The Khalas Tv Blog Punjab ਸੰਜੀਵ ਅਰੋੜਾ ਦੀ ਉਮੀਦਵਾਰੀ ਤੋਂ ਬਾਅਦ ਪੰਜਾਬ ‘ਚ ਛਿੜਿਆ ਸਿਆਸੀ ਘਮਸਾਣ
Punjab

ਸੰਜੀਵ ਅਰੋੜਾ ਦੀ ਉਮੀਦਵਾਰੀ ਤੋਂ ਬਾਅਦ ਪੰਜਾਬ ‘ਚ ਛਿੜਿਆ ਸਿਆਸੀ ਘਮਸਾਣ

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਪੱਛਮੀ ਸੀਟ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਣ ਤੋਂ ਬਾਅਦ ਪੰਜਾਬ ‘ਚ ਸਿਆਸੀ ਘਮਸਾਣ ਮਚ ਗਿਆ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਏ ਜਾਣ ‘ਤੇ ਸਵਾਲ ਖੜੇ ਕੀਤੇ ਹਨ। ਮਜੀਠੀਆ ਨੇ ਕਿਹਾ ਕਿ ਹੁਣ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਤੇ ਉਹ ਰਾਜ ਸਭਾ ਸੀਟ ਤੋਂ ਅਸਤੀਫਾ ਦੇ ਦੇਣਗੇ, ਜਿਸ ਤੋਂ ਬਾਅਦ ਉਨ੍ਹਾਂ ਦੀ ਥਾਂ ਅਰਵਿੰਦ ਕੇਜਰੀਵਾਲ ਜਾਂ ਫਿਰ ਮਨੀਸ਼ ਸਿਸੋਦੀਆ ਨੂੰ ਰਾਜ ਸਭਾ ਉਮੀਦਵਾਰ ਬਣਾਇਆ ਜਾਵੇਗਾ। ਇਕ ਵਾਰ ਫਿਰ ਪੰਜਾਬ ਨੂੰ ਦਿੱਲੀ ਅੱਗੇ ਆਤਮ ਸਮਰਪਣ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਬੇਪਰਵਾਹ ਬਣਿਆ ਹੋਇਆ ਹੈ। ਮਜੀਠੀਆ ਤੋਂ ਇਲਾਵਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਪਿਛਲ਼ੇ ਦਰਵਾਜੇ ਰਾਂਹੀ ਕੇਜਰੀਵਾਲ ਦੇ ਰਾਜ ਸਭਾ ਮੈਂਬਰ ਬਣਨ ਦੇ ਇਲਜ਼ਾਮ ਲਾਏ ਹਨ। ਖਹਿਰਾ ਨੇ ਕਿਹਾ ਕਿ ਸੰਜੀਵ ਅਰੋੜਾ ਨੂੰ ਪੰਜਾਬ ‘ਚ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਕੇ ਚੋਣ ਲੜਾਈ ਜਾ ਰਹੀ ਹੈ ਤੇ ਉਸ ਦੀ ਸੀਟ ਖਾਲੀ ਕਰਵਾ ਕੇ ਕੇਜਰੀਵਾਲ ਰਾਜ ਸਭਾ ਜਾਣਾ ਚਾਹੁੰਦਾ ਹੈ। ਓਧਰ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਵੀ ਸੰਜੀਵ ਅਰੋੜਾ ਦੀ  ਉਮੀਦਵਾਰੀ ‘ਤੇ ਸਵਾਲ ਚੁੱਕੇ ਹਨ।  ਇਨ੍ਹਾ ਇਲਜ਼ਾਮਾ ਤੇ ਆਪ’ ਦੀ ਰਾਸ਼ਟਰੀ ਮੁੱਖ ਬੁਲਾਰਾ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਸੰਜੀਵ ਅਰੋੜਾ ਇਸ ਸੀਟ ਲਈ ਸਭ ਤੋਂ ਵਧੀਆ ਉਮੀਦਵਾਰ ਹਨ, ਉਹ ਲੋਕਾਂ ਦੇ ਵਿਚਕਾਰ ਰਹੇ ਹਨ, ਲੋਕਾਂ ਦੇ ਮਸਲੇ ਹੱਲ ਕਰਦੇ ਹਨ, ਇਸੇ ਲਈ ਉਨ੍ਹਾਂ ਨੂੰ ਉੱਥੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਅਰਵਿੰਦ ਕੇਜਰੀਵਾਲ ਦਾ ਸਵਾਲ ਹੈ, ਪਹਿਲਾਂ ਕਿਹਾ ਗਿਆ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ, ਫਿਰ ਕਿਹਾ ਗਿਆ ਕਿ ਉਹ ਰਾਜ ਸਭਾ ਜਾਣਗੇ, ਇਹ ਦੋਵੇਂ ਰਿਪੋਰਟਾਂ ਗਲਤ ਹਨ।

ਇਹ ਵੀ ਪੜ੍ਹੋ –

Exit mobile version