‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਿਸਾਨਾਂ ਨੂੰ ਪੂੰਜੀਪਤੀਆਂ ਨਾਲ ਲੜਨ ਖਾਤਰ ਪੁਖਤਾ ਪ੍ਰਬੰਧ ਦੇਣੇ ਹੋਣਗੇ। ਕਿਸਾਨ ਇਕਲੌਤੇ ਉਤਪਾਦਕ ਹਨ ਜੋ ਪ੍ਰਚੂਨ ਵਿਚ ਹਰ ਚੀਜ਼ ਖਰੀਦਦੇ ਹਨ ਅਤੇ ਆਪਣੀ ਪੈਦਾਵਾਰ ਸਿਰਫ ਥੋਕ ਭਾਅ ਵੇਚਦੇ ਹਨ। ਮਸਲਨ ਇਕ ਕਿਸਾਨ ਨੂੰ ਟਮਾਟਰ 3 ਰੁਪਏ ਵਿਚ ਵੇਚਣੇ ਪੈਂਦੇ ਹਨ ਤੇ ਬਾਜ਼ਾਰ ਵਿੱਚ ਜੋ ਉਸੇ ਦਿਨ 30 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ, ਅਤੇ ਕੁਝ ਮਹੀਨਿਆਂ ਵਿਚ ਇਹ ਖੁੱਲ੍ਹੇ ਬਾਜ਼ਾਰ ਵਿਚ 60 ਰੁਪਏ ਪ੍ਰਤੀ ਕਿੱਲੋ ਤੱਕ ਵਿਕਦਾ ਹੈ। ਸਿੱਧੂ ਨੇ ਕਿਹਾ ਕਿ ਸਾਨੂੰ ਸਿਰਫ ਕਿਸਾਨਾਂ ਲਈ ਹੀ ਨਹੀਂ, ਖੇਤ ਮਜ਼ਦੂਰਾਂ ਲਈ ਵੀ ਲੜਨਾ ਚਾਹੀਦਾ ਹੈ। ਇੱਕ ਪ੍ਰੋਫੈਸਰ, ਇੱਕ ਰਾਜਨੇਤਾ, ਇੱਕ ਕਾਰਪੋਰੇਟ ਕਰਮਚਾਰੀ, ਜਾਂ ਕਿਸੇ ਵੀ ਤਨਖਾਹਦਾਰ ਕਰਮਚਾਰੀ ਦੀ ਇੱਕ ਬੱਝਵੀਂ ਤਨਖਾਹ ਹੁੰਦੀ ਹੈ, ਅਤੇ ਇਸ ਵਿੱਚ ਸਾਲਾਨਾ ਵਾਧਾ ਹੁੰਦਾ ਹੈ। ਅੱਜ ਜਦੋਂ ਅਸੀਂ ਕਿਸਾਨਾਂ ਲਈ ਸਹੀ ਐੱਮ.ਐੱਸ.ਪੀ. ਲਈ ਲੜ ਰਹੇ ਹਾਂ, ਤਾਂ ਪੰਜਾਬ ਦੀ 80 ਪ੍ਰਤੀਸ਼ਤ ਵਸੋਂ ਨੂੰ ਕਿਉਂ ਭੁੱਲ ਜਾਂਦੇ ਹਾਂ? ਕਿਉਂ ਉਨ੍ਹਾਂ 50 ਕਰੋੜ ਭਾਰਤੀਆਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਜਿਨ੍ਹਾਂ ਨੂੰ ਦਿਨ ਵਿਚ ਇਕ ਵੇਲੇ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਉਨ੍ਹਾਂ ਲਈ ਯੋਜਨਾ ਕਿੱਥੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਖੇਤੀ ਮਜ਼ਦੂਰਾਂ ਨੂੰ ਮਨਰੇਗਾ ਵਰਗੀ ਆਮਦਨ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ। ਇਸ ਨਾਲ ਨਾ ਸਿਰਫ ਮਜ਼ਦੂਰਾਂ ਨੂੰ ਉਨ੍ਹਾਂ ਦੀ ਦਿਹਾੜੀ ਵਿੱਚ ਵਾਧੇ ਵਜੋਂ ਲਾਭ ਮਿਲੇਗਾ ਬਲਕਿ ਖੇਤੀ ਮਜ਼ਦੂਰ ਦਾ ਇਹ ਲਾਭ ਖੇਤੀ ਸਬਸਿਡੀ ਵਜੋਂ ਕਿਸਾਨ ਦੀ ਸਹਾਇਤਾ ਵੀ ਕਰੇਗਾ ਅਤੇ ਉਸਦਾ ਆਰਥਿਕ ਬੋਝ ਵੀ ਹਲਕਾ ਹੋਵੇਗਾ। ਪੰਜਾਬ ਵਿਚ 36 ਫੀਸਦ ਗਰੀਬ ਹਨ, ਜੋ ਸਿਰਫ 2 ਫੀਸਦ ਜ਼ਮੀਨ ਦੇ ਮਾਲਕ ਹਨ, ਉਹਨਾਂ ਵਿਚੋਂ ਜ਼ਿਆਦਾਤਰ ਮਜ਼ਦੂਰੀ ਕਰਦੇ ਹਨ, ਆਓ ਅਸੀਂ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ।