‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ ਵਿੱਚ ਸਰਕਾਰਾਂ ਵੱਲੋਂ ਕੀਤੇ ਗਏ ਕੰਮਾਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ‘ਪੰਜਾਬ ਦੇ ਲੋਕ ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ ਨੂੰ ਉਡੀਕਦੇ ਹਨ ਪਰ ਉਹਨਾਂ ਨੇ ਉਮੀਦ ਛੱਡੀ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਲਈ ਸਰਕਾਰ ਬਣੀ, STF ਦੀ ਸਥਾਪਨਾ ਹੋਈ, ਇਮਾਨਦਾਰ ਅਫਸਰਾਂ ਨੂੰ ਬਾਹਰੋਂ ਬੁਲਾਇਆ ਗਿਆ, ਕਰੋੜਾਂ ਰੁਪਏ ਖਰਚੇ ਗਏ। ਰਿਪੋਰਟ ਬਣਾ ਕੇ ਸਬੂਤਾਂ ਦੇ ਨਾਲ ਦੋਸ਼ੀਆਂ ਦੇ ਨਾਮ ਪੇਸ਼ ਕੀਤੇ ਗਏ ਅਤੇ ਹਾਈਕੋਰਟ ਨੂੰ ਉਹ ਰਿਪੋਰਟ ਦੇਣੀ ਪਈ। ਹਾਈਕੋਰਟ ਨੇ ਸਰਕਾਰ ਨੂੰ ਰਿਪੋਰਟ ਦੇ ਕੇ ਕਿਹਾ ਸੀ ਕਿ ਇਹ ਰਿਪੋਰਟ ਲਉ ਅਤੇ ਆਪਣੀ ਕਾਰਵਾਈ ਕਰੋ। ਰਿਪੋਰਟ ਟੀਵੀ ‘ਤੇ ਨੈਸ਼ਨਲ ਚੈਨਲ ‘ਤੇ ਚੱਲੀ। ਮੈਂ ਬੇਖੌਫ ਹੋ ਕੇ ਪ੍ਰੈੱਸ ਕਾਨਫਰੰਸ ਕਰਕੇ ਸ਼ਰੇਆਮ ਸਬੂਤ ਪੇਸ਼ ਕੀਤੇ ਪਰ ਸਰਕਾਰ ਨੇ ਕਿਹਾ ਕਿ ਅਸੀਂ ਰਿਪੋਰਟ ਪੜ੍ਹੀ ਨਹੀਂ’।
ਉਨ੍ਹਾਂ ਨੇ ਸਰਕਾਰ ਦੇ ਇਸ ਬਿਆਨ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ‘ਕੀ ਸਰਕਾਰ ਲਈ ਇਹ ਮੁੱਦਾ ਇੰਨਾ ਗੰਭੀਰ ਨਹੀਂ ਹੈ ਜੋ ਉਸ ਕੋਲ ਰਿਪੋਰਟ ਪੜ੍ਹਨ ਦਾ ਵੀ ਸਮਾਂ ਨਹੀਂ ਸੀ। ਸਰਕਾਰ ਸੱਚ ਨੂੰ ਕਿਉਂ ਨਹੀਂ ਸੁਣਨਾ ਚਾਹੁੰਦੀ। ਸਰਕਾਰ ਨੇ ਇਸ ਮਾਮਲੇ ਲਈ ਇਨਕੁਆਰੀ ਕਮਿਸ਼ਨ ਬਣਾਇਆ। ਜਸਟਿਸ ਰਣਜੀਤ ਸਿੰਘ ਨੂੰ ਕਮਿਸ਼ਨ ਨਿਯੁਕਤ ਕੀਤਾ। ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ। ਉਸ ਵਿੱਚ ਇਸ ਮਾਮਲੇ ਦੀ ਰਿਪੋਰਟ ਜਨਤਕ ਕੀਤੀ ਗਈ। ਜਿਨ੍ਹਾਂ ‘ਤੇ ਦੋਸ਼ ਲੱਗੇ ਸਨ, ਉਹ ਮੈਦਾਨ ਛੱਡ ਕੇ ਭੱਜ ਗਏ’।
