The Khalas Tv Blog Punjab ‘ਹਰੀਕੇ ‘ਚ ਖਤਮ ਕਰਵਾਇਆ ਗਿਆ ਧਰਨਾ
Punjab

‘ਹਰੀਕੇ ‘ਚ ਖਤਮ ਕਰਵਾਇਆ ਗਿਆ ਧਰਨਾ

ਬਿਊਰੋ ਰਿਪੋਰਟ : ਸ਼ਨਿੱਚਰਵਾਰ ਨੂੰ ਜਦੋਂ ਵਾਰਿਸ ਪੰਜਾਬ ਦੇ ਮੁਖੀ  ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਦਾ ਐਕਸ਼ਨ ਹੋਇਆ ਸੀ ਉਸ ਤੋਂ ਬਾਅਦ ਹਰੀਕੇ ਪੱਤਣ ਵਿੱਚ ਵਾਰਿਸ ਪੰਜਾਬ ਦੇ ਮੁਖੀ ਦੇ ਹੱਕ ਵਿੱਚ ਧਰਨਾ ਸ਼ੁਰੂ ਹੋ ਗਿਆ ਸੀ । ਪਰ ਹੁਣ ਖ਼ਬਰ ਆ ਰਹੀ ਹੈ ਧਰਨਾ ਖਤਮ ਕਰਵਾਇਆ ਗਿਆ ਹੈ   20 ਮਾਰਚ ਨੂੰ ਬੰਗਾਲੀ ਵਾਲੇ ਪੁੱਲ ‘ਤੇ ਇਹ ਧਰਨਾ ਲੱਗਿਆ ਸੀ। ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਇਸ ਦਾ ਵੀਡੀਓ ਵੀ ਸ਼ੇਅਰ ਕਰਦੇ ਹੋਏ ਇਸ ‘ਤੇ ਸਰਕਾਰ ਨੂੰ ਘੇਰਿਆ ਵੀ ਹੈ।

ਆਮ ਆਦਮੀ ਪਾਰਟੀ ਦਾ ਸ਼ਰਮਨਾਕ ਕੰਮ’

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਲਿਖਿਆ ਹੈ ‘ਆਮ ਆਦਮੀ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਅੰਦੋਲਨ ਤੋਂ ਜਨਮ ਲੈਣ ਵਾਲੀ ਇਸ ਪਾਰਟੀ ਨੂੰ ਸ਼ਾਂਤੀ ਨਾਲ ਚੱਲ ਰਿਹਾ ਧਰਨਾ ਹਜ਼ਮ ਨਹੀਂ ਹੁੰਦਾ ਹੈ। ਵੇਖੋ ਕਿਵੇਂ ਪੁਲਿਸ ਨੇ ਹਰੀਕੇ ਧਰਨੇ ‘ਤੇ ਨਾ ਸਿਰਫ਼ ਲੋਕਾਂ ਨੂੰ ਜ਼ਬਰਦਸਤੀ ਬਾਹਰ ਕੱਢਿਆ ਸਗੋਂ ਉਨ੍ਹਾਂ ਦੀਆਂ ਗੱਡੀਆਂ ਨਾਲ ਵੀ ਭੰਨਤੋੜ ਕੀਤੀ! ਕੀ ਪੁਲਿਸ ਜਵਾਬਦੇਹੀ ਹੋਵੇਗੀ ? ਉਧਰ ਇਸ ਤੋਂ ਬੀਤੇ ਦਿਨ ਮੁਹਾਲੀ ਵਿੱਚ ਵੀ ਪੁਲਿਸ ਨੇ ਸਖਤੀ ਦੇ ਨਾਲ ਧਰਨਾ ਖਤਮ ਕਰਵਾਇਆ ਸੀ ।

