ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਹ ਪ੍ਰੀਖਿਆ ਮਾਰਚ ਮਹੀਨੇ ਵਿੱਚ ਲਈ ਗਈ ਸੀ। ਇਸ ਸਾਲ 12ਵੀਂ ਦੀ ਪ੍ਰੀਖਿਆ ਵਿੱਚ ਮੁੰਡਿਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਹਰ ਵਾਰ ਕੁੜੀਆਂ ਮੋਹਰੀ ਹੁੰਦੀਆਂ ਹਨ। ਪਰ ਇਸ ਵਾਰ ਪਹਿਲੇ ਤਿੰਨ ਸਥਾਨਾਂ ’ਤੇ ਮੁੰਡਿਆਂ ਨੇ ਬਾਜ਼ੀ ਮਾਰ ਲਈ ਹੈ।
ਪ੍ਰੀਖਿਆ ਵਿੱਚ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਮੁਕਤਸਰ ਸਾਹਿਬ ਦੇ ਹਰਿੰਦਰ ਸਿੰਘ ਨੇ ਵੀ 100 ਪ੍ਰਤੀਸ਼ਤ ਅੰਕ ਲਏ ਹਨ, ਪਰ ਦੂਜਾ ਸਥਾਨ ਹਾਸਲ ਕੀਤਾ। ਬਠਿੰਡਾ ਦੇ ਅਸ਼ਵਨੀ ਨੇ 99.80 ਫ਼ੀਸਦੀ ਅੰਤ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਇਸ ਵਾਰ 12ਵੀਂ ਦੇ ਇਮਤਿਹਾਨ ਵਿੱਚ 5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 5ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ। 8ਵੀਂ ਜਮਾਤ ਦਾ ਨਤੀਜਾ ਵੀ ਐਲਾਨ ਦਿੱਤਾ ਗਿਆ ਹੈ।
12ਵੀਂ ਦੇ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ਤੇ www.indiaresults.com ’ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।