‘ਦ ਖ਼ਾਲਸ ਬਿਊਰੋ:- ਖੇਤੀ ਕਾਨੂੰਨ ਖਿਲਾਫ਼ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਧਰਨੇ ਪ੍ਰਦਰਸ਼ਨਾਂ ਨਾਲ ਪੰਜਾਬ ਦਾ ਮਾਹੌਲ ਰੈਲੀਆਂ ਵਿੱਚ ਬਦਲਦਾ ਜਾ ਰਿਹਾ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਭਾਵੇਂ ਸਾਲ 2022 ਵਿੱਚ ਹਨ ਪਰ ਦੋ ਸਾਲ ਪਹਿਲਾਂ ਹੀ ਸੂਬੇ ਵਿੱਚ ਚੋਣਾਂ ਵਰਗਾ ਮਾਹੌਲ ਬਣਨ ਲੱਗਾ ਹੈ।
ਪੰਜਾਬ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਸੱਤਾਧਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਵਿਧਾਇਕ ਬੈਂਸ ਭਰਾ ਖੇਤੀ ਕਾਨੂੰਨ ਜ਼ਰੀਏ ਮਿਸ਼ਨ-2022 ਦੀਆਂ ਤਿਆਰੀਆਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੀ ਟਰੈਕਟਰ ਰੈਲੀ ਤੋਂ ਬਾਅਦ ਹੁਣ ਕਾਂਗਰਸ ਦੇ ਰਾਹੁਲ ਗਾਂਧੀ ਵੀ ਆਪਣੀ ਟਰੈਕਟਰ ਰੈਲੀ ਤੇ ਰੋਸ ਮਾਰਚ ਲਈ ਪੰਜਾਬ ਪੁੱਜੇ ਹਨ।
ਖੇਤੀ ਕਾਨੂੰਨ ਪਾਸ ਹੁੰਦੇ ਹੀ ਪੰਜਾਬ ਵਿੱਚ ਭਾਜਪਾ ਵਿਰੋਧੀ ਮਾਹੌਲ ਭਖ਼ ਗਿਆ ਹੈ। ਪੰਜਾਬ ਦੇ ਕਲਾਕਾਰਾਂ ਤੋਂ ਬਾਅਦ ਸਾਰੀਆਂ ਹੀ ਸਿਆਸੀ ਧਿਰਾਂ ਵੀ ਕਿਸਾਨਾਂ ਨਾਲ ਸੜਕਾਂ ’ਤੇ ਉਤਰ ਆਈਆਂ ਹਨ। ਅਕਾਲੀ ਦਲ ਨੇ ਦਿੱਲੀ ਵਿੱਚ ਵਜ਼ੀਰੀ ਦੀ ਕੁਰਸੀ ਛੱਡ ਕੇ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।
‘ਆਪ’ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਸ਼ਹਿਰ-ਸ਼ਹਿਰ, ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਪਿੰਡ ਵਾਸੀ ਇਸ ਕਾਨੂੰਨ ਖ਼ਿਲਾਫ਼ ਗ੍ਰਾਮ ਸਭਾ ਸੱਦਣ ਤੇ ਇਸ ਕਾਨੂੰਨ ਨੂੰ ਰੱਦ ਕਰਨ। ਬੈਂਸ ਭਰਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਭਾਜਪਾ ਦੇ ਲੋਕ ਸਭਾ ਮੈਂਬਰਾਂ ਦਾ ਘਿਰਾਓ ਕਰ ਰਹੇ ਹਨ।