ਬਿਉਰੋ ਰਿਪੋਰਟ – ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ (SUNIL JAKHAR) ਨੇ ਆਪਣੇ ਅਸਤੀਫ਼ੇ ਦੀਆ ਖਬਰਾਂ ਦਾ ਆਪ ਸਾਹਮਣੇ ਆਕੇ ਖੰਡਨ ਨਹੀਂ ਕੀਤਾ ਹੈ। ਪਰ ਉਨ੍ਹਾਂ ‘ਤੇ ਸਿਆਸਤ ਜ਼ਰੂਰ ਗਰਮਾ ਗਈ ਹੈ। ਪ੍ਰਤਾਪ ਸਿੰਘ ਬਾਜਵਾ (PARTAP BAJWA) ਨੇ ਤੰਜ ਕੱਸਦੇ ਹੋਏ ਕਿਹਾ ਜਾਖੜ ਦਾ ਕੰਮ ਅਸਤੀਫ਼ੇ ਵਰਗਾ ਹੀ ਹੈ। ਬੀਜੇਪੀ ਨੇ ਜਾਖੜ ਨੂੰ ਆਪਣੇ ਨਾਲ ਰਲਾਉਣ ਲਈ ਪਹਿਲਾਂ ਰਾਜਸਭਾ ਦੀ ਸੀਟ ਨਾਲ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ। ਪਰ ਜਾਖੜ ਦੀ ਥਾਂ ਰਵਨੀਤ ਬਿੱਟੂ (RAVNEET BITTU) ਨੇ ਲੈ ਲਈ ਹੈ ਜਾਖੜ ਨੂੰ ਲਾਰਾ ਲਾ ਕੇ ਛੱਡ ਦਿੱਤਾ ਹੈ। ਬੀਜੇਪੀ ਨੇ ਫੈਸਲਾ ਕੀਤਾ ਹੈ ਕਿ ਕਿਸੇ ਦਸਤਾਰ ਧਾਰੀ ਨੂੰ ਹੀ ਅੱਗੇ ਲਿਆਉਣਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਜਾਖੜ ਦੇ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਵੀ ਵੱਡਾ ਬਿਆਨ ਦਿੱਤਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਅਸੀਂ ਕਦੇ ਵੀ ਸੁਨੀਲ ਜਾਖੜ ਨੂੰ ਮੁੜ ਤੋਂ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਾਂਗੇ ਇਸ ਨੇ ਪਾਰਟੀ ਹਾਈਕਮਾਂਡ ਦੇ ਬਾਰੇ ਮਾੜੀ ਭਾਸ਼ਾ ਬੋਲੀ ਪਾਰਟੀ ਦੀ ਪਿੱਠ ‘ਤੇ ਛੁਰਾ ਮਾਰਿਆ ਹੈ। ਕਾਂਗਰਸ ਨੂੰ ਜਾਖੜ ਦੀ ਕੋਈ ਜ਼ਰੂਰਤ ਨਹੀਂ ਹੈ। ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜਾਖੜ ‘ਤੇ ਨਿਸ਼ਾਨਾ ਲਗਾਇਆ ਹੈ।
ਚੰਨੀ ਨੇ ਕਿਹਾ ਜਾਖੜ ਕਾਂਗਰਸ ਵਿੱਚ ਵੀ ਫੇਲ੍ਹ ਸੀ ਬੀਜੇਪੀ ਵਿੱਚ ਵੀ ਫੇਲ੍ਹ ਹਨ। ਜਿਸ ਪਾਰਟੀ ਵਿੱਚ ਜਾਣਗੇ ਉਸ ਪਾਰਟੀ ਨੂੰ ਹੀ ਫੇਲ੍ਹ ਕਰ ਦੇਣਗੇ। ਸਿਰਫ ਇੰਨਾਂ ਹੀ ਨਹੀਂ ਚੰਨੀ ਨੇ ਕਿਹਾ ਜਾਖੜ ਵਿੱਚ ਸਿਆਸੀ ਕਾਬਲੀਅਤ ਨਹੀਂ ਹੈ।
ਜਾਖੜ ਦਾ ਬਾਜਵਾ ਤੇ ਚੰਨੀ ਨਾਲ ਪੁਰਾਣਾ ਟਕਰਾਅ
ਸੁਨੀਲ ਜਾਖੜ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਦਾ ਬਾਜਵਾ ਅਤੇ ਚੰਨੀ ਨਾਲ ਗੰਭੀਰ ਮਤਭੇਦ ਸਨ। ਕੈਪਟਨ ਅਮਰਿੰਦਰ ਸਿੰਘ ਨੇ 2018 ਵਿੱਚ ਜਾਖੜ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਵਾਈ ਸੀ ਜਦਕਿ ਬਾਜਵਾ ਉੱਥੋਂ ਚੋਣ ਲੜਨਾ ਚਾਹੁੰਦੇ ਸਨ, ਇਸ ਦੌਰਾਨ ਦੋਵੇ ਆਗੂਆਂ ਨੇ ਇੱਕ ਦੂਜੇ ਖਿਲਾਫ ਤਿੱਖੇ ਬਿਆਨ ਵੀ ਦਿੱਤੇ ਸਨ। ਉਧਰ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਸੀ ਤਾਂ ਰਾਹੁਲ ਗਾਂਧੀ ਨੇ ਜਾਖੜ ਦਾ ਨਾਂ ਅੱਗੇ ਕੀਤਾ ਸੀ ਪਰ ਅੰਬਿਕਾ ਸੋਨੀ ਨੇ ਇਤਰਾਜ਼ ਜਤਾ ਕੇ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਵਕਾਲਤ ਕੀਤੀ ਸੀ ਜਿਸ ਤੋਂ ਬਾਅਦ ਜਾਖੜ ਨੇ ਚੰਨੀ ਦੇ ਖਿਲਾਫ ਖੁੱਲ ਕੇ ਬਿਆਨਬਾਜ਼ੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੀ ਸੀ।