The Khalas Tv Blog Khaas Lekh ਭਗਵੰਤ ਮਾਨ ਤੋਂ ਬਾਅਦ ਮੰਤਰੀ ਜੌੜੇਮਾਜਰਾ ਦੀ ਸ਼ੁਰਲੀ
Khaas Lekh Khalas Tv Special Punjab

ਭਗਵੰਤ ਮਾਨ ਤੋਂ ਬਾਅਦ ਮੰਤਰੀ ਜੌੜੇਮਾਜਰਾ ਦੀ ਸ਼ੁਰਲੀ

ਕਮਲਜੀਤ ਸਿੰਘ ਬਨਵੈਤ

‘ਦ ਖ਼ਾਲਸ ਬਿਊਰੋ :ਪੰਜਾਬ ਸਰਕਾਰ ਵੱਲੋਂ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ 158 ਦਾ ਸਟੇਟ ਐਵਾਰਡ ਨਾਲ ਸਨਮਾਨ ਕੀਤਾ ਗਿਆ ਹੈ । ਜਿਨ੍ਹਾਂ ਵਿੱਚ ਪਿਛਲੇ ਦੋ ਸਾਲਾਂ ਦੇ 93 ਅਧਿਆਪਕਾਂ ਦਾ ਪੂਰ ਵੀ ਲੰਘਾ ਦਿੱਤਾ ਗਿਆ ਹੈ । ਸਾਲ 2022 ਲਈ ਕੁੱਲ 65 ਅਧਿਆਪਕ ਚੁਣੇ ਗਏ ਸਨ । ਜਦ ਕਿ ਸਨਮਾਨ ਲੈਣ ਵਾਲਿਆ ਵਿੱਚ 2020 ਵਿੱਚ 44 ਤੇ 2021 ਲਈ 47 ਅਤੇ 2016 ਦੇ ਇੱਕ ਸਮੇਤ 2021 ਦੀ ਇੱਕ ਕੌਮੀ ਐਵਾਰਡ ਲਈ ਚੁਣੀ ਗਈ ਅਧਿਆਪਕਾ ਵੀ ਸ਼ਾਮਲ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮੌਕੇ ਦੋ ਵੱਡੇ ਐਲਾਨ ਕੀਤੇ ਗਏ ਹਨ । ਇੱਕ ਤਾਂ 8736 ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਹੈ । ਦੂਜਾ, ਯੂਨੀਵਰਸਿਟੀਆਂ ਤੇ ਕਾਲਜਾਂ ਦੇ ਅਧਿਆਪਕਾਂ ਨੂੰ ਪਹਿਲੀ ਸਤੰਬਰ ਤੋਂ ਸੱਤਵੇ ਤਨਖ਼ਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ ।

ਉਂਝ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅਧਿਆਪਕ ਦਿਵਸ ਮੌਕੇ ਕੀਤੇ ਐਲਾਨ ਨੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ । ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਉਚੇਰੀ ਸਿੱਖਿਆ ਮੰਤਰੀ ਦੇ ਬਿਆਨ ਨੇ ਪੜ੍ਹੇ- ਲਿਖੇ ਬੇਰੁਜ਼ਗਾਰਾਂ ਨੂੰ ਨੌਕਰੀ ਦੀ ਬੱਝੀ ਉਮੀਦ ‘ਤੇ ਪਾਣੀ ਫੇਰ ਦਿੱਤਾ ਹੈ । ਉਚੇਰੀ ਸਿੱਖਿਆ ਮੰਤਰੀ ਅਨੁਸਾਰ ਹੁਣ ਪੰਜਾਬ ਭਰ ਦੇ ਸਰਕਾਰੀ ਕਾਲਜਾਂ ਵਿੱਚ ਸੇਵਾ ਮੁਕਤ ਅਧਿਆਪਕਾਂ ਨੂੰ ਵਿਜਟਿੰਗ ਲੈਕਚਰਾਰ ਵੱਜੋਂ ਭਰਤੀ ਕਰੇਗੀ । ਮੰਤਰੀ ਨੇ ਇਸ ਨਾਲ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਘਾਟ ਦੂਰ ਕਰਨ ਦਾ ਦਾਅਵਾ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ ਵਿਜਟਿੰਗ ਲੈਕਚਰਾਰਾਂ ਨਾਲ ਕੰਮ ਸਾਰ ਲਿਆ ਜਾਵੇਗਾ । ਸਰਕਾਰ ਵੱਲੋਂ ਲਏ ਫੈਸਲੇ ਅਨੁਸਾਰ 400 ਸੇਵਾ ਮੁਕਤ ਅਧਿਆਪਕ ਰੱਖੇ ਜਾਣਗੇ ਅਤੇ ਇਸ ਲਈ 400 ਕਰੋੜ ਦਾ ਬਜਟ ਪਾਸ ਕੀਤਾ ਗਿਆ ਹੈ । ਇਨ੍ਹਾਂ ਵਿਜਟਿੰਗ ਲੈਕਚਰਾਰ ਨੂੰ ਪੈਂਡ਼ੂ ਖੇਤਰ ਦੇ ਕਾਲਜਾਂ ਵਿੱਚ ਪੜ੍ਹਾਉਣ ਲਈ ਪ੍ਰਤੀ ਪੀਰੀਅਡ 850 ਰੁਪਏ ਅਤੇ ਸ਼ਹਿਰੀ ਖੇਤਰ ਦੇ ਕਾਲਜਾਂ ਲਈ ਪ੍ਰਤੀ ਪੀਰੀਅਡ 750 ਰੁਪਏ ਦਿੱਤੇ ਜਾਣਗੇ । ਵੱਧੋ-ਵੱਧੋ ਤਨਖਾਹ 30 ਹਜ਼ਾਰ ਰੁਪਏ ਮਹੀਨਾ ਹੋਵੇਗੀ ।

