The Khalas Tv Blog India ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ: ਹਰਿਆਣਾ ਤੋਂ ਚੋਣ ਲੜਨ ਦੀ ਸੰਭਾਵਨਾ
India Punjab

ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ: ਹਰਿਆਣਾ ਤੋਂ ਚੋਣ ਲੜਨ ਦੀ ਸੰਭਾਵਨਾ

ਪੰਜਾਬ ਵਿੱਚ ਲੁਧਿਆਣਾ ਤੋਂ ਹਾਰ ਕੇ ਵੀ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਹਰਿਆਣਾ ਦੀ ਇਕਲੌਤੀ ਰਾਜ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਹਰਿਆਣਾ ਤੋਂ ਉਸ ਦੀ ਐਂਟਰੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਕਰ ਕੇ ਭਾਜਪਾ ਹਰਿਆਣਾ ਲੋਕ ਸਭਾ ਦੇ ਨਾਲ-ਨਾਲ ਪੰਜਾਬ ਦੀਆਂ 4 ਉਪ ਚੋਣ ਸੀਟਾਂ ‘ਤੇ ਵੀ ਨਜ਼ਰ ਰੱਖ ਰਹੀ ਹੈ।

ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਾਲ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ। ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਸਿੱਖ ਵੋਟਾਂ ਦਾ ਕਾਫ਼ੀ ਪ੍ਰਭਾਵ ਹੈ। ਹਰਿਆਣਾ ਵਿੱਚ ਸਿੱਖਾਂ ਦੀ ਅਗਵਾਈ ਪਹਿਲਾਂ ਵਿਧਾਇਕ ਸੰਦੀਪ ਸਿੰਘ ਕਰ ਰਹੇ ਸਨ। ਪਰ ਸੱਤਾ ਤਬਦੀਲੀ ਸਮੇਂ ਉਨ੍ਹਾਂ ਨੂੰ ਕੋਈ ਮੰਤਰੀ ਅਹੁਦਾ ਨਹੀਂ ਦਿੱਤਾ ਗਿਆ। ਭਾਜਪਾ ਹਰਿਆਣਾ ਦੀ ਖਾਲੀ ਹੋਈ ਰਾਜ ਸਭਾ ਸੀਟ ‘ਤੇ ਰਵਨੀਤ ਬਿੱਟੂ ਨੂੰ ਮੈਦਾਨ ਵਿਚ ਉਤਾਰ ਕੇ ਸਿੱਖ ਵੋਟਾਂ ਖਿੱਚਣਾ ਚਾਹੁੰਦੀ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ। ਭਾਜਪਾ ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾ ਕੇ ਰਾਜ ਸਭਾ ਵਿੱਚ ਭੇਜ ਕੇ ਇਨ੍ਹਾਂ ਚਾਰ ਸੀਟਾਂ ’ਤੇ ਆਪਣੀਆਂ ਵੋਟਾਂ ਵਧਾਉਣ ਦੀ ਉਮੀਦ ਕਰ ਰਹੀ ਹੈ।

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਇਆ ਸੀ ਪਰ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਦਾ ਕੇਂਦਰੀ ਰਾਜ ਮੰਤਰੀ ਬਣਾਇਆ।

 

Exit mobile version