ਜਗਜੀਵਨ ਮੀਤ
ਸਿਆਸੀ ਧਿਰਾਂ ਲਈ ਇਹ ਦਿਨ ਜੀਣ ਮਰਨ ਵਾਂਗ ਹਨ। ਲੋਕਾਂ ਵੱਲ ਨਾ ਹੋ ਕੇ ਇਨ੍ਹਾਂ ਦਿਨਾਂ ਵਿੱਚ ਤਕਰੀਬਨ ਸਾਰੇ ਹੀ ਸਿਆਸੀ ਲੀਡਰ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਹਨ ਕਿ ਕੌਣ ਕੀ ਭਾਫ ਕੱਢਦਾ ਹੈ, ਕੌਣ ਕੀ ਵਾਅਦਾ ਕਰਦਾ ਹੈ ਤੇ ਕੌਣ ਕਿੱਡਾ ਲਾਰਾ ਲਾ ਕੇ ਲੋਕਾਂ ਦੇ ਇਕੱਠ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਰਿਹਾ ਹੈ। ਸਿਆਸੀ ਧਿਰਾਂ ਦੀ ਇਹ ਮੌਕਾਪ੍ਰਸਤੀ ਦੀ ਖੇਡ ਨੂੰ ਨਵੀਂ ਨਹੀਂ ਹੈ। ਇੱਥੇ ਉਹ ਲੀਡਰ ਵੀ ਹਿੱਕ ਠੋਕ ਕੇ ਪੰਜਾਬ ਦੇ ਖੈਰਖਵਾਹ ਬਣ ਰਹੇ ਹਨ, ਜਿਨ੍ਹਾਂ ਨੇ ਗੁਟਕਾ ਸਾਹਿਬ ਨੂੰ ਮੱਥੇ ਨਾਲ ਛੁਹਾ ਕੇ ਵੱਡਾ ਅਹਿਦ ਲਿਆ ਸੀ ਤੇ ਉਹ ਵੀ ਇੱਥੇ ਹੀ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਠੋਕ ਕੇ ਕਦੇ ਸਰਕਾਰ ਨਾਲ ਦੋਸਤੀ ਪੁਗਾਈ ਤੇ ਫਿਰ ਮੌਕੇ ਦੇਖ ਕੇ ਵਿਚਾਲਿਓਂ ਖਿਸਕ ਕੇ ਲੋਕਾਂ ਵੱਲੀਂ ਆਣ ਖੜ੍ਹੇ ਹੋ ਗਏ।
ਚੰਨੀ ਸਾਹਿਬ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ ਵਿੱਚ ਆਪਣੀ ਸਿਆਸਤ ਦੀਆਂ ਨਵੀਆਂ ਕਰੂੰਬਲਾਂ ਫੁੱਟਣ ਲਗਾਉਣ ਲਈ ਨਵੇਂ ਤਰ੍ਹਾਂ ਦੇ ਜੋੜ ਤੋੜ ਵਿੱਚ ਹਨ।ਹਾਲਾਂਕਿ ਇਹ ਪੰਜਾਬ ਦੀ ਸਿਆਸਤ ਦੇ ਇਤਿਹਾਸਕ ਅਤੇ ਸਿਆਸੀ ਮਿਜ਼ਾਜ ਦੇ ਅਨੁਕੂਲ ਹੋਣ ਦਾ ਸੰਕੇਤ ਨਹੀਂ ਦੇ ਰਹੀ। ਯਾਦ ਕਰਵਾ ਦਈਏ ਕਿ ਕੈਪਟਨ ਸਾਹਿਬ ਨੇ ਲਗਭਗ ਸਾਢੇ ਚਾਰ ਸਾਲਾਂ ਤੱਕ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦੇ ਲੀਡਰ ਵਜੋਂ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸਾਂਭਿਆ ਤੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਉਨ੍ਹਾਂ ਦੇ ਨਾਮ ਉੱਤੇ ਲੜੀਆਂ ਅਤੇ ਜਿੱਤੀਆਂ ਗਈਆਂ ਸਨ।