ਉਚੇਰੀ ਸਿੱਖਿਆ ਮੰਤਰੀ ਦੇ ਇਸ ਬਿਆਨ ਦੇ ਭਾਰ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਉਸ ਤਕਰੀਰ ਦੀ ਸਾਹ ਘੁੱਟਣ ਲੱਗਾ ਹੈ , ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਹਰਾ ਪੈੱਨ ਸਭ ਤੋਂ ਪਹਿਲਾਂ ਰੈਗੂਲਰ ਭਰਤੀ ਲਈ ਚੱਲੇਗਾ । ਵਿਜਟਿੰਗ ਲੈਕਚਰਾਰਾਂ ਦੀ ਭਰਤੀ ਲਈ ਤਹਿ ਤੱਕ ਜਾਈਏ ਤਾਂ ਵੱਡੇ ਸਵਾਲ ਆ ਖੜਦੇ ਹਨ । ਇੱਕ, ਤਾਂ ਇਹ ਕਿ ਪਹਿਲਾਂ ਰੱਖੀ ਗਈ ਗੈਸਟ ਫੈਕਲਟੀ ਨੂੰ 21600 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ । ਫਿਰ ਦਹਾਕਿਆਂ ਪਹਿਲਾਂ ਭਰਤੀ ਕੀਤੇ ਲੈਕਚਰਾਰਾਂ ਲਈ ਪੀਐੱਚਡੀ ਜਾਂ ਨੈੱਟ ਜਰੂਰੀ ਨਹੀਂ ਸੀ । ਜਦ ਕਿ ਗੈਸਟ ਫੈਕਲਟੀ ਲਈ ਦੋਵੇ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹਨ । ਦੂਸਰਾ, ਇਹ ਕਿ ਸੇਵਾ ਮੁਕਤ ਪ੍ਰੋਫੈਸਰ ਜਿਹੜੇ ਪਹਿਲਾਂ ਹੀ ਪੈਨਸ਼ਨ ਲੈ ਰਹੇ ਹਨ, ਨੂੰ ਉਨ੍ਹਾਂ ਤੋਂ ਵੱਧ 30 ਹਜ਼ਾਰ ਰੁਪਏ ਦਿੱਤੇ ਜਾਣਗੇ । ਤੀਜਾ, ਇਹ ਵੀ ਕਿ ਇਸ ਨਾਲ ਸਰਕਾਰ ਦੇ ਬੇਰੁਜ਼ਗਾਰੀ ਨੂੰ ਠੱਲ ਪਾਉਣ ਦੇ ਦਾਅਵੇ ਹਵਾ ਹੋ ਗਏ ਹਨ । ਵਿਜਟਿੰਗ ਲੈਕਚਰਾਰ ਸਿਰ ਨਤੀਜੇ ਬਿਹਤਰ ਦਿਖਾਉਣ ਦੀ ਕੋਈ ਜ਼ਿੰਮੇਵਾਰੀ ਨਹੀ ਹੋਵੇਗੀ ।

