The Khalas Tv Blog Punjab ਜੇਲ੍ਹ ‘ਚ ਚੱਲੇ ਮੁੜ ਸਰੀਏ, ਪਾਈਪਾਂ
Punjab

ਜੇਲ੍ਹ ‘ਚ ਚੱਲੇ ਮੁੜ ਸਰੀਏ, ਪਾਈਪਾਂ

‘ਦ ਖ਼ਾਲਸ ਬਿਊਰੋ : ਗੁਰਦਾਸਪੁਰ (Gurdaspur) ਦੀ ਕੇਂਦਰੀ ਜੇਲ੍ਹ (Centre Jail) ਦੇ ਸੁਰੱਖਿਆ ਪ੍ਰਬੰਧ (Security) ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ। ਦਰਅਸਲ, ਕੇਂਦਰੀ ਜੇਲ੍ਹ ਵਿੱਚ ਮੁੜ ਹਵਾਲਾਤੀਆਂ (Prisnors) ਦਰਮਿਆਨ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੇਲ੍ਹ ਵਿੱਚ ਦੋ ਧਿਰਾਂ ਵਿੱਚ ਜ਼ਬਰਦਸਤ ਲੜਾਈ ਹੋਈ, ਜਿਸ ਵਿੱਚ ਇੱਕ ਧਿਰ ਦੇ ਸੱਤ ਹਵਾਲਾਤੀਆਂ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਬੈਰਕ ਨੰਬਰ 9 ਅਤੇ 10 ਦੀਆਂ ਚੱਕੀਆਂ ਦੇ ਕੁਝ ਹਵਾਲਾਤੀਆਂ ਦੀ ਦੋ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬੈਰਕ ਨੰਬਰ 4 ਦੇ ਕੁਝ ਹਵਾਲਾਤੀਆਂ ਨਾਲ ਝੜਪ ਹੋਈ ਸੀ। ਉਸ ਦੇ ਸਿੱਟੇ ਵਜੋਂ ਹੀ ਅੱਜ 9 ਅਤੇ 10 ਨੰਬਰ ਬੈਰਕ ਦੇ ਹਵਾਲਾਤੀਆਂ ਨੇ ਇਕੱਠੇ ਹੋ ਕੇ ਬੈਰਕ ਨੰਬਰ 4 ਦੇ ਹਵਾਲਾਤੀਆਂ ਉੱਤੇ ਹਮਲਾ ਕਰ ਦਿੱਤਾ।

ਜਾਣਕਾਰੀ ਅਨੁਸਾਰ ਹਮਲਾਵਰਾਂ ਕੋਲ ਸਰੀਏ ਪਾਈਪਾਂ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਗਏ ਸੂਏ ਵੀ ਸੀ, ਜੋ ਇਸ ਹਮਲੇ ਦੌਰਾਨ ਵਰਤੇ ਗਏ। ਹਮਲੇ ਦੌਰਾਨ 7 ਹਵਾਲਾਤੀ ਜ਼ਖ਼ਮੀ ਹੋਏ ਅਤੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਅਨੁਸਾਰ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਦੀ ਰਿਪੋਰਟ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ।

ਇਕ ਜ਼ਖ਼ਮੀ ਹਵਾਲਾਤੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਪੇਸ਼ੀ ਤੋਂ ਵਾਪਸ ਆ ਕੇ ਖਾਣਾ ਬਣਾ ਰਹੇ ਸਨ ਕਿ ਬੈਰਕ ਨੰਬਰ 9 ਅਤੇ 10 ਦੇ 20-25 ਹਵਾਲਾਤੀਆਂ ਨੇ ਉਹਨਾਂ ਦੀ ਬੈਰਕ ਨੰਬਰ 4 ਦੇ ਹਵਾਲਾਤੀਆਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਬੈਰਕ ਦੇ ਕੁਝ ਹਵਾਲਾਤੀਆਂ ਨਾਲ ਇਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ ਜਿਸ ਦਾ ਬਦਲਾ ਲੈਣ ਲਈ ਹੀ ਉਹਨਾਂ ਨੇ ਹਮਲਾ ਕੀਤਾ ਹੈ। ਉਸ ਨੇ ਦੱਸਿਆ ਕਿ ਹਮਲਾਵਰਾਂ ਨੇ ਪਾਈਪਾਂ ,ਸਰੀਏ ਅਤੇ ਸਰੀਏ ਨੂੰ ਤਿੱਖੇ ਕਰਕੇ ਬਣਾਏ ਸੂਏਆਂ ਦਾ ਹਮਲੇ ਦੌਰਾਨ ਜੰਮ ਕੇ ਪ੍ਰਯੋਗ ਕੀਤਾ, ਜਿਸ ਕਾਰਨ ਉਨ੍ਹਾਂ ਦੀ ਬੈਰਕ ਦੇ ਕੁੱਲ 7 ਲੋਕਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ।

Exit mobile version