The Khalas Tv Blog Punjab ਬਠਿੰਡਾ ਜੇਲ੍ਹ ‘ਚ ਕੈਦੀ ਬੈਠੇ ਭੁੱਖ ਹੜਤਾਲ ‘ਤੇ , ਪ੍ਰਸਾਸ਼ਨ ਅੱਗੇ ਰੱਖੀ ਇਹ ਮੰਗ…
Punjab

ਬਠਿੰਡਾ ਜੇਲ੍ਹ ‘ਚ ਕੈਦੀ ਬੈਠੇ ਭੁੱਖ ਹੜਤਾਲ ‘ਤੇ , ਪ੍ਰਸਾਸ਼ਨ ਅੱਗੇ ਰੱਖੀ ਇਹ ਮੰਗ…

ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ 50 ਦੇ ਕਰੀਬ ਕੈਦੀ ਭੁੱਖ ਹੜਤਾਲ ’ਤੇ ਹਨ। ਇਨ੍ਹਾਂ ਵਿੱਚ ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਸਮੇਤ ਹੋਰ ਕੈਦੀ ਵੀ ਸ਼ਾਮਲ ਹਨ। ਇਨ੍ਹਾਂ ਕੈਦੀਆਂ ਨੇ ਪਿਛਲੇ ਤਿੰਨ ਦਿਨਾਂ ਤੋਂ ਕੁਝ ਨਹੀਂ ਖਾਧਾ। ਇਸ ਦਾ ਕਾਰਨ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨਾ ਹੈ।

ਦਰਅਸਲ ਨਾਭਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਗੁਰਪ੍ਰੀਤ ਸਿੰਘ ਅਤੇ ਹੋਰ ਕੈਦੀਆਂ ਨੇ ਜੇਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਬੈਰਕਾਂ ‘ਚ ਟੀ.ਵੀ. ਲਗਾਇਆ ਜਾਵੇ।  ਮੁਲਜ਼ਮ ਕੈਦੀ ਗੁਰਪ੍ਰੀਤ ਸਿੰਘ ਦੇ ਪਿਤਾ ਜਗੀਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਫੋਨ ’ਤੇ ਗੱਲ ਕੀਤੀ। ਪੁੱਤਰ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਟੀਵੀ ਦਾ ਪ੍ਰਬੰਧ ਕਰਨ ਲਈ ਕਿਹਾ, ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ।

ਕੈਦੀਆਂ ਨੇ ਜੇਲ੍ਹ ਪ੍ਰਸ਼ਾਸਨ ਤੋਂ ਆਪਣੇ ਖਰਚੇ ‘ਤੇ ਟੀਵੀ ਸੈੱਟ ਲਗਾਉਣ ਦੀ ਇਜਾਜ਼ਤ ਮੰਗੀ ਹੈ। ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਕੈਦੀ ਇਸ ਸਹੂਲਤ ਦੀ ਦੁਰਵਰਤੋਂ ਕਰਦਾ ਹੈ ਤਾਂ ਉਸ ਤੋਂ ਇਹ ਸਹੂਲਤ ਵਾਪਸ ਲੈ ਲਈ ਜਾਵੇ।

ਮੁਲਜ਼ਮ ਕੈਦੀ ਗੁਰਪ੍ਰੀਤ ਸਿੰਘ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੋਂ ਪਤਾ ਲੱਗਾ ਹੈ ਕਿ ਫਿਰੋਜ਼ਪੁਰ ਜੇਲ੍ਹ ਵਿੱਚ ਟੈਲੀਵਿਜ਼ਨ ਦਾ ਪ੍ਰਬੰਧ ਹੈ। ਇਸ ਕਾਰਨ ਜੇਲ੍ਹ ਵਿੱਚ ਬੰਦ ਕੈਦੀਆਂ ਦਾ ਸਮਾਂ ਲੰਘ ਜਾਂਦਾ ਹੈ। ਪਰ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਅਜਿਹਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਸ ਦਾ ਪੁੱਤਰ ਤੇ ਹੋਰ ਕੈਦੀ ਪ੍ਰੇਸ਼ਾਨ ਹਨ।

ਪੰਜਾਬ ਸਰਕਾਰ ਨੂੰ ਮੰਗ ਪੂਰੀ ਕਰਨ ਦੀ ਅਪੀਲ

ਦੋਸ਼ੀ ਕੈਦੀ ਗੁਰਪ੍ਰੀਤ ਸਿੰਘ ਦਾ ਪਿਤਾ ਜਗੀਰ ਸਿੰਘ ਚਿੰਤਤ ਹੈ ਕਿਉਂਕਿ ਉਸ ਦਾ ਪੁੱਤਰ ਅਤੇ ਹੋਰ ਕੈਦੀ ਪਿਛਲੇ 3 ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ। ਇਸ ਕਾਰਨ ਉਸ ਨੇ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਕੈਦੀਆਂ ਦੀਆਂ ਬੈਰਕਾਂ ਵਿੱਚ ਟੀਵੀ ਲਗਾਇਆ ਜਾਵੇ, ਤਾਂ ਜੋ ਉਸ ਦਾ ਪੁੱਤਰ ਅਤੇ ਹੋਰ ਕੈਦੀ ਭੁੱਖ ਹੜਤਾਲ ਖ਼ਤਮ ਕਰ ਸਕਣ। ਜਗੀਰ ਸਿੰਘ ਨੇ ਦੱਸਿਆ ਕਿ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਫ਼ੋਨ ‘ਤੇ ਗੱਲ ਕਰਨ ਦੀ ਇਜਾਜ਼ਤ ਮਿਲਣ ਦੌਰਾਨ ਉਸ ਨੇ ਆਪਣੇ ਪੁੱਤਰ ਨਾਲ ਗੱਲ ਕੀਤੀ | ਉਨ੍ਹਾਂ ਦੱਸਿਆ ਕਿ ਇਹ ਸਾਰੇ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ‘ਤੇ ਹਨ।

Exit mobile version