The Khalas Tv Blog Punjab ਅੰਮ੍ਰਿਤਸਰ- ਗੱਡੀ ’ਚ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼
Punjab

ਅੰਮ੍ਰਿਤਸਰ- ਗੱਡੀ ’ਚ ਮਿਲੀ ਪੁਲਿਸ ਕਾਂਸਟੇਬਲ ਦੀ ਲਾਸ਼

ਬਿਊਰੋ ਰਿਪੋਰਟ (8 ਸਤੰਬਰ 2026): ਅੰਮ੍ਰਿਤਸਰ ’ਚ 9ਵੀਂ ਬਟਾਲੀਅਨ ਦਫ਼ਤਰ ਦੇ ਸਾਹਮਣੇ ਪਾਰਕਿੰਗ ’ਚ ਇੱਕ ਪੁਲਿਸਕਰਮੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਕਾਂਸਟੇਬਲ ਗੁਰਕੀਰਤ ਸਿੰਘ ਵਜੋਂ ਹੋਈ ਹੈ। ਉਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਵਾਲ ਦਾ ਰਹਿਣ ਵਾਲਾ ਸੀ ਅਤੇ 2018 ’ਚ ਪੁਲਿਸ ਵਿਭਾਗ ’ਚ ਭਰਤੀ ਹੋਇਆ ਸੀ।

ਏਸੀਪੀ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਗੁਰਕੀਰਤ ਸਿੰਘ ਦੀ ਲਾਸ਼ ਗੱਡੀ ਦੇ ਅੰਦਰੋਂ ਮਿਲੀ ਜਿਸ ’ਤੇ ਗੋਲੀ ਲੱਗਣ ਦਾ ਨਿਸ਼ਾਨ ਵੀ ਪਾਇਆ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਉਹ ਅਮਰਨਾਥ ਯਾਤਰਾ ਦੌਰਾਨ ਕਾਨੂੰਨ-ਵਿਵਸਥਾ ਦੀ ਡਿਊਟੀ ਲਈ ਪਠਾਨਕੋਟ ਭੇਜਿਆ ਗਿਆ ਸੀ। ਉਸ ਤੋਂ ਬਾਅਦ ਉਹ ਹਥਿਆਰਾਂ ਦੀ ਸਫ਼ਾਈ ਲਈ ਪਟਿਆਲਾ ਭੇਜਿਆ ਗਿਆ। ਲਗਭਗ 25 ਸਾਲਾ ਗੁਰਕੀਰਤ 9ਵੀਂ ਬਟਾਲੀਅਨ ਵਿੱਚ ਤਾਇਨਾਤ ਸੀ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਇਲਾਕੇ ਦਾ ਜਾਇਜ਼ਾ ਲਿਆ ਗਿਆ। ਘਟਨਾ ਸਥਾਨ ਤੋਂ ਮਾਹਿਰ ਟੀਮ ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਇਸ ਵੇਲੇ ਕੁਝ ਵੀ ਸਪੱਸ਼ਟ ਨਹੀਂ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਨ ਸਾਹਮਣੇ ਆਉਣਗੇ।

ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਸ਼ਰੀਰ ’ਤੇ ਗੋਲੀ ਦਾ ਨਿਸ਼ਾਨ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪੀ ਜਾਵੇਗੀ।

Exit mobile version