The Khalas Tv Blog India ਸੰਘਰਸ਼ ਦੇ ਨਾਲ-ਨਾਲ ਝੁੱਗੀ-ਝੋਪੜੀਆਂ ਦੇ ਬੱਚਿਆਂ ਨੂੰ ਪੜ੍ਹਨਾ-ਲਿਖਣਾ ਵੀ ਸਿਖਾ ਰਹੇ ਕਿਸਾਨ, ਖੋਲ੍ਹਿਆ ਮੇਕਸ਼ਿਫ਼ਟ ਸਕੂਲ
India Punjab

ਸੰਘਰਸ਼ ਦੇ ਨਾਲ-ਨਾਲ ਝੁੱਗੀ-ਝੋਪੜੀਆਂ ਦੇ ਬੱਚਿਆਂ ਨੂੰ ਪੜ੍ਹਨਾ-ਲਿਖਣਾ ਵੀ ਸਿਖਾ ਰਹੇ ਕਿਸਾਨ, ਖੋਲ੍ਹਿਆ ਮੇਕਸ਼ਿਫ਼ਟ ਸਕੂਲ

’ਦ ਖ਼ਾਲਸ ਬਿਊਰੋ (ਗੁਰਪ੍ਰੀਤ ਕੌਰ): ਦਿੱਲੀ ਦੀਆਂ ਸਰਹੱਦਾਂ ’ਤੇ ਲੱਖਾਂ ਕਿਸਾਨ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਅੰਦੋਲਨ ਵਾਲੀ ਥਾਂ ਵੇਖ ਇੰਞ ਜਾਪਦਾ ਹੈ ਜਿਵੇਂ ਹਾਈਵੇਅ ’ਤੇ ਕੋਈ ਨਵਾਂ ਪਿੰਡ ਵੱਸ ਗਿਆ ਹੋਵੇ। ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਵੇਖਦਿਆਂ ਹਰ ਚੀਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਤੋਂ ਇਲਾਵਾ ਇੱਥੇ ਨੌਜਵਾਨ ਕਿਸਾਨਾਂ ਨੇ ਨੇੜਲੇ ਇਲਾਕਿਆਂ ਵਿੱਚ ਝੁੱਗੀਆਂ-ਝੋਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੀ ਪੜ੍ਹਾਈ-ਲਿਖਾਈ ਦਾ ਵੀ ਬੀੜਾ ਚੁੱਕ ਲਿਆ ਹੈ।

ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਕਿਤਾਬਾਂ ਵੀ ਪੜ੍ਹ ਰਹੇ ਹਨ। ਧਰਨੇ ਵਿੱਚ ਥਾਂ-ਥਾਂ ਕਿਤਾਬਾਂ ਦੀਆਂ ਦੁਕਾਨਾਂ ਨਜ਼ਰ ਆ ਰਹੀਆਂ ਹਨ। ਜਿੱਥੇ ਕਿਸਾਨ ਅਖ਼ਬਾਰਾਂ ਤੇ ਕਿਤਾਬਾਂ ਜ਼ਰੀਏ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਰਹੇ ਹਨ, ਉੱਥੇ ਸਥਾਨਕ ਬੱਚਿਆਂ ਲਈ ਵੀ ਮੇਕਸ਼ਿਫ਼ਟ ਸਕੂਲ ਦੀ ਸ਼ੁਰੂਆਤ ਕੀਤੀ ਹੈ।

ਪੰਜਾਬ ਦੇ ਆਨੰਦਪੁਰ ਸਾਹਿਬ ਦੇ ਕਿਸਾਨਾਂ ਦੇ ਇੱਕ ਸਮੂਹ ਨੇ ਸਿੰਘੂ ਬਾਰਡਰ ’ਤੇ ਸਥਾਨਕ ਝੁੱਗੀਆਂ ਦੇ ਬੱਚਿਆਂ ਲਈ ਇੱਕ ਅਸਥਾਈ ਟੈਂਟ ’ਚ ‘ਗ਼ੈਰਰਸਮੀ ਸਕੂਲ’ ਸ਼ੁਰੂ ਕੀਤਾ ਹੈ। ਵਿਰੋਧ ਵਾਲੀ ਥਾਂ ’ਤੇ ਕੀਤੀ ਜਾਣ ਵਾਲੀ ‘ਸੇਵਾ’ ਦੇ ਰੂਪ ’ਚ ਲੇਖਕ ਬੀਰ ਸਿੰਘ ਅਤੇ ਵਕੀਲ ਦਿਨੇਸ਼ ਚੱਢਾ ਵੱਲੋਂ ਸੋਮਵਾਰ ਨੂੰ ਇਹ ਅਸਥਾਈ ਸਕੂਲ ਸ਼ੁਰੂ ਕੀਤਾ ਗਿਆ ਹੈ।