ਮੁਹਾਲੀ ਵਿੱਚ ਟੈਂਟ ਉਖਾੜੇ ਗਏ ਸਨ।

ਮੰਗਲਵਾਰ ਨੂੰ ਮੁਹਾਲੀ ਦੇ ਸੁਹਾਣਾ ਸਾਹਿਬ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਖਿਲਾਫ਼ ਹੋਏ ਐਕਸ਼ਨ ਦੇ ਖਿਲਾਫ਼ 18 ਮਾਰਚ ਰਾਤ ਤੋਂ ਹੀ ਧਰਨਾ ਸ਼ੁਰੂ ਹੋ ਰਿਹਾ ਸੀ। ਹਮਾਇਤੀਆਂ ਵੱਲੋਂ ਸੜਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ । ਪਰ ਚਾਰ ਦਿਨ ਬਾਅਦ ਪੁਲਿਸ ਨੇ ਸਖਤੀ ਕਰਦੇ ਹੋਏ ਧਰਨਾ ਖਤਮ ਕੀਤਾ ਅਤੇ ਰਸਤਾ ਸਾਫ ਕਰਵਾਇਆ। ਪੰਜਾਬ ਪੁਲਿਸ ਦੇ ਆਈਜੀ ਸੁੱਖਚੈਨ ਸਿੰਘ ਗਿੱਲ ਨੇ ਦਾਅਵਾ ਕੀਤਾ ਸੀ ਕਿ ਧਰਨਾ ਸੁਹਾਣਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਰਾਜ਼ ਤੋਂ ਬਾਅਦ ਚੁੱਕਵਾਇਆ ਗਿਆ ਸੀ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਅਤੇ ਪ੍ਰਬੰਧਕ ਕਮੇਟੀ ਦੇ ਵਿਚਾਲੇ ਕਿਸੇ ਗੱਲ ਨੂੰ ਲੈਕੇ ਵਿਵਾਦ ਹੋ ਗਿਆ ਸੀ । ਇਸ ਦੌਰਾਨ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਕੌਮੀ ਇਨਸਾਫ ਮੋਰਚੇ ਨੂੰ ਲੈਕੇ ਵੀ ਹਾਈਕੋਰਟ ਵਿੱਚ ਆਪਣਾ ਸਟੈਂਡ ਸਾਫ ਕੀਤਾ ਹੈ ।

 

ਕੌਮੀ ਇਨਸਾਫ ਮੋਰਚੇ ‘ਤੇ ਅਦਾਲਤ ਵਿੱਚ ਪੁਲਿਸ ਦਾ ਸਟੈਂਡ

ਮੋਹਾਲੀ ਵਿੱਚ ਕੌਮੀ ਇਨਸਾਫ ਮੋਰਚੇ ਦੇ ਧਰਨੇ ਨੂੰ ਲੈਕੇ ਹਾਈਕੋਰਟ ਵਿੱਚ ਮੁੜ ਤੋਂ ਸੁਣਵਾਈ ਹੋਈ । ਪੰਜਾਬ ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਪ੍ਰਦਰਸ਼ਨਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਨਾਲ ਕਾਨੂੰਨੀ ਹਾਲਾਤ ਵਿਗੜ ਸਕਦੇ ਹਨ । ਸਾਫ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਮਸਲੇ ਤੋਂ ਬਾਅਦ ਜਿਸ ਤਰ੍ਹਾਂ ਨਾਲ ਪੂਰੇ ਪੰਜਾਬ ਵਿੱਚ ਤਣਾਅ ਦਾ ਮਾਹੌਲ ਹੈ ਸਰਕਾਰ ਅਤੇ ਪੁਲਿਸ ਹੁਣ ਹੋਣ ਮਾਹੌਲ ਨੂੰ ਨਹੀਂ ਗਰਮਾਉਣਾ ਚਾਹੁੰਦੀ ਹੈ । ਇਸ ਸਬੰਧ ਵਿੱਚ ਮੁਹਾਲੀ ਦੇ SSP ਸੰਦੀਪ ਗਰਗ ਨੇ ਹਾਈਕੋਰਟ ਵਿੱਚ ਹਲਫਨਾਮਾਂ ਵੀ ਦਾਇਰ ਕੀਤਾ । ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਗਲੀ ਤਰੀਕ ਪਾ ਦਿੱਤੀ । ਇਸ ਤੋਂ ਪਹਿਲਾਂ SSP ਵੱਲੋਂ ਦਾਇਰ ਹਲਫਨਾਮੇ ਵਿੱਚ 12 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 52/53 ਦੇ ਵਿੱਚ ਸੜਕ ਖੋਲਣ ਬਾਰੇ ਵੀ ਜਾਣਕਾਰੀ ਦਿੱਤੀ ਗਈ । ਅਦਾਲਤ ਵਿੱਚ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਸੁਹਾਣਾ ਸਾਹਿਬ ਦੇ ਨਜ਼ਦੀਕ ਲਗਾਏ ਗਏ ਟੈਂਟਾਂ ਨੂੰ ਚੌਕ ਤੋਂ 200 ਮੀਟਰ ਦੂਰ ਕੀਤਾ ਗਿਆ ਹੈ । ਫਿਲਹਾਲ ਧਰਨਾ ਪ੍ਰਦਰਸ਼ਨ YPS ਚੌਕ ਦੇ ਕਰੀਬ 100 ਮੀਟਰ ਦੂਰ ਖਾਲੀ ਥਾਂ ‘ਤੇ ਜਾਰੀ ਹੈ ।

Exit mobile version