‘ਦ ਖ਼ਾਲਸ ਬਿਊਰੋ:- ਅੱਜ ਲੁਧਿਆਣਾ ‘ਚ ਲੋਕ ਇਨਸਾਫ ਪਾਰਟੀ ਵੱਲੋਂ ਵਿਧਾਇਕ ਅਤੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਪਾਰਟੀ ਦੇ ਵਰਕਰਾਂ ਵੱਲੋਂ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ, ਪੁਲਿਸ ਕਮਿਸ਼ਨਰ ਦਫਤਰ ਵੱਲ ਵੱਧ ਰਹੇ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਪਹਿਲਾ ਹੀ ਰੋਕ ਲਿਆ ਹੈ, ਜਿਸ ਤੋਂ ਬਾਅਦ ਪਾਰਟੀ ਦੇ ਸਾਰੇ ਵਰਕਰ ਉੱਥੇ ਹੀ ਧਰਨੇ ‘ਤੇ ਬੈਠ ਗਏ ਹਨ।
ਦੋ ਦਿਨ ਪਹਿਲਾਂ 9 ਅਗਸਤ ਨੂੰ ਲੋਕ ਇਨਸਾਫ ਪਾਰਟੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਪੁਲਿਸ ਪ੍ਰਸ਼ਾਸ਼ਨ ‘ਤੇ ਗੁੰਡਾਗਰਦੀ ਕਰਨ ਵਾਲਿਆਂ ਦਾ ਸਾਥ ਦੇਣ ਦੇ ਨਾਲ ਇੱਕ ਤਰਫਾ ਕਾਰਵਾਈ ਕਰਨ ਅਤੇ ਪਾਰਟੀ ਦੇ ਮੈਂਬਰ ਦੀ ਦਸਤਾਰ ਦੀ ਬੇਅਦਬੀ ਦੇ ਇਲਜ਼ਾਮ ਲਾਏ ਹਨ। ਜਿਸ ਕਰਕੇ ਹੁਣ ਧਰਨੇ ‘ਤੇ ਬੈਠੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਾਡੇ ਵਰਕਰ ਸਨੀ ਕੈਂਥ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ‘ਤੇ FIR ਦਰਜ ਨਹੀਂ ਕੀਤੀ ਜਾਂਦੀ, ਉਦੋਂ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।
ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਧਰਨਾਕਾਰੀਆਂ ਵੱਲੋਂ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਪੁਲਿਸ ਵੱਲੋਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇਕਰ ਧਰਨਾਕਾਰੀਆਂ ਨੇ ਪੁਲਿਸ ਦੀ ਗੱਲ ਨੂੰ ਅਣਗੌਲਿਆਂ ਕੀਤਾ ਤਾਂ ਇਹਨਾਂ ਸਾਰਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਵੱਡੀ ਗਿਣਤੀ ‘ਚ ਧਰਨੇ ‘ਤੇ ਬੈਠੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਸਮੇਤ ਪਾਰਟੀ ਦੇ ਵਰਕਰਾਂ ਵੱਲੋਂ ਮਾਸਕ ਗਲਾ ਵਿੱਚ ਤਾਂ ਲਟਕਾਏ ਹੋਏ ਜਰੂਰ ਦਿਖਾਈ ਦੇ ਰਹੇ ਹਨ ਪਰ ਬੈਂਸ ਸਮੇਤ ਕਿਸੇ ਮੈਂਬਰ ਦਾ ਮੂੰਹ ਢਕਿਆ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਸ਼ੋਸਲ ਡਿੰਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਹੈ।