‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ਦੇ ਬਜਟ ਸੈਸ਼ਨ ਵਿੱਚ ਬਜਟ ਪੇਸ਼ ਕੀਤਾ ਗਿਆ। ਬਜਟ ਵਿੱਚ ਅਗਲੇ ਵਿੱਤੀ ਸਾਲ ਵਿੱਚ ਮੁਲਾਜ਼ਮਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਮੁਲਾਜ਼ਮਾਂ ਦੀ ਆਮਦਨ ਕਰ ਸਲੈਬ ਵਿੱਚ ਵੀ ਵਾਧਾ ਨਹੀਂ ਕੀਤਾ ਗਿਆ। ਕਿਸਾਨੀ ਖੇਤਰ ਦਾ ਕਰਜ਼ਾ ਜ਼ਰੂਰ ਵਧਾ ਦਿੱਤਾ ਗਿਆ ਹੈ ਪਰ ਕਰਜ਼ਾ ਮੁਆਫ਼ੀ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਬਜਟ ਵਿੱਚ ਮੁਲਕ ਨੂੰ ਨਿੱਜੀਕਰਨ ਦੇ ਰਾਹੇ ਪਾ ਦਿੱਤਾ ਗਿਆ ਹੈ। ਵਿੱਤ ਮੰਤਰੀ ਵੱਲੋਂ ਅੱਜ 39.45 ਲੱਖ ਕਰੋੜ ਰੁਪਏ ਦੇ ਪੇਸ਼ ਕੀਤੇ ਬਜਟ ਵਿੱਚ ਪੰਜਾਬ ਮੁੜ ਮਨਫ਼ੀ ਰਿਹਾ। ਹਾਲਾਂਕਿ ਚੋਣਾਂ ਨੂੰ ਵੇਖਦਿਆਂ ਵੱਡੇ ਐਲਾਨਾਂ ਦੀ ਉਮੀਦ ਕੀਤੀ ਜਾ ਰਹੀ ਸੀ। ਕੁੱਲ ਘਰੇਲੂ ਉਤਪਾਦ ਦੇ 6.4 ਫ਼ੀਸਦੀ ਘਾਟੇ ਵਾਲੇ ਬਜਟ ਵਿੱਚ ਸਭ ਤੋਂ ਅਹਿਮ ਸਿੱਖਿਆ ਅਤੇ ਸਿਹਤ ਦਾ ਖੇਤਰ ਵੀ ਹਰ ਵਾਰ ਦੀ ਤਰ੍ਹਾਂ ਵਿਸਾਰ ਦਿੱਤਾ ਗਿਆ ਹੈ। ਇਸ ਬਜਟ ਦੀ ਜਿੱਥੇ ਕਈ ਸਿਆਸੀ ਲੀਡਰਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ, ਉੱਥੇ ਹੀ ਵਿਰੋਧੀ ਧਿਰ ਦੀਆਂ ਪਾਰਟੀਆਂ ਇਸਦੀ ਆਲੋਚਨਾ ਕਰ ਰਹੀਆਂ ਹਨ।
ਬਜਟ ‘ਚ ਹੈ ਗਰੀਨ ਨੌਕਰੀਆਂ ਦਾ ਪ੍ਰਬੰਧ – ਮੋਦੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਸੈਸ਼ਨ ਵਿੱਚ ਬਜਟ ਪੇਸ਼ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਬਜਟ ਨੂੰ ਲੋਕਾਂ ਲਈ ਉਮੀਦਾਂ ਅਤੇ ਮੌਕਿਆਂ ਦਾ ਬਜਟ ਕਹਿ ਕੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਰਥਚਾਰੇ ਨੂੰ ਹੁਲਾਰਾ ਦੇਣ ਵਾਲਾ ਹੈ, ਇਹ ਹੋਰ ਢਾਂਚੇ, ਹੋਰ ਨਿਵੇਸ਼,ਹੋਰ ਵਿਕਾਸ ਅਤੇ ਹੋਰ ਨੌਕਰੀਆਂ ਨਾਲ ਭਰਿਆ ਹੋਇਆ ਹੈ। ਇਸ ਵਿੱਚ ਗਰੀਨ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਅਮਿਤ ਸ਼ਾਹ ਨੇ ਬਜਟ ਨੂੰ ਦੂਰਦਰਸ਼ੀ ਦਿੱਤਾ ਕਰਾਰ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਬਜਟ ਦੂਰਦਰਸ਼ੀ ਹੈ, ਜੋ ਭਾਰਤ ਦੀ ਅਰਥਵਿਵਸਥਾ ਨੂੰ ਬਦਲਣ ਵਾਲਾ ਬਜਟ ਸਾਬਤ ਹੋਵੇਗਾ। ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਬਜਟ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੇ ਨਾਲ-ਨਾਲ ਆਜ਼ਾਦੀ ਦੇ 100ਵੇਂ ਵਰ੍ਹੇ ਲਈ ਨਵੇਂ ਭਾਰਤ ਦੀ ਨੀਂਹ ਵੀ ਰੱਖੇਗਾ। ਉਨ੍ਹਾਂ ਕਿਹਾ ਕਿ ਬਜਟ ਨੂੰ ਵਧਾ ਕੇ 39.45 ਲੱਖ ਕਰੋੜ ਕਰਨਾ ਮਹਾਂਮਾਰੀ ਵਿੱਚ ਭਾਰਤ ਦੀ ਵੱਧ ਰਹੀ ਅਰਥਵਿਵਸਥਾ ਨੂੰ ਦਰਸਾਉਂਦਾ ਹੈ।
ਭਾਜਪਾ ਨੇ ਬਜਟ ਨੂੰ ਦੱਸਿਆ ਆਮ ਆਦਮੀ ਦਾ
ਸੀਨੀਅਰ ਭਾਜਪਾ ਲੀਡਰ ਰਵੀ ਸ਼ੰਕਰ ਪ੍ਰਸਾਦ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਬਾਰੇ ਆਪਣੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਵਿੱਤੀ ਮੋਰਚੇ ਦੇ ਹਿਸਾਬ ਨਾਲ ਇਹ ਆਮ ਆਦਮੀ ਦਾ ਬਜਟ ਹੈ ਅਤੇ ਦੇਸ਼ ਦੀ ਤਰੱਕੀ ਲਈ ਇੱਕ ਰੋਡ ਮੈਪ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਰਾਜੇਵਰਧਨ ਰਾਠੌਰ ਨੇ ਕਿਹਾ ਕਿ 35 ਫ਼ੀਸਦ ਢਾਂਚਾਗਤ ਨਿਵੇਸ਼ ਆਪਣੇ-ਆਪ ਹੀ ਆਰਥਿਕਤਾ ਨੂੰ ਹੁਲਾਰਾ ਦੇਣ ਵਾਲਾ ਹੈ। ਇਸ ਨਾਲ ਦੇਸ਼ ਵਿੱਚ ਉਤਪਾਦਨ ਵਧੇਗਾ ਅਤੇ ਮੁਲਕ ਦਾ ਪੈਸਾ ਮੁਲਕ ਵਿੱਚ ਹੀ ਰਹੇਗਾ।
ਰਾਹੁਲ ਗਾਂਧੀ ਨੇ ਸੀਤਾਰਮਨ ਦੇ ਬਜਟ ਨੂੰ ਦੱਸਿਆ ‘ਜ਼ੀਰੋ ਸਮ ਬਜਟ’