ਉਨ੍ਹਾਂ ਨੇ ਸਰਕਾਰ ਨੂੰ ਸਿੱਧੇ ਹੱਥੀਂ ਲੈਂਦਿਆਂ ਕਿਹਾ ਕਿ ‘ਪੰਜਾਬ ਦੇ ਲੋਕਾਂ ਨੂੰ ਕੋਈ ਇਹ ਸਮਝਾ ਦੇਵੇ ਕਿ ਗੋਲੀਕਾਂਡ ਸਮੇਂ ਪੁਲਿਸ ਵਾਲੇ ਕੌਣ ਸਨ, ਗੋਲੀਕਾਂਡ ‘ਚ ਪੁਲਿਸ ਵਾਲੇ ਕੌਣ ਸਨ, ਗੋਲੀਕਾਂਡ ਦਾ ਹੁਕਮ ਦੇਣ ਵਾਲੇ ਕੌਣ ਸੀ। ਇਹ ਤਾਂ ਨਿੱਕੇ-ਨਿੱਕੇ ਬੱਚਿਆਂ ਨੂੰ ਪਤਾ ਹੈ, ਚੁਣੇ ਹੋਏ ਨੁਮਾਇੰਦਿਆਂ ਨੂੰ ਪਤਾ ਹੈ, ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿਉਂਕਿ ਇਸ ਮਾਮਲੇ ਲਈ ਬਣਾਏ ਗਏ ਇਨਕੁਆਰੀ ਕਮਿਸ਼ਨ ਨੇ ਇਸਦਾ ਹਲਫੀਆ ਬਿਆਨ ਦਿੱਤਾ ਸੀ। ਜਦੋਂ ਜ਼ੁਲਮ ਦੀ ਪਛਾਣ ਹੋ ਗਈ, ਜ਼ੁਲਮ ਕਰਨ ਵਾਲਿਆਂ ਦੀ ਪਛਾਣ ਹੋ ਗਈ ਤਾਂ ਸਰਕਾਰ ਚੁੱਪ ਕਿਉਂ ਖੜ੍ਹੀ ਹੈ। ਸਰਕਾਰ ਨੇ ਚਾਰਜਸ਼ੀਟ ਕਿਉਂ ਨਹੀਂ ਦਿੱਤੀ’।
ਸਿੱਧੂ ਨੇ ਕਿਹਾ ਕਿ ‘ਮੈਂ ਰਾਤ ਦੇ ਢਾਈ ਵਜੇ ਡੀਜੀਪੀ ਅਤੇ ਤਤਕਾਲੀਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੱਲਬਾਤ ਕਰਵਾਈ ਕਿ ਤੁਹਾਡੀ ਐੱਫਆਈਆਰ ਵਿੱਚ ਕਿਸੇ ਰਾਜਨੀਤਿਕ ਵਿਅਕਤੀ ‘ਤੇ ਚਾਰਜ ਕਿਉਂ ਨਹੀਂ ਪਾਇਆ ਗਿਆ। ਪੰਜਾਬ ਦੇ ਸਾਹਮਣੇ ਸਾਰਿਆਂ ਤੋਂ ਵੱਡਾ ਸਵਾਲ ਹੈ ਕਿ ਇਸ ਮਾਮਲੇ ਵਿੱਚ ਫੈਸਲਾ ਬਣਾਉਣ (Decision Maker) ਵਾਲੇ ਦਾ ਨਾਮ ਕਿੱਥੇ ਹੈ, ਉਸਦਾ ਨਾਮ ਕਿਉਂ ਨਹੀਂ ਦੱਸਿਆ ਗਿਆ। ਸਰਕਾਰ ਨੇ ਕੇਸ ਦੀ ਬੁਨਿਆਦ ਹੀ ਨਹੀਂ ਬਣਾਈ। ਕੇਸ ਦੀ ਬੁਨਿਆਦ ਤਾਂ ਐੱਫਆਈਆਰ ਹੁੰਦੀ ਹੈ, ਜੋ ਕਿ ਸਰਕਾਰ ਨੇ ਬਣਾਈ ਹੀ ਨਹੀਂ’।
ਸਿੱਧੂ ਨੇ ਕਿਹਾ ਕਿ ‘ਜਿਸ ਸਿਸਟਮ ਨੇ ਪਰਦੇ ਪਾਏ ਹਨ, ਉਹ ਸਭ ਸਾਹਮਣੇ ਆ ਗਿਆ ਹੈ। ਮੈਂ ਸਿੱਟ ਦੇ ਉੱਤੇ ਉਦੋਂ ਟਿੱਪਣੀ ਕਰਾਂਗਾ ਜਦੋਂ ਸਿੱਟ ਦੀ ਰਿਪੋਰਟ ਮੇਰੇ ਹੱਥ ਵਿੱਚ ਹੋਵੇਗੀ। ਮੈਂ ਕਿਤਾਬ ਦਾ ਕਵਰ ਵੇਖ ਕੇ ਉਸਦੇ ਬਾਰੇ ਅੰਦਾਜ਼ੇ ਨਹੀਂ ਲਗਾ ਸਕਦਾ, ਮੈਂ ਤਾਂ ਉਸਨੂੰ ਪੜਾਂਗਾ’।