ਇਸ ਤੋਂ ਪਹਿਲਾਂ ਆਪ ਦੀ ਸਰਕਾਰ ਨੇ ਸੇਵਾ ਮੁਕਤ ਪਟਵਾਰੀਆਂ ਨੂੰ ਠੇਕੇ ਤੇ ਭਰਤੀ ਕਰਨ ਦਾ ਫੈਸਲਾ ਲਿਆ ਸੀ । ਜਿਹੜਾ ਕਿ ਬਾਅਦ ਵਿੱਚ ਮਾਨ ਸਰਕਾਰ ਨੂੰ ਪੁੱਠਾ ਪੈ ਗਿਆ ਸੀ । ਇੱਥੇ ਹੀ ਬਸ ਨਹੀ ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਬ੍ਰਹਮ ਮਹਿੰਦਰਾ ਨੇ ਜਿਲ੍ਹਾ ਸਰਕਾਰੀ ਹਸਪਤਾਲਾ ਵਿੱਚ ਵਿਜਟਿੰਗ ਮਾਹਰ ਡਾਕਟਰਾਂ ਦੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ । ਪੰਜਾਬ ਦੇ ਸਰਕਾਰੀ ਹਸਪਤਾਲਾ ਵਿੱਚ ਦਿਲ ਦੇ ਸਰਜਨਾ, ਗੁਰਦਿਆ ਦੇ ਮਾਹਰਾਂ ਸਮੇਤ ਹੋਰ ਕਈ ਲਾਇਲਾਜ ਬਿਮਾਰੀਆਂ ਦੇ ਮਾਹਰਾ ਦੀਆਂ ਅਸਾਮੀਆਂ ਨਹੀ ਹਨ । ਜਦੋਂ ਮਾਹਰ ਡਾਕਟਰਾਂ ਨੇ ਸਰਕਾਰੀ ਹਸਪਤਾਲਾ ਵਿੱਚੋਂ ਆਪਣੀਆਂ ਨਿੱਜੀ ਕਲੀਨਿਕਾਂ ਵੱਲ ਨੂੰ ਮਰੀਜ ਧੂਣੇ ਸ਼ੁਰੂ ਕਰ ਦਿੱਤੇ ਤਾਂ ਸਰਕਾਰ ਹੱਥ ਲਾ-ਲਾ ਕੇ ਦੇਖ ਦੀ ਰਹਿ ਗਈ ਸੀ ।

