‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੇਰੁਜ਼ਗਾਰ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਹੈ। ਮੁਲਾਜ਼ਮਾਂ ਨੇ ਖੰਨਾ ਜੀਟੀ ਰੋਡ ‘ਤੇ ਟ੍ਰੈਫਿਕ ਜਾਮ ਕਰਕੇ ਪੋਹ ਮਹੀਨੇ ਦੀ ਠੰਡੀ ਰਾਤ ਸੜਕ ‘ਤੇ ਬਿਤਾਈ। ਅਧਿਆਪਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ। ਸਾਰੀ ਰਾਤ ਤੋਂ ਬਾਅਦ ਸਵੇਰ ਤੋਂ ਹੀ ਇਹ ਧਰਨਾ ਜਾਰੀ ਹੈ। ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ ਇਹ ਕੌਮੀ ਮਾਰਗ ਪਿਛਲੇ 24 ਘੰਟਿਆਂ ਤੋਂ ਜਾਮ ਹੈ। ਕੱਲ੍ਹ ਦਿਨ ਭਰ ਅਤੇ ਰਾਤ ਨੂੰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਸੰਘਣੀ ਧੁੰਦ ਕਾਰਨ ਧਰਨੇ ਵਾਲੀ ਥਾਂ ਤੋਂ ਪਹਿਲਾਂ ਹੀ ਸੜਕ ‘ਤੇ ਬੈਰੀਕੇਡਿੰਗ ਕੀਤੀ ਗਈ ਹੈ, ਤਾਂ ਜੋ ਕੋਈ ਹਾਦਸਾ ਨਾ ਵਾਪਰੇ।
ਧਰਨੇ ਵਿੱਚ 10 ਦੇ ਕਰੀਬ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਹਨ। ਇਸ ਵਿੱਚ ਜਲ ਸਪਲਾਈ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ, ਪਾਵਰਕੌਮ ਟਰਾਂਸਕੋ ਕੰਟਰੈਕਟ ਮੁਲਾਜ਼ਮ ਯੂਨੀਅਨ, ਮਨਰੇਗਾ ਮੁਲਾਜ਼ਮ ਯੂਨੀਅਨ, ਸੀਵਰੇਜ ਬੋਰਡ ਯੂਨੀਅਨ, 108 ਐਂਬੂਲੈਂਸ ਯੂਨੀਅਨ ਤੇ ਥਰਮਲ ਪਲਾਂਟ ਐਸੋਸੀਏਸ਼ਨ ਦੇ ਮੁਲਾਜ਼ਮ ਸ਼ਾਮਲ ਹਨ। ਇਹ ਧਰਨਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੱਦੇ ‘ਤੇ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਮੰਗਾਂ ਹਨ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਸਾਰੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਜਲਦੀ ਤੋਂ ਜਲਦੀ ਪੱਕੀ ਨੌਕਰੀ ਦਿੱਤੀ ਜਾਵੇ।