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਦੀ ਜਿੱਥੇ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਹੀ ਵਿਰੋਧੀਆਂ ਵੱਲੋਂ ਇਸਦੀ ਆਲੋਚਨਾ ਵੀ ਕੀਤੀ ਗਈ ਹੈ। ਬਜਟ ਨੂੰ ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ‘ਜ਼ੀਰੋ ਸਮ ਬਜਟ’ ਕਰਾਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਬਜਟ ਵਿੱਚ ਮੱਧਵਰਗੀ, ਗ਼ਰੀਬ,ਕਿਸਾਨਾਂ,ਨੌਜਵਾਨਾਂ ਅਤੇ ਮੁਲਾਜ਼ਮ ਵਰਗ ਲਈ ਕੁੱਝ ਵੀ ਨਹੀਂ ਹੈ।
ਅੱਛੇ ਦਿਨਾਂ ਨੂੰ ਹੋਰ ਵੀ ਦੂਰ ਕਰ ਰਿਹੈ ਬਜਟ – ਥਰੂਰ
ਸਾਬਕਾ ਕੇਂਦਰੀ ਰਾਜ ਵਿੱਤ ਮੰਤਰੀ ਜੈਅੰਤ ਸਿਨਹਾ ਨੇ ਬਜਟ ਪੇਸ਼ ਹੋਣ ਤੋਂ ਬਾਅਦ ਕਿਹਾ ਕਿ ਇਹ ਵਿਕਾਸ ਵਿੱਚ ਸਹਾਇਤਾ ਕਰਨ ਵਾਲਾ ਬਜਟ ਹੈ ਅਤੇ ਇਸ ਨਾਲ ਮਹਿੰਗਾਈ ਉੱਪਰ ਕਾਬੂ ਰਹੇਗਾ। ਜਯੰਤ ਸਿਨਹਾ ਨੇ ਕਿਹਾ ਕਿ ਇਸ ਬਜਟ ਵਿੱਚ ਆਉਣ ਵਾਲੇ ਸਮੇਂ ਵਿੱਚ ਵੱਧ ਨੌਕਰੀਆਂ ਪੈਦਾ ਕਰਨ ਦੀ ਸਮਰੱਥਾ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਬਜਟ ਵਿੱਚ ਆਮ ਨਾਗਰਿਕਾਂ ਲਈ ਕੁੱਝ ਖ਼ਾਸ ਨਹੀਂ ਹੈ। ਥਰੂਰ ਨੇ ਕਿਹਾ ਕਿ ਮੱਧਵਰਗੀ ਪਰਿਵਾਰਾਂ ਲਈ ਟੈਕਸ ਵਿੱਚ ਕੋਈ ਰਾਹਤ ਨਹੀਂ ਹੈ ਅਤੇ ਲੱਗਦਾ ਹੈ ਕਿ ਇਹ ਬਜਟ ‘ਅੱਛੇ ਦਿਨਾਂ’ ਨੂੰ ਹੋਰ ਵੀ ਦੂਰ ਕਰ ਰਿਹਾ ਹੈ। ਸ਼ਸ਼ੀ ਥਰੂਰ ਨੇ ਕਿਹਾ ਕਿ ਬਜਟ ਵਿੱਚ ਮਨਰੇਗਾ,ਰੱਖਿਆ ਨਾਲ ਸਬੰਧਤ ਚੀਜ਼ਾਂ ਅਤੇ ਹੋਰ ਜ਼ਰੂਰੀ ਮੁੱਦਿਆਂ ਦਾ ਜ਼ਿਕਰ ਨਹੀਂ ਸੀ। ਥਰੂਰ ਨੇ ਆਖਿਆ ਕਿ ਡਿਜੀਟਲ ਕਰੰਸੀ ਦੀ ਦਿਸ਼ਾ ਵੱਲ ਸਰਕਾਰ ਜਾ ਰਹੀ ਸੀ ਅਤੇ ਇਸ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ।
ਪੰਜਾਬ ਦੇ ਉੱਘੇ ਅਰਥਸ਼ਾਸਤਰੀ ਨੇ ਬਜਟ ਬਾਰੇ ਰੱਖੀ ਆਪਣੇ ਰਾਏ