ਇਸ ਸਬੰਧੀ ਇੱਕ ਕਿਸਾਨ ਸਤਨਾਮ ਸਿੰਘ ਨੇ ਕਿਹਾ, ‘ਇੱਥੇ ਸਭ ਕੁੱਝ ‘ਸੇਵਾ’ ਹੈ। ਅਸੀਂ ਗੁਆਂਢੀ ਝੁੱਗੀ-ਝੋਪੜੀਆਂ ਦੇ ਕਈ ਬੱਚਿਆਂ ਨੂੰ ਭੋਜਨ ਲਈ ਘੁੰਮਦਿਆਂ ਵੇਖਿਆ ਅਤੇ ਸੋਚਿਆ ਕਿ ਕਿਉਂ ਨਾ ਉਨ੍ਹਾਂ ਨੂੰ ਵੀ ਰਚਨਾਤਮਕ ਤਰੀਕੇ ਨਾਲ ਕੰਮ ਕਰਨ ’ਚ ਮਦਦ ਕੀਤੀ ਜਾਵੇ।’

ਉਨ੍ਹਾਂ ਅਨੁਸਾਰ ਕਿਸਾਨਾਂ ਵਿਚਕਾਰ ਸਿੱਖਿਅਤ ਵਿਅਕਤੀ, ਜਿਨ੍ਹਾਂ ਕੋਲ ਗਰੈਜੁਏਸ਼ਨ ਜਾਂ ਪੀਐਚਡੀ ਦੀ ਡਿਗਰੀ ਹੈ, ਉਹ ਬੱਚਿਆਂ ਨੂੰ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਲਗਭਗ 60-70 ਬੱਚੇ ਰੋਜ਼ ਪੜ੍ਹਨ, ਲਿਖਣ ਅਤੇ ਕਹਾਣੀਆਂ ਨੂੰ ਸੁਣਨ ਲਈ ਉਨ੍ਹਾਂ ਕੋਲ ਆ ਰਹੇ ਹਨ।

ਸਤਨਾਮ ਸਿੰਘ ਨੇ ਕਿਹਾ, ‘ਪਹਿਲੇ ਦਿਨ ਅਸੀਂ ਉਨ੍ਹਾਂ ਨੂੰ ਫਲਾਂ ਦੇ ਰਸ ਅਤੇ ਸਨੈਕਸ ਦੇ ਕੇ ਇੱਥੇ ਆਉਣ ਅਤੇ ਪੜ੍ਹਾਈ ਕਰਨ ਲਈ ਉਤਸ਼ਾਹਿਤ ਕੀਤਾ ਸੀ ਪਰ ਪਿਛਲੇ ਦੋ ਦਿਨਾਂ ਤੋਂ ਉਹ ਖ਼ੁਦ ਹੀ ਆ ਰਹੇ ਹਨ ਅਤੇ ਆਪਣੇ ਦੋਸਤਾਂ ਨੂੰ ਵੀ ਲਿਆ ਰਹੇ ਹਨ।’

ਇਸੇ ਤਰ੍ਹਾਂ ਕੁੰਡਲੀ ਬਾਰਡਰ ’ਤੇ ਵੀ ਅਜਿਹਾ ਸਕੂਲ ਖੋਲ੍ਹਿਆ ਗਿਆ ਹੈ, ਜਿਸ ਦੀਆਂ ਸੋਸ਼ਲ ਮੀਡੀਆ ’ਤੇ ਕਾਫੀ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।


 

Exit mobile version