The Khalas Tv Blog Punjab ਨਹੀਂ ਬੰਦ ਹੋਈਆਂ ਆਨਲਾਈਨ ਗੱਡੀਆਂ
Punjab

ਨਹੀਂ ਬੰਦ ਹੋਈਆਂ ਆਨਲਾਈਨ ਗੱਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਖਿਲਾਫ਼ ਅੱਜ ਆਨਲਾਈਨ ਅਤੇ ਆਫ਼ਲਾਈਨ ਟਰਾਂਸਪੋਰਟ ਸਰਵਿਸਜ਼ ਜਿਵੇਂ ਕਿ ਓਲਾ, ਊਬਰ ਬਾਈਕ, ਕੈਬ, ਆਟੋ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪਰ ਹੜਤਾਲ ਦਾ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ। ਆਵਾਜਾਈ ਆਮ ਵਾਂਗ ਚੱਲ ਰਹੀ ਸੀ। ਹਾਲਾਂਕਿ, ਕੁੱਝ ਆਨਲਾਈਨ ਸਰਵਿਸਜ਼ ਵਾਲੇ ਡਰਾਈਵਰ ਹੜਤਾਲ ਦਾ ਸਮਰਥਨ ਕਰ ਰਹੇ ਸਨ ਅਤੇ ਬਾਕੀਆਂ ਨੂੰ ਵੀ ਜ਼ਬਰਦਸਤੀ ਹੜਤਾਲ ਦਾ ਸਮਰਥਨ ਕਰਨ ਲਈ ਮਜ਼ਬੂਰ ਕਰ ਰਹੇ ਸਨ। ਇੱਥੋਂ ਤੱਕ ਕਿ ਜੋ ਆਟੋ ਸਵਾਰੀਆਂ ਲੈ ਕੇ ਜਾ ਰਹੇ ਸਨ, ਉਨ੍ਹਾਂ ਆਟੋ ਤੋਂ ਸਵਾਰੀਆਂ ਲੁਹਾ ਕੇ ਆਟੋ ਨੂੰ ਸਾਈਡ ਉੱਤੇ ਖੜਾ ਕਰ ਰਹੇ ਸਨ। ਇੱਕ ਆਟੋ ਡਰਾਈਵਰ ਨੇ ਕਿਹਾ ਕਿ ਜੇ ਅਸੀਂ ਇਸਦਾ ਵਿਰੋਧ ਕਰਦੇ ਹਾਂ ਤਾਂ ਉਹ ਸਾਡੇ ਆਟੋ ਨੂੰ ਡਾਂਗਾਂ ਨਾਲ ਭੰਨਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਸਾਨੂੰ ਸਵਾਰੀ ਨੂੰ ਉਤਾਰਨਾ ਪੈਂਦਾ ਹੈ। ਇੱਕ ਆਟੋ ਡਰਾਈਵਰ ਨੇ ਕਿਹਾ ਕਿ ਉਸਨੇ ਇੱਕ ਸਵਾਰੀ ਨੂੰ ਉਸਦੇ ਦੱਸੇ ਹੋਏ ਪਤੇ ਉੱਤੇ ਉਤਾਰਿਆ ਪਰ ਪ੍ਰਦਰਸ਼ਨਕਾਰੀਆਂ ਨੇ ਸਵਾਰੀਆਂ ਕੋਲੋਂ ਉਸਨੂੰ ਪੈਸੇ ਨਾ ਲੈਣ ਦਿੱਤੇ ਹਾਲਾਂਕਿ, ਸਵਾਰੀ ਉਸਨੂੰ ਪੈਸੇ ਦੇ ਰਹੀ ਸੀ। ਉਨ੍ਹਾਂ ਨੇ ਇਸਨੂੰ ਧੱਕਾਸ਼ਾਹੀ ਕਰਾਰ ਦਿੱਤਾ।