ਉੱਘੇ ਅਰਥਸ਼ਾਸਤਰੀ ਅਤੇ ਕਰਿੱਡ ਦੇ ਡਾਇਰੈਕਟਰ ਆਰ.ਐੱਸ.ਘੁੰਮਣ ਨੇ ਕਿਹਾ ਹੈ ਕਿ ਬਜਟ ਵਿੱਚ ਲੋਕਪੱਖੀ ਐਲਾਨ ਘੱਟ ਹਨ, ਪਰ ਨਵ-ਉਦਾਰਵਾਦੀ ਨੀਤੀਆਂ ਹੁਲਾਰੇ ਵਾਲੀਆਂ ਹਨ। ਬਜਟ ਵਿੱਚ ਲੋਕਪੱਖੀ ਐਲਾਨ ਘੱਟ ਹਨ, ਪਰ ਨਵਉਦਾਰਵਾਦੀ ਨੀਤੀਆਂ ਦੇ ਹੁਲਾਰੇ ਵਾਲੀਆਂ ਹਨ। ਕਾਰਪੋਰੇਟ ਜਗਤ ਅਤੇ ਨਿੱਜੀ ਖੇਤਰ ਨੂੰ ਹੁਲਾਰਾ ਦੇਣ ਵਾਲਾ ਬਜਟ ਹੈ। ਬਜਟ ਵਿੱਚ ਸਿੱਖਿਆ ਵਿੱਚ ਕਿੰਨਾ ਪੈਸਾ ਵਧੇਗਾ. ਉਸਦਾ ਜ਼ਿਕਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਨੂੰ ਆਮਦਨ ਕਰ ਟੈਕਸ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਖੇਤੀ ਸੈਕਟਰ ਰੁਜ਼ਗਾਰ ਘੱਟ ਰਿਹਾ ਹੈ, ਉਸ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ। ਛੇ ਫੀਸਦ ਬੇਰੁਗਜ਼ਾਰੀ 2018-19 ਵਿੱਚ ਸੀ, ਪੰਜਾਬ ਵਿੱਚ ਇਹ ਅੱਠ ਫ਼ੀਸਦ ਹੈ। ਇਸ ਬਾਰੇ ਕੁੱਝ ਸੋਚਣ ਵਾਲੀ ਲੋੜ ਸੀ। ਲੋਕਾਂ ਨੂੰ ਗਰੀਬੀ ਵਿੱਚੋਂ ਕੱਢਣ ਲਈ ਕੋਈ ਠੋਸ ਐਲਾਨ ਕੀਤਾ ਜਾਣਾ ਚਾਹੀਦਾ ਸੀ। ਅਮੀਰਾਂ ਉੱਤੇ ਟੈਕਸ ਲਾਇਆ ਜਾਣਾ ਚਾਹੀਦਾ ਸੀ ਪਰ ਕਾਰਪੋਰਟੇ ਟੈਕਸ ਨੂੰ ਘਟਾਇਆ ਗਿਆ ਹੈ। ਪਹਿਲਾਂ ਬਜਟਾਂ ਵਿੱਚ ਸੂਬਿਆਂ ਲਈ ਖਾਸ ਐਲਾਨ ਹੁੰਦੇ ਸਨ, ਪਰ ਇਸ ਵਾਰ ਕੋਈ ਐਲਾਨ ਨਹੀਂ ਹੈ। ਇਹ ਹੋ ਸਕਦਾ ਹੈ ਵਿਧਾਨ ਸਭਾ ਚੋਣਾਂ ਕਰਕੇ ਹੋਵੇ।
ਬਜਟ ਨੇ ਲੋਕਾਂ ਨੂੰ ਕੀਤਾ ਨਿਰਾਸ਼ – ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਸ ਬਜਟ ਵਿੱਚ ਮਹਿੰਗਾਈ ਘਟਾਉਣ ਲਈ ਕੁੱਝ ਨਹੀਂ ਹੈ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ‘ਕੋਰੋਨਾ ਦੇ ਦੌਰ ਦੌਰਾਨ ਲੋਕਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ। ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਆਮ ਲੋਕਾਂ ਲਈ ਬਜਟ ਵਿੱਚ ਕੁਝ ਨਹੀਂ ਹੈ। ਮਹਿੰਗਾਈ ਨੂੰ ਘੱਟ ਕਰਨ ਲਈ ਕੁੱਝ ਨਹੀਂ।