‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪਾਵਰਕੌਮ ਨੇ ਆਪਣੇ ਮੁੱਖ ਦਫ਼ਤਰ ਵਿੱਚ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ। ਪਾਵਰਕੌਮ ਮੈਨੇਜਮੈਂਟ ਨੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪਟਿਆਲਾ ਦੇ ਮਾਲ ਰੋਡ ’ਤੇ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਨੂੰ ਮਹਾਂਮਾਰੀ ਤੋਂ ਬਚਾ ਕੇ ਰੱਖਣ ਲਈ ਨਵੀਆਂ ਹਦਾਇਤਾਂ ਮੁਤਾਬਕ ਮੁੱਖ ਦਫ਼ਤਰ ਵਿੱਚ ਆਮ ਲੋਕਾਂ ਤੋਂ ਦਾਖਲਾ ਬੰਦ ਕਰਕੇ ਪਬਲਿਕ ਕੰਮ ਆਨਲਾਈਨ ਕਰਨ ਦਾ ਐਲਾਨ ਕੀਤਾ ਹੈ।
ਨਵੇਂ ਫ਼ੈਸਲੇ ਅਨੁਸਾਰ ਮੁੱਖ ਦਫ਼ਤਰ ਦਾ ਮੁੱਖ ਗੇਟ ਤੇ ਸ਼ੇਰਾਂ ਵਾਲੇ ਪਾਸੇ ਦਾ ਗੇਟ ਸਵੇਰੇ 9.30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਮਗਰੋਂ ਦਾਖ਼ਲੇ ਲਈ ਮੁੱਖ ਦਫ਼ਤਰ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਕੋਲ ਪਾਵਰਕੌਮ ਤੇ ਟਰਾਂਸਮਿਸ਼ਨ ਅਦਾਰਿਆਂ ਦਾ ਸ਼ਨਾਖ਼ਤੀ ਕਾਰਡ ਹੋਣਾ ਜ਼ਰੂਰੀ ਹੋਵੇਗਾ ਅਤੇ ਮੂੰਹ ’ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸੀ.ਐੱਮ.ਡੀ. ਤੇ ਹੋਰ ਡਾਇਰੈਕਟਰਾਂ ਅਤੇ ਅਧਿਕਾਰੀਆਂ ਨੂੰ ਮਿਲਣ ਆਉਣ ਵਾਲੇ ਆਮ ਲੋਕਾਂ ਤੇ ਫੀਲਡ ਦਫ਼ਤਰਾਂ ਤੋਂ ਆਪਣੀ ਬਦਲੀ, ਤਾਇਨਾਤੀ, ਤਰੱਕੀ ਲਈ ਆਉਣ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦੀ ਮੁੱਖ ਦਫ਼ਤਰ ਵਿੱਚ ਦਾਖਲੇ ’ਤੇ 30 ਅਪ੍ਰੈਲ ਤੱਕ ਪਾਬੰਦੀ ਰਹੇਗੀ। ਫੀਲਡ ਦਫ਼ਤਰਾਂ ਨੂੰ ਮੁੱਖ ਦਫ਼ਤਰ ਵਿੱਚ ਪੱਤਰ ਤੇ ਡਾਕ ਆਦਿ ਪਹਿਲ ਦੇ ਆਧਾਰ ’ਤੇ ਈਮੇਲ ਰਾਹੀਂ ਭੇਜਣ ਦੀ ਵੀ ਹਦਾਇਤ ਕੀਤੀ ਗਈ ਹੈ।