‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੁਲਿਸ ਨੇ ਅੱਜ ਆਜ਼ਾਦੀ ਦਿਹਾੜੇ ਨੂੰ ਕਾਲਾ ਦਿਵਸ ਦੇ ਤੌਰ ‘ਤੇ ਮਨਾ ਰਹੇ ਦਲ ਖ਼ਾਲਸਾ ਦੇ ਕਾਰਕੁੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਦਲ ਖ਼ਾਲਸਾ ਵੱਲੋਂ ਆਪਣੇ ਦਫ਼ਤਰ ਦੇ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।
ਪ੍ਰਦਰਸ਼ਨ ਵਾਲੀ ਜਗ੍ਹਾ ‘ਤੇ ਪੁਲਿਸ ਦਾ ਸਖ਼ਤ ਪਹਿਰਾ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ਾਲਿਸਤਾਨ ਦੇ ਨਾਅਰੇ ਲਾਉਣ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਦੋਂ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਸੀ ਤਾਂ ਪ੍ਰਦਰਸ਼ਨਕਾਰੀਆਂ ਵੱਲੋਂ ਉਦੋਂ ਵੀ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਸਨ।
ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਫੜ੍ਹੇ ਹੋਏ ਪੋਸਟਰਾਂ ਵਿੱਚ ਲਿਖਿਆ ਹੋਇਆ ਸੀ ਕਿ ‘ਪੰਜਾਬ ਦਾ ਖੁੱਸਿਆ ਰਾਜ-ਭਾਗ ਅਤੇ ਸ਼ਾਨੋ-ਸ਼ੌਕਤ ਮੁੜ ਬਹਾਲ ਕਰਨਾ ਹੈ।
ਸਿੱਖਾਂ ਲਈ 15 ਅਗਸਤ ਕਾਲਾ ਦਿਨ ਹੈ’। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਕਾਲੇ ਝੰਡੇ ਵੀ ਫੜ੍ਹੇ ਹੋਏ ਸਨ।
ਦਰਅਸਲ, ਦਲ ਖ਼ਾਲਸਾ ਨੇ 15 ਅਗਸਤ ਯਾਨਿ ਅੱਜ ਸਰਕਾਰੀ ਪ੍ਰੋਗਰਾਮ ਦੇ ਬਰਾਬਰ ਆਪਣਾ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਸੀ ਅਤੇ 15 ਅਗਸਤ ਨੂੰ ਕਾਲਾ ਦਿਨ ਮਨਾਉਣ ਦਾ ਵੀ ਐਲਾਨ ਕੀਤਾ ਸੀ।