‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਲੀਡਰ ਹਰਪਾਲ ਚੀਮਾ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਲੋਕਾਂ ਨਾਲ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਾਏ ਹਨ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਚੀਮਾ ਨੇ ਕਿਹਾ ਕਿ 2016 ਵਿੱਚ ਸ਼੍ਰੋਮਣੀ ਅਕਾਲੀ ਦਲ ਠੇਕਾ ਅਧਾਰਿਤ ਮੁਲਾਜ਼ਮਾ, ਆਉਟਸੋਰਸ ਤੇ ਕੰਮ ਕਰਦੇ ਕਰਿੰਦਿਆਂ ਦੇ ਭਲੇ ਲਈ ਇੱਕ ਐਕਟ ਲੈ ਕੇ ਆਈ ਸੀ, ਜਿਸ ਰਾਹੀਂ ਉਨ੍ਹਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਐਕਟ ਕੈਪਟਨ ਦੀ ਸਰਕਾਰ ਆਉਣ ਤੋਂ ਬਾਅਦ ਵੀ ਲਾਗੂ ਨਹੀਂ ਹੋ ਸਕਿਆ ਹੈ। ਇਸ ਐਕਟ ਨੂੰ ਹਾਈਕੋਰਟ ਵਿੱਚ ਸਟੇਅ ਦਿੱਤੀ ਗਈ ਸੀ, ਜੋ ਹਾਲੇ ਤੱਕ ਬਰਕਰਾਰ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਘਰ-ਘਰ ਰੁਜ਼ਗਾਰ ਦੇ ਆਪਣੇ ਵਾਅਦੇ ਦੇ ਅਨੁਸਾਰ ਰੁਜ਼ਗਾਰ ਨਹੀਂ ਦਿੱਤਾ ਹੈ। ਸਰਕਾਰ ਬਣਨ ਤੋਂ ਪਹਿਲਾਂ ਕਰੀਬ 20 ਲੱਖ ਨੌਜਵਾਨਾਂ ਦੇ ਜਾਬ ਕਾਰਡ ਭਰਵਾਏ ਗਏ ਸੀ, ਪਰ ਕੈਪਟਨ ਸਰਕਾਰ ਕਿਸੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਦੇ ਸਕੀ ਹੈ। ਚੀਮਾ ਨੇ ਕਿਹਾ ਕਿ 2022 ਵਿੱਚ ਜੇਕਰ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਜਿਨ੍ਹਾਂ 20 ਲੱਖ ਨੌਜਵਾਨਾਂ ਦੇ ਜਾਬ ਕਾਰਡ ਕੈਪਟਨ ਸਰਕਾਰ ਨੇ ਭਰਵਾ ਕੇ ਵਾਅਦਾ ਖਿਲਾਫੀ ਕੀਤੀ ਹੈ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੌਕਰੀ ਦੇਵੇਗੀ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਰੁਜ਼ਗਾਰ ਦੇਣ ਦੀ ਥਾਂ ਘਰ-ਘਰ ਬੇਰੁਜ਼ਗਾਰੀ ਪੈਦਾ ਕਰ ਰਹੀ ਹੈ। ਪਾਵਰ ਕਾਰਪੋਰੇਸ਼ਨ ਨੇ ਇੱਕ ਪੱਤਰ ਜਾਰੀ ਕਰਕੇ ਕਈ ਮੁਲਾਜ਼ਮਾਂ ਨੂੰ ਰਿਲੀਵ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਚੀਮਾ ਨੇ ਦੋਸ਼ ਲਾਇਆ ਕਿ ਜੇਕਰ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ ਤਾਂ ਪਟਿਆਲਾ, ਸੰਗਰੂਰ ਤੇ ਮੰਤਰੀਆਂ ਦੀਆਂ ਕੋਠੀਆਂ ਦਾ ਘੇਰਾਓ ਕਰਨ ਵਾਲੇ ਨੌਜਵਾਨ ਕੌਣ ਹਨ। ਉਨ੍ਹਾ ਕਿਹਾ ਕਿ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਦੇ 85 ਫੀਸਦ ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦੀ ਹੈ ਪਰ ਹਕੀਕਤ ਇਹ ਹੈ ਕਿ ਸਰਕਾਰ ਇੱਕ ਵੀ ਵਾਅਦਾ ਨਹੀਂ ਨਿਭਾ ਸਕੀ ਹੈ।