ਇਹ ਵੀ ਯਾਦ ਕਰਵਾਉਣ ਯੋਗ ਹੈ ਕਿ ਕੈਪਟਨ ਨੇ ਆਪਣੀ ਨਵੀਂ ਬਣਾਈ ਪਾਰਟੀ ਪੰਜਾਬ ਲੋਕ ਕਾਂਗਰਸ ਹੁਣ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ 2022 ਦੇ ਚੋਣ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਸ ਬਿਰਤਾਂਤ ਨੂੰ ਕੈਪਟਨ ਕਾਫ਼ੀ ਦਿਨਾਂ ਤੋਂ ਪ੍ਰਚਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੋਂ ਤੱਕ ਕਿ ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਲਈ ਸਰਗਰਮ ਦਿਸਦੇ ਸਾਬਕਾ ਮੁੱਖ ਮੰਤਰੀ ਨੂੰ ਕਾਨੂੰਨ ਵਾਪਸੀ ਦਾ ਸਿਹਰਾ ਦੇਣ ਤੋਂ ਗੁਰੇਜ਼ ਕੀਤਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਤੋਂ ਬਿਨਾ ਇਕਤਰਫ਼ਾ ਤੌਰ ਉੱਤੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਉੱਧਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲ ਕੇ ਇਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਕੈਪਟਨ ਕਿਸਾਨਾਂ ਉੱਤੇ ਦਰਜ ਪਰਚੇ ਵਾਪਸ ਕਰਵਾਉਣ ਬਾਰੇ ਗੱਲਬਾਤ ਕਰ ਰਹੇ ਹਨ। ਇਸ ਸਮੁੱਚੇ ਪ੍ਰਭਾਵ ਦੇ ਬਾਵਜੂਦ ਅਜੇ ਤੱਕ ਭਾਰਤੀ ਜਨਤਾ ਪਾਰਟੀ ਜਾਂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਕਿਸੇ ਤਰ੍ਹਾਂ ਦੀ ਗੱਲਬਾਤ ਚੱਲਦੀ ਹੋਣ ਦੇ ਸੰਕੇਤ ਨਹੀਂ ਦਿੱਤੇ।
ਕੈਪਟਨ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਉੱਤੇ ਕੋਈ ਤਕੜਾ ਅਮਲ ਨਹੀਂ ਹੋ ਸਕਿਆ ਤੇ ਆਪਣੇ ਹੀ ਮੁੱਦਿਆਂ ਉੱਤੇ ਕੈਪਟਨ ਦਾ ਜਲਾਲ ਮੱਧਮ ਪੈਂਦਾ ਗਿਆ ਹੈ। ਪਿਛਲੀ ਚੋਣ ਨੂੰ ਹੀ ਆਖ਼ਰੀ ਕਹਿ ਕੇ ਲੜਨ ਵਾਲੇ ਕੈਪਟਨ ਇਸ ਵਾਰ ਮੁੜ ਕਾਂਗਰਸ ਦੀ ਅਗਵਾਈ ਵਿਚ ਮੁੱਖ ਮੰਤਰੀ ਬਣਨ ਦੇ ਸੁਪਨੇ ਸੰਜੋਣ ਲੱਗੇ ਸਨ। ਕਾਂਗਰਸ ਹਾਈਕਮਾਨ ਨੇ ਅਗਲੀਆਂ ਚੋਣਾਂ ਕਿਸੇ ਹੋਰ ਦੇ ਨਾਮ ਉੱਤੇ ਲੜਨ ਦਾ ਮਨ ਬਣਾ ਲਿਆ। ਨਵਜੋਤ ਸਿੱਧੂ ਨੂੰ ਪਾਰਟੀ ਪ੍ਰਧਾਨ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਪਿੱਛੋਂ ਕੈਪਟਨ ਪਾਰਟੀ ਨੂੰ ਅਲਵਿਦਾ ਕਹਿ ਗਏ।
