ਪੰਜਾਬ ਪੁਲਿਸ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਬਠਿੰਡਾ ਵਿੱਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਆਪਰੇਸ਼ਨ ਦੇ ਤਹਿਤ ਪੰਜਾਬ ਪੁਲਿਸ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਹੋਟਲਾਂ ਸਣੇ ਸੰਵੇਦਨਸ਼ੀਲ ਥਾਵਾਂ ‘ਤੇ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਕਰੇਗੀ।
ਇਸ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੇ ਵਾਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਫੜ੍ਹਨ ਲਈ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਇਹ ਕਾਰਵਾਈ ਕੀਤੀ ਜਾਂਦੀ ਹੈ।
ਇਸ ਦੌਰਾਨ ਵੱਖ-ਵੱਖ ਇਲਾਕਿਆਂ ‘ਚ ਪੁਲਿਸ ਵੱਲੋਂ ਰੇਡ ਮਾਰੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਹੈ। ਰੇਲਵੇ ਸਟੇਸ਼ਨ, ਬਸ ਸਟੈਂਡ ਤੇ ਭੀੜ ਭਾੜ ਵਾਲੇ ਇਲਾਕਿਆਂ ‘ਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਲੋਕਾਂ ਤੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਰੰਗੇ ਹੱਥੀਂ ਫੜਿਆ ਜਾ ਸਕੇ।
ਦੂਜੇ ਬੰਨੇ ਮਾਨਸਾ ਪੁਲਿਸ ਨੇ ਵੱਡੇ ਪੱਧਰ ਉਤੇ ਨਸ਼ਿਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਚਲਾਈ। ਇਸ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੇ ਕਈ ਘਰਾਂ ਵਿੱਚ ਤਲਾਸ਼ੀ ਲਈ ਤੇ ਬਾਰੀਕੀ ਨਾਲ ਛਾਣਬੀਣ ਕੀਤੀ। ਮਾਨਸਾ ਵੱਲੋਂ ਵੱਲੋਂ ਜ਼ਿਲ੍ਹੇ ਭਰ ਵਿੱਚ ਸੀਏਐਓ ਤਹਿਤ ਸਰਚ ਮੁਹਿੰਮ ਜਾਰੀ ਹੈ ਤੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਸਮੇਤ 6 ਥਾਵਾਂ ਉਤੇ ਸਰਚ ਮੁਹਿੰਮ ਜਾਰੀ ਹੈ ਤੇ ਨਸ਼ੇ ਦੇ ਸਮੱਗਲਰਾਂ ਉਤੇ ਨਕੇਲ ਕੱਸਣ ਲਈ ਵੱਡੀ ਤਦਾਦ ਵਿੱਚ ਪੁਲਿਸ ਫੋਰਸ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ।
ਇਸ ਦੌਰਾਨ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਕਈ ਲੋਕਾਂ ਉਤੇ ਮਾਮਲੇ ਦਰਜ ਹਨ ਅਤੇ ਕਈ ਵੇਚਦੇ ਹਨ ਜਾਂ ਫਿਰ ਕੋਈ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਜਾ ਕੇ ਆਏ ਹਨ। ਉਨ੍ਹਾਂ ਦੇ ਘਰਾਂ ਦਾ ਸਰਚ ਅਭਿਆਨ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਮ ਤਕ ਨਸ਼ੇ ਦੀ ਜੋ ਵੀ ਰਿਕਵਰੀ ਹੋਵੇਗੀ ਉਹ ਵੀ ਸਾਂਝੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕੇ ਪਿਛਲੇ ਦਿਨੀਂ ਮਾਨਸਾ ਵਿਖੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਵਾਲਾ ਨੌਜਵਾਨ ਖੁਦ ਨਸ਼ੇ ਦੀ ਸਮੱਗਲਿੰਗ ਕਰਦਾ ਸੀ ਤੇ ਉਸ ਉਤੇ ਐੱਨਡੀਪੀਸੀ ਐਕਟ ਦੇ ਚਾਰ ਮਾਮਲੇ ਵੀ ਦਰਜ ਸਨ ਤੇ ਹੁਣ ਉਹ ਜ਼ਮਾਨਤ ਉਤੇ ਆਇਆ ਹੋਇਆ ਸੀ ਤੇ ਪੁਲਿਸ ਵੀ ਉਸਦਾ ਪਿੱਛਾ ਕਰ ਰਹੀ ਸੀ ਪਰ ਉਸ ਦੀ ਮੌਤ ਹੋ ਗਈ ਹੈ। ਉਸ ਦੀ ਮਾਤਾ ਦੇ ਬਿਆਨਾਂ ਉਤੇ ਦੋ ਵਿਅਕਤੀਆਂ ਤੇ ਜਿਥੋਂ ਉਹ ਨਸ਼ਾ ਲੈ ਕੇ ਆਉਦਾ ਸੀ ਉਨ੍ਹਾਂ ਉਪਰ 304 ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਏ ਗਏ ਹਨ।