ਆਟੋ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਇਸ ਹੜਤਾਲ ਦਾ ਬਿਲਕੁਲ ਵੀ ਸਮਰਥਨ ਨਹੀਂ ਕਰਦੇ। ਉਨ੍ਹਾਂ ਨੇ ਕੰਪਨੀਆਂ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਇਨ੍ਹਾਂ ਕੰਪਨੀਆਂ ਨੇ ਆਟੋ ਵਾਲਿਆਂ ਤੋਂ ਆਪਣਾ ਕਿਰਾਇਆ ਘੱਟ ਕਰਕੇ ਸਵਾਰੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਹੁਣ ਇਨ੍ਹਾਂ ਨੂੰ ਘਾਟਾ ਪੈ ਰਿਹਾ ਹੈ, ਜਿਸ ਕਰਕੇ ਇਹ ਆਪਣੇ ਫਾਇਦੇ ਦੇ ਲਈ ਹੜਤਾਲ ਕਰ ਰਹੇ ਹਨ ਤਾਂ ਜੋ ਇਨ੍ਹਾਂ ਦਾ ਕਿਰਾਇਆ ਵਧਾਇਆ ਜਾਵੇ। ਆਟੋ ਵਾਲਿਆਂ ਨੇ ਕਿਹਾ ਕਿ ਪਹਿਲਾਂ ਸਾਡਾ ਕੰਮਕਾਜ ਠੱਪ ਕਰਕੇ ਹੁਣ ਇਹ ਆਪਣਾ ਕਿਰਾਇਆ ਵਧਾਉਣ ਲਈ ਕਹਿ ਰਹੇ ਹਨ। ਜੋ ਸਵਾਰੀ ਅਸੀਂ 100 ਰੁਪਏ ਵਿੱਚ ਕਿਸੇ ਜਗ੍ਹਾ ਲੈ ਕੇ ਜਾਂਦੇ ਹਾਂ, ਉਹੀ ਸਵਾਰੀ ਇਹ ਸਾਡੇ ਤੋਂ ਘੱਟ ਕਿਰਾਏ ਉੱਤੇ ਉੱਥੇ ਲੈ ਕੇ ਜਾਂਦੇ ਹਨ ਜਿਸ ਕਰਕੇ ਜ਼ਿਆਦਾਤਾਰ ਲੋਕ ਇਨ੍ਹਾਂ ਨੂੰ ਚੁਣਦੇ ਹਨ। ਆਟੋ ਵਾਲਿਆਂ ਨੇ ਕਿਹਾ ਕਿ ਜੇ ਇਹਨਾਂ ਦਾ ਕਿਰਾਇਆ ਵੱਧ ਵੀ ਜਾਂਦਾ ਹੈ ਤਾਂ ਵੀ ਅਸੀਂ ਆਪਣਾ ਕਿਰਾਇਆ ਓਨਾ ਹੀ ਰੱਖਾਂਗੇ ਜਿੰਨਾ ਹੁਣ ਹੈ ਪਰ ਉੱਧਰ ਹੀ ਕੁੱਝ ਆਟੋ ਡਰਾਈਵਰਾਂ ਕਹਿ ਰਹੇ ਹਨ ਕਿ ਜੇ ਇਨ੍ਹਾਂ ਦਾ ਕਿਰਾਇਆ ਵਧੇਗਾ ਤਾਂ ਅਸੀਂ ਵੀ ਆਪਣਾ ਕਿਰਾਇਆ ਵਧਾਵਾਂਗੇ। ਕੁੱਝ ਆਟੋ ਵਾਲਿਆਂ ਨੇ ਕਿਹਾ ਕਿ ਕਿਰਾਏ ਤਾਂ ਵਧਣੇ ਚਾਹੀਦੇ ਹਨ ਕਿਉਂਕਿ ਮਹਿੰਗਾਈ ਬਹੁਤ ਵੱਧ ਗਈ ਹੈ।

ਕਈ ਡਰਾਈਵਰਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅੱਜ ਕੋਈ ਹੜਤਾਲ ਹੈ। ਪਰ ਉਨ੍ਹਾਂ ਨੇ ਕਿਹਾ ਕਿ ਉਹ ਇਸ ਹੜਤਾਲ ਦਾ ਸਮਰਥਨ ਕਰਦੇ ਹਨ, ਹਾਲਾਂਕਿ, ਇਸਦੇ ਬਾਵਜੂਦ ਵੀ ਉਹ ਆਨਲਾਈਨ ਸਰਵਿਸ ਪੂਰੀ ਤਰ੍ਹਾਂ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਹੁਣ ਪਤਾ ਲੱਗਣ ਤੋਂ ਬਾਅਦ ਕੀ ਤੁਸੀਂ ਇਸ ਹੜਤਾਲ ਦਾ ਸਮਰਥਨ ਕਰੋਗੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੀ ਜਥੇਬੰਦੀ ਵੱਲੋਂ ਸਾਨੂੰ ਕੋਈ ਸੰਦੇਸ਼ ਨਹੀਂ ਆਇਆ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਹੜਤਾਲ ਦਾ ਸੱਦਾ ਸਾਰਿਆਂ ਨੂੰ ਸਹੀ ਢੰਗ ਨਾਲ ਪਹੁੰਚਾਇਆ ਨਹੀਂ ਗਿਆ ਜਾਂ ਫਿਰ ਕੁੱਝ ਡਰਾਈਵਰ ਇਸ ਹੜਤਾਲ ਦੇ ਸੱਦੇ ਨਾਲ ਸਹਿਮਤ ਨਹੀਂ ਹਨ। ਕਿਉਂਕਿ ਅੱਜ ਕਈਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਹੜਤਾਲ ਹੈ ਅਤੇ ਬਾਅਦ ਵਿੱਚ ਪਤਾ ਲੱਗਣ ਦੇ ਬਾਅਦ ਵੀ ਆਪਣੀ ਸਰਵਿਸ ਜਾਰੀ ਰੱਖ ਰਹੇ ਹਨ। ਜੋ ਲੋਕ ਦੇਰ-ਸਵੇਰ ਆਪਣੀਆਂ ਕੰਪਨੀਆਂ ਤੋਂ ਕੰਮ ਖ਼ਤਮ ਕਰਕੇ ਆਨਲਾਈਨ ਟਰਾਂਸਪੋਰਟ ਸਰਵਿਸ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਕਿਤੇ ਨਾ ਕਿਤੇ ਚਿੰਤਾ ਸੀ ਕਿ ਅੱਜ ਉਹਨਾਂ ਨੂੰ ਘਰ ਜਾਣ ਲਈ ਕੋਈ ਆਨਲਾਈਨ ਜਾਂ ਆਫ਼ਲਾਈਨ ਵਾਹਨ ਮਿਲੇਗਾ ਜਾਂ ਨਹੀਂ। ਪਰ ਅੱਜ ਦੇ ਹੁੰਗਾਰੇ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਇਸ ਹੜਤਾਲ ਨੂੰ ਕੋਈ ਸਫ਼ਲਤਾ ਨਹੀਂ ਮਿਲ ਰਹੀ।

Exit mobile version