The Khalas Tv Blog India ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
India

ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ

ਦਿੱਲੀ : ਪ੍ਰਿਅੰਕਾ ਗਾਂਧੀ ਨੇ ਵੀਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਸਵੇਰੇ ਕਰੀਬ 11 ਵਜੇ ਸਦਨ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਆਪਣੇ ਹੱਥ ਵਿੱਚ ਸੰਵਿਧਾਨ ਦੀ ਲਾਲ ਰੰਗ ਦੀ ਕਾਪੀ ਲੈ ਕੇ ਸਹੁੰ ਚੁੱਕੀ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਜਿੱਤੇ ਸਨ। ਪ੍ਰਿਅੰਕਾ ਗਾਂਧੀ ਨੇ ਪਹਿਲੀ ਵਾਰ ਚੋਣ ਲੜੀ ਸੀ।

ਇਹ ਸੀਟ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਨੇ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਲੜੀ ਸੀ ਅਤੇ ਦੋਵਾਂ ਥਾਵਾਂ ਤੋਂ ਜਿੱਤ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ ਉਨ੍ਹਾਂ ਨੇ ਵਾਇਨਾਡ ਸੀਟ ਛੱਡ ਦਿੱਤੀ। ਇਸ ਤੋਂ ਇਲਾਵਾ ਮਹਾਰਾਸ਼ਟਰ ਤੋਂ ਜਿੱਤ ਕੇ ਸੰਸਦ ਪਹੁੰਚੇ ਰਵਿੰਦਰ ਬਸੰਤਰਾਓ ਚਵਾਨ ਨੇ ਵੀ ਲੋਕ ਸਭਾ ਦੀ ਮੈਂਬਰਸ਼ਿਪ ਲਈ। ਉਨ੍ਹਾਂ ਨੇ ਮਰਾਠੀ ਵਿੱਚ ਸਹੁੰ ਚੁੱਕੀ।

ਬਸੰਤਰਾਓ ਚਵਾਨ ਕਾਂਗਰਸ ਦੀ ਟਿਕਟ ‘ਤੇ ਨਾਂਦੇੜ ਤੋਂ ਚੋਣ ਜਿੱਤ ਕੇ ਸੰਸਦ ਪਹੁੰਚੇ ਹਨ। ਇਹ ਸੀਟ ਬਸੰਤਰਾਓ ਬਲਵੰਤਰਾਓ ਚਵਾਨ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ।

ਬੁੱਧਵਾਰ ਨੂੰ ਕੇਰਲ ਕਾਂਗਰਸ ਨੇਤਾਵਾਂ ਨੇ ਪ੍ਰਿਯੰਕਾ ਨੂੰ ਜਿੱਤ ਦਾ ਪ੍ਰਮਾਣ ਪੱਤਰ ਸੌਂਪਿਆ। ਵਾਇਨਾਡ ‘ਚ ਪ੍ਰਿਅੰਕਾ ਗਾਂਧੀ ਨੂੰ 6 ਲੱਖ 22 ਹਜ਼ਾਰ 338 ਵੋਟਾਂ ਮਿਲੀਆਂ, ਜਦਕਿ ਸੀਪੀਆਈ ਉਮੀਦਵਾਰ ਸਤਿਅਮ ਮੋਕੇਰੀ 2 ਲੱਖ 11407 ਵੋਟਾਂ ਨਾਲ ਦੂਜੇ ਸਥਾਨ ‘ਤੇ ਰਹੇ। ਇਸ ਸੀਟ ‘ਤੇ ਭਾਜਪਾ ਤੀਜੇ ਨੰਬਰ ‘ਤੇ ਰਹੀ। ਭਾਜਪਾ ਉਮੀਦਵਾਰ ਨਵਿਆ ਹਰੀਦਾਸ ਨੂੰ 1 ਲੱਖ 99939 ਵੋਟਾਂ ਮਿਲੀਆਂ।

ਪ੍ਰਿਅੰਕਾ ਗਾਂਧੀ ਸਹੁੰ ਚੁੱਕ ਸਮਾਗਮ ਤੋਂ ਬਾਅਦ 30 ਅਤੇ 1 ਦਸੰਬਰ ਨੂੰ ਵਾਇਨਾਡ ਜਾਣਗੇ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੀ ਇਸ ਦੌਰਾਨ ਪ੍ਰਿਅੰਕਾ ਗਾਂਧੀ ਨਾਲ ਮੌਜੂਦ ਹੋ ਸਕਦੇ ਹਨ। ਪ੍ਰਿਅੰਕਾ ਗਾਂਧੀ ਆਪਣੇ ਦੋ ਦਿਨਾਂ ਦੌਰੇ ਦੌਰਾਨ ਵਾਇਨਾਡ ਵਿੱਚ ਸੱਤ ਰੋਡ ਸ਼ੋਅ ਕਰਨਗੇ। ਉਹ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ ਰੋਡ ਸ਼ੋਅ ਕਰੇਗੀ।

 

 

Exit mobile version