The Khalas Tv Blog Punjab 12ਵੀਂ ਦੀ ਟਾਪਰ ਧੀਆਂ ਦੀ ਕਹਾਣੀ ! ਇੱਕ ਨੇ ਦੁਨੀਆ ਨੂੰ ਗਲਤ ਸਾਬਿਤ ਕੀਤਾ ! ਦੂਜੀ ਨੇ ਆਪਣੀ ਸਰੀਰਕ ਕਮਜ਼ੋਰੀ ਨੂੰ ਤਾਕਤ ਬਣਾਇਆ !
Punjab

12ਵੀਂ ਦੀ ਟਾਪਰ ਧੀਆਂ ਦੀ ਕਹਾਣੀ ! ਇੱਕ ਨੇ ਦੁਨੀਆ ਨੂੰ ਗਲਤ ਸਾਬਿਤ ਕੀਤਾ ! ਦੂਜੀ ਨੇ ਆਪਣੀ ਸਰੀਰਕ ਕਮਜ਼ੋਰੀ ਨੂੰ ਤਾਕਤ ਬਣਾਇਆ !

ਬਿਊਰੋ ਰਿਪੋਰਟ : PSEB ਦੀ 5ਵੀਂ 8ਵੀਂ ਦੀ ਬੋਰਡ ਪ੍ਰੀਖਿਆ ਵਾਂਗ 12ਵੀਂ ਵਿੱਚ ਵੀ ਮਾਨਸਾ ਦੀ ਵਿਦਿਆਰਥਣ ਨੇ ਬਾਜ਼ੀ ਮਾਰੀ । ਸੁਜਾਨ ਕੌਰ ਨੇ 500 ਵਿੱਚੋਂ 500 ਨੰਬਰ ਲੈਕੇ 100 ਫੀਸਦੀ ਨਤੀਜਾ ਹਾਸਲ ਕੀਤਾ । ਸੁਜਾਨ ਕੌਰ ਨੇ ਦੱਸਿਆ ਕਿ ਉਸ ਨੂੰ ਪਹਿਲੇ ਦਿਨ ਤੋਂ ਯਕੀਨ ਸੀ ਕਿ ਉਹ ਪੰਜਾਬ ਵਿੱਚ ਟਾਪ ਕਰੇਗੀ,ਪਰ ਉਸ ਤੋਂ ਜ਼ਿਆਦਾ ਖੁਸ਼ੀ ਉਸ ਨੂੰ ਕੁਝ ਲੋਕਾਂ ਨੂੰ ਗਲਤ ਸਾਬਿਤ ਕਰਕੇ ਮਿਲੀ ਹੈ । ਸੁਜਾਨ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ 10ਵੀਂ ਤੋਂ ਬਾਅਦ ਆਰਟਸ ਲਈ ਤਾਂ ਸਾਰੇ ਕਹਿੰਦੇ ਸਨ ਇਸ ਦੀ ਕੋਈ ਵੈਲਿਊ ਨਹੀਂ ਹੈ,ਸਾਇੰਸ ਜਾਂ ਫਿਰ ਕਾਮਰਸ ਲੈਣੀ ਚਾਹੀਦੀ ਸੀ,ਪਰ ਉਸ ਨੇ ਕਿਹਾ ਕਿ ਆਰਟਸ ਲੈਕੇ ਉਸ ਨੇ ਸਾਬਿਤ ਕਰ ਦਿੱਤਾ ਕਿ ਇਸ ਵਿਸ਼ੇ ਵਿੱਚ ਵੀ 100 ਫੀਸਦੀ ਨੰਬਰ ਹਾਸਲ ਕੀਤੇ ਜਾ ਸਕਦੇ ਹਨ ।

ਖੇਡਾਂ ਵਿੱਚ ਵੀ ਮੈਡਲ ਜਿੱਤਿਆ

ਦਸ਼ਮੇਸ਼ ਕਾਨਵੈਂਟ ਸੀਨੀਅਰ ਸਕੂਲ ਵਿੱਚ ਪੜਨ ਵਾਲੀ ਸੁਜਾਨ ਨੇ ਕਿਹਾ ਉਹ ਆਰਟਸ ਦੇ ਦਮ ‘ਤੇ ਇੱਕ ਦਿਨ ਵੱਡੀ ਅਫਸਰ ਬਣ ਕੇ ਮੁੜ ਤੋਂ ਲੋਕਾਂ ਨੂੰ ਗਲਤ ਸਾਬਿਤ ਕਰੇਗੀ । ਸੁਜਾਨ ਦੇ ਪਿਤਾ ਨਿਰਮਲ ਸਿੰਘ ਨੇ ਕਿਹਾ ਧੀ ਨੇ ਮਾਣ ਵਧਾਇਆ,ਗਰੀਬ ਪਰਿਵਾਰ ਦੀ ਸੁਜਾਨ ਨੇ ਕਦੇ ਵੀ ਕੋਈ ਟਿਊਸ਼ਨ ਨਹੀਂ ਲਈ,ਸਾਰੀ ਪੜਾਈ ਆਪਣੇ ਦਮ ‘ਤੇ ਕੀਤੀ । ਪੜਾਈ ਦੇ ਨਾਲ ਸੁਜਾਨ ਕੌਰ ਕਰਾਟੇ,ਮਾਰਸ਼ਲ ਆਰਟ,ਕਿਕ ਬਾਕਸਿੰਗ,ਤਾਈਕਮਾਂਡੋ ਵਿੱਚ ਵੀ ਸੂਬਾ ਪੱਧਰ ‘ਤੇ ਮੈਡਲ ਜਿੱਤ ਚੁੱਕੀ ਹੈ। ਪਿਤਾ ਫੌਜ ਤੋਂ ਰਿਟਾਇਡ ਹਨ ਅਤੇ ਹੁਣ ਚੰਡੀਗੜ੍ਹ ਪੁਲਿਸ ਵਿੱਚ ਨੌਕਰੀ ਕਰਦੇ ਹਨ । 12ਵੀਂ 99.60 ਫੀਸਦੀ ਅੰਕ ਹਾਸਲ ਕਰਨ ਵਾਲੀ ਬਠਿੰਡਾ ਦੀ ਸ਼ਰੇਆ ਸਿੰਗਲਾ ਦੀ ਕਾਮਯਾਬੀ ਵੀ ਤੁਹਾਨੂੰ ਹੈਰਾਨ ਕਰ ਦੇਵੇਗੀ।

ਸ਼ਰੇਆ ਸੁਣ ਨਹੀਂ ਸਕਦੀ ਹੈ

ਸ਼ਰੇਆ ਕੰਨ ਤੋਂ ਪੂਰੀ ਤਰ੍ਹਾਂ ਨਹੀਂ ਸੁਣ ਸਕਦੀ ਹੈ, ਉਸ ਨੂੰ ਮਸ਼ੀਨ ਦੀ ਜ਼ਰੂਰਤ ਹੁੰਦੀ ਹੈ,ਪਰ ਪਰਿਵਾਰ ਨੇ ਉਸ ਦੀ ਇਸ ਕਮਜ਼ੋਰੀ ਨੂੰ ਤਾਕਤ ਵਿੱਚ ਬਦਲਿਆ ਅਤੇ ਕਦੇ ਇਸ ਦਾ ਅਹਿਸਾਸ ਨਹੀਂ ਹੋਣ ਦਿੱਤਾ ਅਤੇ ਕਿਹਾ ਕਿ ਉਹ ਆਮ ਬੱਚਿਆਂ ਵਾਂਗ ਸਬ ਕੁਝ ਕਰ ਸਕਦੀ ਹੈ। ਸ਼ਰੇਆ ਨੇ ਆਪਣੇ ਮਾਪਿਆਂ ਦੀ ਗੱਲ ‘ਤੇ ਫੁੱਲ ਚੜਾਏ 12ਵੀਂ ਵਿੱਚ 99.60 ਫੀਸਦੀ ਅੰਕ ਹਾਸਲ ਕਰਕੇ ਨਾ ਸਿਰਫ਼ ਸੂਬੇ ਵਿੱਚ ਦੂਜਾ ਥਾਂ ਹਾਸਲ ਕੀਤਾ ਬਲਕਿ ਬੈਡਮਿੰਟਨ ਵਿੱਚ ਵੀ ਉਸ ਨੇ ਵਿਦੇਸ਼ੀ ਧਰਤੀ ‘ਤੇ ਗੋਲਡ ਮੈਡਲ ਜਿੱਤਿਆ , ਪਿਤਾ ਦਵਿੰਦਰ ਸਿੰਗਲਾ ਅਤੇ ਮਾਂ ਨੇ ਦੱਸਿਆ ਕਿ ਧੀ ਇਸ ਵੇਲੇ ਹੈਦਰਾਬਾਦ ਬੈਡਮਿੰਟਨ ਦੇ ਕੈਂਪ ਵਿੱਚ ਹੈ,ਜਦੋਂ ਉਸ ਨੇ ਨਜੀਤਿਆਂ ਸੁਣਿਆ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਬ੍ਰਾਜ਼ੀਲ ਵਿੱਚ ਪਿਛਲੇ ਸਾਲ ਬੈਡਮਿੰਟਨ ਵਿੱਚ ਗੋਲਡ ਮੈਡਲ ਜਿੱਤਿਆ। ਪਿਤਾ ਨੇ ਦੱਸਿਆ ਜਦੋਂ ਖੇਡ ਦੌਰਾਨ ਸ਼ਰੇਆ ਜ਼ਖਮੀ ਹੋ ਗਈ ਅਤੇ ਫਿਰ ਉਸ ਨੇ ਪੂਰਾ ਧਿਆਨ ਪੜਾਈ ‘ਤੇ ਲਾ ਦਿੱਤਾ ਅਤੇ ਉਸ ਦੀ ਮਿਹਨਤ ਰੰਗ ਲਿਆਈ ਅਤੇ ਨਤੀਜਾ ਪੂਰੇ ਸੂਬੇ ਦੇ ਸਾਹਮਣੇ ਹੈ।

Exit mobile version