ਕਾਫ਼ੀ ਨਾਰਾਜ਼ਗੀ ਜਤਾ ਰਹੀ ਹੈ।

ਇਸ ਘਟਨਾ ਲਹਿੰਦੇ ਪੰਜਾਬ ਦੇ ਜੇਹਲਮ ਸ਼ਹਿਰ ਵਿੱਚ ਇਤਿਹਾਸਕ ਗੁਰਦੁਆਰਾ ਭਾਈ ਕਰਮ ਸਿੰਘ ਦੀ ਹੈ। ਇਸ ਘਟਨਾ ਨੂੰ ਲੈ ਕੇ ਪਾਕਿਸਤਾਨੀ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਸਿੱਖ ਰਹਿਤ ਮਰਿਆਦਾ ਦੀ ਇਸ ਉਲੰਘਣਾ ਲਈ ਪੀਐਸਜੀਪੀਸੀ ਪ੍ਰਧਾਨ ਵਿਰੁੱਧ ਕਾਰਵਾਈ ਕਰਨ।

ਇਸ ਸਬੰਧੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਇਨਸਾਫ਼ ਘੱਟ ਗਿਣਤੀ ਵਿੰਗ ਦੇ ਮੁਖੀ ਮਹਿੰਦਰਪਾਲ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਅਰੋੜਾ ਗੈਰ-ਸਿੱਖਾਂ ਦੇ ਨਾਲ ਸਨ, ਜੋ ਮਰਿਆਦਾ ਦੀ ਇੱਕ ਹੋਰ ਉਲੰਘਣਾ ਹੈ।

ਉਨ੍ਹਾਂ ਕਿਹਾ, “ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਉਹ ਦੀਵਾਨ ਹਾਲ ਵਿੱਚ ਅਪਣੇ ਜੋੜੇ ਪਾ ਕੇ ਖੜ੍ਹੇ ਸਨ, ਜੇ ਅਰੋੜਾ ਨੇ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਅਪਣੇ ਜੋੜੇ ਉਤਾਰ ਦਿੱਤੇ ਹੁੰਦੇ ਤਾਂ ਬਾਕੀ ਲੋਕ ਵੀ ਸਿੱਖ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਉਨ੍ਹਾਂ ਦੇ ਇਸ ਕੰਮ ਦੀ ਨਕਲ ਕਰਦੇ ਤੇ ਅਪਣੇ ਜੋੜੇ ਉਤਾਰਨ ਦੇ ਨਾਲ-ਨਾਲ ਅਪਣਾ ਸਿਰ ਵੀ ਢੱਕਦੇ।”

ਵਾਲਡ ਸਿਟੀ ਲਾਹੌਰ ਅਥਾਰਟੀ (WCLA) ਨੇ ਇਤਿਹਾਸਕ ਗੁਰਦੁਆਰੇ ਦੀ ਸੰਭਾਲ ਲਈ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਨਾਲ ਸਹਿਯੋਗ ਕੀਤਾ ਹੈ। ਇਮਾਰਤ ਦੀ ਬਹਾਲੀ ਤੋਂ ਬਾਅਦ ਪਵਿੱਤਰ ਗ੍ਰੰਥ ਨੂੰ ਮੂਲ ਸਥਾਨ ‘ਤੇ ਸਥਾਪਿਤ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਸ ਦੇ ਦੀਵਾਨ ਹਾਲ ਵਿੱਚ ਆਯੋਜਿਤ ਕੀਤਾ ਗਿਆ ਸੀ।

ਮਹਿੰਦਰਪਾਲ ਸਿੰਘ ਨੇ ਕਿਹਾ, “ਸਿੱਖ ਰਹਿਤ ਮਰਿਆਦਾ ਤੋਂ ਅਣਜਾਣ ਕੋਈ ਵਿਅਕਤੀ ਦੂਜਿਆਂ ਨੂੰ ਸਿੱਖੀ ਦਾ ਪ੍ਰਚਾਰ ਕਿਵੇਂ ਕਰਵਾਏਗਾ।” ਪਾਕਿਸਤਾਨ ਦੀ ਸੂਬਾਈ ਅਸੈਂਬਲੀ ਦੇ ਸਾਬਕਾ ਮੈਂਬਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀ ਅਰੋੜਾ ਦੀ ਇਕ ਵੀਡੀਓ ਭੇਜੀ ਹੈ, ਜਿਸ ਵਿਚ ਉਹ ਆਪਣੇ ਨੰਗੇ ਸਿਰ ਵਾਲੇ ਸਾਥੀਆਂ ਨਾਲ ਖੜ੍ਹੇ ਹਨ।

ਇਹ ਵੀ ਪੜ੍ਹੋ – ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ! ਬੀਜੇਪੀ ਦੇ ਦਿੱਗਜ ਆਗੂ ਦੇ ਪੁੱਤਰ ਨੂੰ ਬਣਾਇਆ ਉਮੀਦਵਾਰ

Exit mobile version