The Khalas Tv Blog India PM ਮੋਦੀ ਖਿਲਾਫ ਲੰਡਨ ‘ਚ ਮੁੜ ਕੱਠੇ ਹੋਏ ਲੋਕ, ਨਿੱਕੇ ਬੱਚੇ ਵੀ ਨਿਕਲੇ ਘਰਾਂ ‘ਚੋਂ ਬਾਹਰ
India International Punjab

PM ਮੋਦੀ ਖਿਲਾਫ ਲੰਡਨ ‘ਚ ਮੁੜ ਕੱਠੇ ਹੋਏ ਲੋਕ, ਨਿੱਕੇ ਬੱਚੇ ਵੀ ਨਿਕਲੇ ਘਰਾਂ ‘ਚੋਂ ਬਾਹਰ

‘ਦ ਖ਼ਾਲਸ ਬਿਊਰੋ (ਪੁੁਨੀਤ ਕੌਰ) :- ਲਖੀਮਪੁਰ ਖੀਰੀ ਵਿੱਚ 3 ਅਕਤੂਬਰ ਨੂੰ ਵਾਪਰੀ ਘਟਨਾ ਨੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਾਰੇ ਲੋਕਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਹਰ ਕੋਈ ਆਪਣੇ ਪੱਧਰ ‘ਤੇ ਇਸ ਘਟਨਾ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਇਸ ਘਟਨਾ ਦੀ ਸੋਗ ਲਹਿਰ ਸੱਤ ਸਮੁੰਦਰੋਂ ਪਾਰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਵੀ ਪਹੁੰਚੀ ਹੈ।

ਬਰਮਿੰਘਮ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦੇ ਬਾਹਰ ਲੋਕਾਂ ਵੱਲੋਂ 9 ਅਕਤੂਬਰ ਨੂੰ ਦੁਪਹਿਰ 12 ਵਜੇ ਇਸ ਘਟਨਾ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਜਿੱਥੇ ਸ਼ਰਧਾਂਜਲੀ ਦਿੱਤੀ ਗਈ, ਉੱਥੇ ਹੀ ਮੋਦੀ ਸਰਕਾਰ ਨੂੰ ਲਾਹਨਤਾਂ ਵੀ ਪਾਈਆਂ ਗਈਆਂ।

ਉੱਥੇ ਮੌਜੂਦ ਜਿੰਨੇ ਵੀ ਲੋਕਾਂ ਦੇ ਹੱਥਾਂ ਵਿੱਚ ਪੋਸਟਰ, ਬੋਰਡ ਫੜ੍ਹੇ ਹੋਏ ਸਨ, ਸਭ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੂਬ ਲਾਹਨਤਾਂ ਪਾਈਆਂ ਗਈਆਂ, ਇੱਥੋਂ ਤੱਕ ਕਿ ਮੋਦੀ ਨੂੰ ਮੁੜ ਸਕੂਲ ਭੇਜਣ ਦਾ ਵੀ ਇੱਕ ਪੋਸਟਰ ਵਿੱਚ ਸੁਨੇਹਾ ਦਿੱਤਾ ਗਿਆ ਅਤੇ ਇਹ ਪੋਸਟਰ ਫੜ੍ਹਿਆ ਵੀ ਇੱਕ ਨਿੱਕੀ ਜਿਹੀ ਬੱਚੀ ਨੇ ਸੀ।

ਉੱਥੇ ਮੌਜੂਦ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਨੂੰ ਲਖੀਮਪੁਰ ਖੀਰੀ ਵਿੱਚ ਸ਼ਹੀਦ ਹੋਏ ਕਿਸਾਨਾਂ ਪ੍ਰਤੀ ਦਰਦ ਸੀ ਪਰ ਲਖੀਮਪੁਰ ਖੀਰੀ ਦੇ ਨੇੜੇ ਵੱਸਦੇ ਸਾਡੇ ਪ੍ਰਧਾਨ ਮੰਤਰੀ ਅਤੇ ਬਾਕੀ ਸਿਆਸੀ ਲੀਡਰਾਂ ਨੂੰ ਸ਼ਾਇਦ ਜਿਵੇਂ ਇਸ ਘਟਨਾ ਦਾ ਪਤਾ ਹੀ ਨਾ ਹੋਵੇ ਜਾਂ ਫਿਰ ਕਹਿ ਲਈਏ ਕਿ ਦੇਖ ਕੇ ਅਣਡਿੱਠ ਕਰ ਦਿੱਤਾ ਹੋਵੇ। ਜਿੱਥੇ ਉੱਥੇ ਮੌਜੂਦ ਲੋਕਾਂ ਵੱਲੋਂ ਤਕਰੀਰਾਂ ਕੀਤੀਆਂ ਗਈਆਂ, ਉੱਥੇ ਹੀ ਪੋਸਟਰਾਂ ਰਾਹੀਂ ਵੀ ਕਈ ਕੁੱਝ ਬਿਨਾਂ ਬੋਲਿਆਂ ਹੀ ਬਿਆਨ ਹੋ ਗਿਆ।

ਇਸਦੇ ਨਾਲ ਹੀ ਸਥਾਨਕ ਲੋਕਾਂ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਆਸ਼ੀਸ਼ ਮਿਸ਼ਰਾ ਨੂੰ ਕੱਲ੍ਹ ਪੁਲਿਸ ਵੱਲੋਂ ਛੇ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਹ ਤਸਵੀਰਾਂ ਤੁਸੀਂ ਬਰਮਿੰਘਮ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇ ਰਹੇ ਲੋਕਾਂ ਦੀਆਂ ਵੇਖ ਰਹੇ ਹੋ :

Exit mobile version