The Khalas Tv Blog Punjab ਹੁਣ ਪੌਲੀਵੁੱਡ ਨੂੰ ਮੀਡੀਆ ‘ਤੇ ਆਸਾਂ, ਮੁੜ ਲੀਹਾਂ ‘ਤੇ ਮੁੜੇਗਾ ਪੰਜਾਬੀ ਸਿਨੇਮਾ ਦਾ ਵੱਡਾ ਪਰਦਾ
Punjab

ਹੁਣ ਪੌਲੀਵੁੱਡ ਨੂੰ ਮੀਡੀਆ ‘ਤੇ ਆਸਾਂ, ਮੁੜ ਲੀਹਾਂ ‘ਤੇ ਮੁੜੇਗਾ ਪੰਜਾਬੀ ਸਿਨੇਮਾ ਦਾ ਵੱਡਾ ਪਰਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਨੇਮਾ ਦੇ ਕਲਾਕਾਰਾਂ ਦੀ ਸੰਸਥਾ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਸੰਸਥਾ ਵੱਲੋਂ ਮੁਹਾਲੀ ਵਿੱਚ ਆਪਣੇ ਦਫਤਰ ਵਿੱਚ ‘ਸਿਨੇਮਾ ਅਤੇ ਮੀਡੀਆਂ ਦੀ ਸਾਂਝ’ ਬਾਰੇ ਮੀਡੀਆ ਨਾਲ ਚਰਚਾ ਕੀਤੀ ਗਈ। ਸੰਸਥਾ ਦੇ ਮੀਤ ਪ੍ਰਧਾਨ ਸ਼ਵਿੰਦਰ ਮਾਹਲ ਅਤੇ ਮੁੱਖ ਸਕੱਤਰ ਮਲਕੀਤ ਰੌਣੀ ਨੇ ਕਿਹਾ ਕਿ ਪੰਜਾਬੀ ਸਿਨੇਮਾ ਪਿਛਲੇ ਇੱਕ ਸਾਲ ਦੇ ਵੀ ਵੱਧ ਸਮੇਂ ਤੋਂ ਇੱਕ ਬਹੁਤ ਨਾਜ਼ੁਕ ਦੌਰ ‘ਚੋਂ ਗੁਜ਼ਰਿਆ ਹੈ ਅਤੇ ਅੱਜ ਦੇ ਦੌਰ ਵਿੱਚ ਵੀ ਸਿਨੇਮਾ ਲਈ ਮੁਸ਼ਕਿਲਾਂ ਦਾ ਸਮਾਂ ਖਤਮ ਨਹੀਂ ਹੋਇਆ ਹੈ।

ਕਲਾਕਾਰਾਂ ਨੇ ਕਿਹਾ ਕਿ ਕਰੋਨਾ ਕਰਕੇ ਸਿਨੇਮਾ 13 ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਸਰਕਾਰਾਂ ਵੀ ਇਸ ਵੱਲ ਬਹੁਤਾ ਧਿਆਨ ਨਹੀਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਕਰਕੇ ਫਿਲਮਾਂ ਰਿਲੀਜ਼ ਹੋਣੀਆਂ ਬੰਦ ਹੋ ਗਈਆਂ ਸਨ, ਜਿਸ ਕਰਕੇ ਸਿਨੇਮਾ ਅਤੇ ਕਲਾਕਾਰਾਂ ਨੂੰ ਕਾਫੀ ਘਾਟਾ ਪਿਆ। ਕਲਾਕਾਰਾਂ ਨੇ ਸਰਕਾਰ ਨੂੰ ਪੂਰੇ ਹਿੰਦੁਸਤਾਨ ਦੇ ਸਿਨੇਮਾ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿਨੇਮਾ ਖੁੱਲ੍ਹਣੇ ਚਾਹੀਦੇ ਹਨ ਕਿਉਂਕਿ ਸਾਡੀਆਂ ਕਈ ਫਿਲਮਾਂ ਵਿਸ਼ਵ ਪੱਧਰ ‘ਤੇ ਵੀ ਰਿਲੀਜ਼ ਹੁੰਦੀਆਂ ਹਨ ਅਤੇ ਸਾਨੂੰ ਉਨ੍ਹਾਂ ਤੋਂ ਆਮਦਨੀ ਹੁੰਦੀ ਹੈ। ਕਲਾਕਾਰਾਂ ਨੇ ਹੁਣ ਮੀਡੀਆ ਤੋਂ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਕਰਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਮੇਂ ਤੋਂ ਬਾਅਦ 16 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਨਵੀਂ ਪੰਜਾਬੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸਦੀ ਸਾਰੇ ਸਿਨੇਮਾ ਪ੍ਰੇਮੀਆਂ ਨੂੰ ਖੁਸ਼ੀ ਅਤੇ ਉਡੀਕ ਹੈ। ਇਸ ਮੌਕੇ ਉੱਘੇ ਕਲਾਕਾਰ ਸਰਦਾਰ ਸੋਹੀ ਨੇ ਕਿਹਾ ਕਿ ਸਿਨੇਮਾ ਅਤੇ ਪ੍ਰੈੱਸ ਦਾ ਆਪਸ ਵਿੱਚ ਡੂੰਘਾ ਅਤੇ ਅਟੁੱਟ ਰਿਸ਼ਤਾ ਹੈ ਅਤੇ ਦੋਵੇਂ ਧਿਰਾਂ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਹਨ। ਫਿਲਮ ਕਲਾਕਾਰ ਅਤੇ ਨਿਰਮਾਤਾ ਕਰਮਜੀਤ ਸਿੰਘ ਅਨਮੋਲ ਨੇ ਵੀ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਨੇਮਾ ਹੀ ਸਾਡੇ ਜੀਵਨ ਅਤੇ ਸੱਭਿਆਚਾਰ ਦਾ ਸ਼ੀਸ਼ਾ ਹੈ।

Exit mobile version