ਗੱਲ ਪੱਕੀ ਭਰਤੀ ਦਾ ਕਰੀਏ ਤਾਂ ਮੁੱਖ ਮੰਤਰੀ ਮਾਨ ਨੇ 9 ਹਜ਼ਾਰ ਤੋਂ ਵੱਧ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ ਆਰਜੀ ਤੌਰ ਤੇ ਰੱਖੇ 8736 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਸਿਧਾਂਤਕ ਤੌਰ ਤੇ ਪਰਵਾਨਗੀ ਦੇ ਦਿੱਤੀ ਹੈ । ਉਂਝ ਸਰਕਾਰ ਨੇ 36 ਹਜ਼ਾਰ ਮੁਲਾਜਮ ਪੱਕੇ ਕਰਨ ਦਾ ਵਾਅਦਾ ਕੀਤਾ ਸੀ । ਪੱਕੇ ਕੀਤੇ ਜਾਣ ਵਾਲੇ ਮੁਲਾਜਮਾਂ ਦੇ ਭਵਿੱਖ ਬਾਰੇ ਗੱਲ ਕਰਨ ਤੋ ਪਹਿਲਾਂ ਉਨ੍ਹਾਂ ਤਿੰਨ ਲੱਖ ਮੁਲਾਜਮਾਂ ਦੀ ਚਿੰਤਾ ਕਰਨੀ ਪਵੇਗੀ ਜਿਨ੍ਹਾਂ ਨੂੰ ਅੱਜ 6 ਸਤੰਬਰ ਤੱਕ ਤਨਖ਼ਾਹ ਨਹੀ ਮਿਲੀ ਹੈ । ਪੰਜਾਬ ਸਰਕਾਰ ਦਾ ਖਜ਼ਾਨਾ ਭਾਅ-ਭਾਅ ਕਰ ਰਿਹਾ ਹੈ । ਜਿਸ ਕਰਕੇ ਤਨਖ਼ਾਹ ਦੇਣੀ ਮੁਸ਼ਕਲ ਹੋ ਰਹੀ ਹੈ । ਵਿੱਤ ਵਿਭਾਗ ਦੇ ਸੂਤਰ ਦੱਸਦੇ ਹਨ ਕਿ ਸਰਕਾਰ ਪੈਸੇ ਦਾ ਬੰਦੋਬਸਤ ਕਰਨ ਲੱਗੀ ਹੋਈ ਹੈ ਅਤੇ 7 ਸਤੰਬਰ ਤੱਕ ਤਨਖ਼ਾਹ ਮਿਲਣ ਦੀ ਸੰਭਾਵਨਾ ਹੈ । ਆਮ ਕਰਕੇ ਸਰਕਾਰੀ ਮੁਲਾਜਮਾ ਦੇ ਖਾਤੇ ਵਿੱਚ ਤਨਖ਼ਾਹ ਪਹਿਲੀ ਨੂੰ ਆ ਜਾਂਦੀ ਹੈ । ਪਰ ਆਪ ਸਰਕਾਰ ਦੇ ਪੰਜ ਮਹੀਨਿਆਂ ਦੇ ਕਾਰਜਕਾਲ ਵਿੱਚ ਇਹ ਦੂਜੀ ਵਾਰ ਹੈ ਜਦੋਂ ਤਨਖ਼ਾਹ ਦੇਣੀ ਮੁਸ਼ਕਿਲ ਹੋ ਗਈ ਹੈ । ਸਰਕਾਰ ਦੇ ਸੂਤਰ ਦਾਅਵਾ ਕਰਦੇ ਹਨ ਕਿ ਵਿੱਤ ਵਿਭਾਗ ਇਸ ਵਾਰ ਤਨਖ਼ਾਹ ਲਈ ਪੈਸਾ ਵਿਆਜ ਤੇ ਚੁੱਕਣ ਦੀ ਥਾਂ ਆਪਣੇ ਪੱਧਰ ਤੇ ਜੁਟਾਉਣ ਵਿੱਚ ਲੱਗਾ ਹੋਇਆ ਹੈ । ਸਰਕਾਰ ਦੀ ਪਤਲੀ ਵਿੱਤੀ ਹਾਲਤ ਕਾਰਨ ਗੰਨੇ ਦਾ ਬਕਾਇਆ ਅਤੇ ਕਿਸਾਨੀ ਨਾਲ ਜੁੜੀਆਂ ਹੋਰ ਅਦਾਇਗੀਆਂ ਅੜ ਗਈਆਂ ਹਨ ।

ਅੱਜ ਦੇ ਇਸ ਮਸਲੇ ਦਾ ਅੰਤ ਅਸੀ ਮੁੱਖ ਮੰਤਰੀ ਮਾਨ ਵੱਲੋਂ ਗੋਰਿਆਂ ਨੂੰ ਪੰਜਾਬ ਵਿੱਚ ਨੌਕਰੀਆਂ ਦੇਣ ਦੀ ਕਈ ਚਿਰ ਪਹਿਲਾਂ ਛੱਡੀ ਸ਼ੁਰਲੀ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਵੱਲੋਂ ਕੱਲ ਪੰਜਾਬ ਦੇ ਲੋਕਾਂ ਨਾਲ ਕੀਤੇ ਇੱਕ ਹੋਰ ਮਜਾਕ ਨਾਲ ਖਤਮ ਕਰਾਂਗੇ । ਉਨ੍ਹਾਂ ਨੇ ਕਿਹਾ ਹੈ ਕਿ ਪਟਿਆਲਾ ਦੇ ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਮਾਤਾ ਕੌਸਲਿਆ ਹਸਪਤਾਲ ਵਿੱਚ ਪੀਜੀਆਈ ਦੀ ਤਰਜ਼ ਤੇ ਸੂਹਲਤਾਂ ਦੇਵਾਗਾਂ ਅਤੇ ਇਨ੍ਹਾਂ ਹਸਪਤਾਲਾਂ ਵਿੱਚ ਵਿਦੇਸ਼ਾਂ ਤੋਂ ਲੋਕ ਇਲਾਜ ਕਰਵਾਉਣ ਆਇਆ ਕਰਨਗੇ ।

Exit mobile version