The Khalas Tv Blog Punjab SGPC ਪ੍ਰਧਾਨ ਨੇ ਸਰਕਾਰ ਤੋਂ ਮੰਗੇ ਸਿਰਫ਼ ਇਹ ਤਿੰਨ ਇਨਸਾਫ਼
Punjab

SGPC ਪ੍ਰਧਾਨ ਨੇ ਸਰਕਾਰ ਤੋਂ ਮੰਗੇ ਸਿਰਫ਼ ਇਹ ਤਿੰਨ ਇਨਸਾਫ਼

‘ਦ ਖ਼ਾਲਸ ਬਿਊਰੋ : ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦੇ ਫੈਸਲੇ ਅਤੇ ਸਿੱਖ ਮਸਲਿਆਂ ਅੰਦਰ ਆਰ.ਐਸ.ਐਸ ਦੀ ਸ਼ਹਿ ਉਤੇ ਦਖ਼ਲਅੰਦਾਜ਼ੀ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਵਿਸ਼ਾਸ ਧਰਨਾ ਦਿੱਤਾ ਗਿਆ। ਸਭ ਨੇ ਆਪਣੀਆਂ ਦਸਤਾਰਾਂ ਉੱਤੇ ਕਾਲੀਆਂ ਪੱਟੀਆਂ, ਹੱਥਾਂ ਵਿੱਚ ਪੋਸਟਰ ਅਤੇ ਕਾਲੇ ਝੰਡੇ ਫੜੇ ਹੋਏ ਸਨ।

ਐਡਵੋਕੇਟ ਧਾਮੀ ਨੇ ਅੰਮ੍ਰਿਤਸਰ ਵਿਚ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸਿੱਖਾਂ ਨੂੰ ਆਪਸ ਵਿਚ ਪਾੜਨ ਵਾਸਤੇ ਸਾਜ਼ਿਸ਼ਾਂ ਰਚ ਰਹੀ ਹੈ ਤੇ ਇਸੇ ਤਹਿਤ ਇਹ ਫੈਸਲਾ ਆਇਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਗਠਨ ਆਲ ਇੰਡੀਆ ਐਕਟ ਤਹਿਤ 1925 ਵਿਚ ਕੀਤਾ ਗਿਆ ਸੀ ਤੇ ਕਿਸੇ ਵੀ ਸੂਬੇ ਨੂੰ ਆਲ ਇੰਡੀਆ ਐਕਟ ਦੇ ਖਿਲਾਫ ਆਪਣਾ ਵੱਖਰਾ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ। ਉਹਨਾਂ ਕਿਹਾ ਕਿ ਜਾਣ ਬੁੱਝ ਕੇ ਸਿੱਖ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਜਿਹਨਾਂ ਦਾ ਮਕਸਦ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਹੈ। ਉਨ੍ਹਾਂ ਨੇ ਇਸ ਫੈਸਲੇ ਪਿੱਛੇ ਆਰਐੱਸਐਸ ਦਾ ਹੱਥ ਦੱਸਿਆ ਹੈ।

ਧਾਮੀ ਨੇ ਕਿਹਾ ਕਿ ਇਨ੍ਹਾਂ ਨੂੰ ਸਾਰਾ ਕੁਝ ਪਤਾ ਹੈ, ਇਸ ਕਰਕੇ ਅਸੀਂ ਆਪਣਾ ਦੁੱਖ ਕਿਸਦੇ ਅੱਗੇ ਰੋਈਏ। ਧਾਮੀ ਨੇ ਕੋਵਿਡ ਮਹਾਂਮਾਰੀ ਦਾ ਸਮਾਂ ਯਾਦ ਕਰਦਿਆਂ ਕਿਹਾ ਕਿ ਜਦੋਂ ਸਰਕਾਰੀ ਲੰਗਰ ਬੰਦ ਸੀ, ਉਦੋਂ 25-25, 30-30 ਹਜ਼ਾਰ ਬੰਦਿਆਂ ਦੇ ਵਾਸਤੇ ਲੰਗਰ ਗੁਰੂ ਰਾਮਦਾਸ ਦੇ ਦਰ ਤੋਂ ਗਿਆ ਸੀ। ਅਸੀਂ ਕਿਸੇ ਵੀ ਕਾਰਜ ਤੋਂ ਪਿੱਛੇ ਨਹੀਂ ਹਟੇ।

ਧਾਮੀ ਨੇ ਕਿਹਾ ਕਿ ਕੀ ਗੱਲ ਅਸੀਂ ਇਸ ਗੱਲ ਕਰਕੇ ਆਜ਼ਾਦੀ ਭਾਲਦੇ ਸੀ ਕਿ ਸਾਡੇ ਗੁਰਧਾਮਾਂ ਨੂੰ ਗੁਲਾਮ ਬਣਾ ਦਿੱਤਾ ਜਾਵੇ।  ਖ਼ਾਲਸਾ ਰਾਜ ਕੋਈ ਮਾੜੀ ਗੱਲ ਨਹੀਂ। ਅੱਜ ਜੇ ਕੋਈ ਖ਼ਾਲਸਾ ਰਾਜ ਕਹਿ ਦੇਵੇ ਤਾਂ ਉਸਨੂੰ ਅੰਦਰ ਕਰ ਦਿੱਤਾ ਜਾਂਦਾ ਹੈ।

ਧਾਮੀ ਨੇ ਕਿਹਾ ਕਿ ਅਸੀਂ ਤਿੰਨ ਇਨਸਾਫ਼ ਮੰਗਦੇ ਹਾਂ

  • ਸਿੱਖ ਬੰਦੀਆਂ ਨੂੰ ਰਿਹਾਅ ਕਰੋ, ਇਸ ਮਸਲੇ ਲਈ ਸਾਡੀਆਂ ਕਾਨੂੰਨੀ ਲੜਾਈਆਂ ਚੱਲ ਰਹੀਆਂ ਹਨ।
  • RSS ‘ਤੇ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ
  • ਜੋ ਸਿੱਖ ਗੁਰਦੁਆਰਾ ਐਕਟ ਤੋੜਿਆ ਗਿਆ, ਇਹ ਐਕਟ ਨਹੀਂ ਸੀ ਟੁੱਟਣਾ ਚਾਹੀਦਾ।

ਸੂਤਰਾਂ ਮੁਤਾਬਕ 7 ਅਕਤੂਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਵਿਸ਼ਾਲ ਮਾਰਚ ਕੱਢਿਆ ਜਾਵੇਗਾ।

Exit mobile version