ਕੇਂਦਰ ਵਿੱਚ ਸੱਤਾਧਾਰੀ ਭਾਜਪਾ ਇਕ ਸਾਲ ਤੋਂ ਵੱਧ ਸਮੇਂ ਦੇ ਕਿਸਾਨ ਅੰਦੋਲਨ ਦੇ ਨਿਸ਼ਾਨੇ ਉੱਤੇ ਰਹੀ ਹੈ। ਪੰਜਾਬ ਵਿਚ ਭਾਜਪਾ ਨਾਲ ਸਾਂਝ ਪਾਉਣ ਵਾਲੀਆਂ ਪਾਰਟੀਆਂ ਨੂੰ ਦਿਹਾਤੀ ਹਲਕਿਆਂ ਵਿਚ ਕੋਈ ਹੁੰਗਾਰਾ ਮਿਲਣ ਦੀ ਸੰਭਾਵਨਾ ਨਹੀਂ ਹੈ। ਭਾਜਪਾ ਨੇ 2019 ਵਿਚ ਕੱਟੜਪੰਥੀ ਸਿਆਸਤ ਦੇ ਹੀਲੇ ਵਸੀਲੇ ਵਰਤ ਕੇ ਦੂਸਰੀ ਵਾਰ ਕੇਂਦਰ ਵਿਚ ਸਰਕਾਰ ਬਣਾਈ ਪਰ ਪੰਜਾਬ ਦੇ ਵੋਟਰਾਂ ਦਾ ਰੁਝਾਨ ਅਲੱਗ ਦਿਖਾਈ ਦਿੰਦਾ ਰਿਹਾ ਹੈ। ਸੁਰੱਖਿਆ ਦੇ ਨਾਮ ਉੱਤੇ ਪੰਜਾਬ ਵਿਚ ਪੁਲੀਸ ਅਤੇ ਸੁਰੱਖਿਆ ਬਲਾਂ ਦੇ ਅਧਿਕਾਰ ਵਧਾਉਣ ਦਾ ਮੁੱਦਾ ਪਹਿਲਾਂ ਹੀ ਸੂਬੇ ਦੇ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਾਢੇ ਚਾਰ ਸਾਲ ਦੇ ਕਾਂਗਰਸ ਦੇ ਰਾਜ ਵਿਚ ਕਿਸਾਨੀ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਨਸ਼ੇ ਦੇ ਫੈਲਾਉ ਨੂੰ ਚਾਰ ਹਫ਼ਤਿਆਂ ਵਿਚ ਰੋਕਣ, ਘਰ-ਘਰ ਰੁਜ਼ਗਾਰ ਦੇਣ ਅਤੇ ਬੇਅਦਬੀ ਵਰਗੇ ਮੁੱਦਿਆਂ ਬਾਰੇ ਨਾਰਾਜ਼ਗੀ ਸੂਬੇ ਦੇ ਲੋਕਾਂ ਅਤੇ ਕਾਂਗਰਸ ਦੇ ਅੰਦਰ ਵੀ ਲਗਾਤਾਰ ਝਲਕਦੀ ਰਹੀ ਹੈ। ਕਾਂਗਰਸ ਇਸ ਸਾਰੀ ਸੱਤਾ ਵਿਰੋਧੀ ਭਾਵਨਾ ਨੂੰ ਕੈਪਟਨ ਖ਼ਿਲਾਫ਼ ਭੁਗਤਾ ਕੇ ਖੁਦ ਸੁਰਖ਼ਰੂ ਹੋਣ ਦਾ ਯਤਨ ਕਰ ਰਹੀ ਹੈ। ਚੌਰਾਹੇ ਖੜ੍ਹੇ ਪੰਜਾਬ ਨੂੰ ਮੌਕਾਪ੍ਰਸਤੀ ਦੀ ਬਜਾਇ ਮੁੱਦਿਆਂ ’ਤੇ ਆਧਾਰਿਤ ਸਿਆਸਤ ਦੀ ਲੋੜ ਹੈ।
ਪੰਜਾਬ ਦੇ ਬਹੁਤੇ ਮੁੱਦੇ ਅਜਿਹੇ ਹਨ, ਜਿਨ੍ਹਾਂ ਨੂੰ ਸਾਂਝੇ ਤੌਰ ਉੱਤੇ ਕੈਸ਼ ਕਰਨ ਲਈ ਪੰਜਾਬ ਦੀਆਂ ਸਾਰੀਆਂ ਨਵੀਆਂ ਤੇ ਪੁਰਾਣੀਆਂ ਪਾਰਟੀਆਂ ਨੇ ਜੋਰ ਲਗਾਇਆ ਹੈ।ਬੇਅਦਬੀ ਦੇ ਮਸਲੇ ਕਿਸੇ ਸਰਕਾਰ ਕੋਲੋਂ ਹੱਲ ਨਹੀਂ ਹੋ ਸਕੇ।ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇ ਭਰਮਜਾਲ ਵਿੱਚ ਉਲਝਾ ਕੇ ਵੀ ਕੈਪਟਨ ਸਰਕਾਰ ਇਹ ਗੱਲ ਕਿਸੇ ਢਾਹ ਸਿਰ ਨਹੀਂ ਲਗਾ ਸਕੇ ਹਨ।ਕੇਜਰੀਵਾਲ ਦੀਆਂ ਗਰੰਟੀਆਂ ਚੰਨੀ ਸਰਕਾਰ ਲਈ ਸਿਰਦਰਦੀ ਬਣ ਰਹੀਆਂ ਹਨ ਤੇ ਕਿਸਾਨ ਹੁਣ ਸ਼ਿਰੋਮਣੀ ਅਕਾਲੀ ਦਲ ਦੇ ਪੈਰ ਨਹੀਂ ਲੱਗਣ ਦੇ ਰਹੇ ਹਨ।
ਕੁੱਝ ਮੁੱਦੇ ਅਜਿਹੇ ਹਨ ਜਿਨ੍ਹਾਂ ਉੱਤੇ ਮੌਕਾਪ੍ਰਸਤੀ ਦੀ ਗੇਮ ਵੱਡੇ ਪੱਧਰ ਉੱਤੇ ਹੋ ਰਹੀ ਹੈ। ਬਿਜਲੀ ਪਾਣੀ ਸਸਤਾ ਕਰਨ ਦੀ ਹਰੇਕ ਪਾਰਟੀ ਵਿੱਚ ਇਕ ਤਰ੍ਹਾਂ ਹੋੜ ਮਚ ਗਈ ਹੈ। ਸਸਤੀਆਂ ਚੀਜਾਂ ਦੇ ਬਾਜਾਰ 2022 ਤੱਕ ਕਿਸ ਪਾਰਟੀ ਦਾ ਭਲਾ ਕਰਨਗੇ, ਇਹ ਪੰਜਾਬ ਦੇ ਲੋਕ ਤੈਅ ਕਰਨਗੇ।