‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਰੋਨਾ ਨੂੰ ਲੈ ਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ। ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ਕਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਰੋਨਾ ਵਲੰਟੀਅਰ ਨੂੰ ਸਲਾਮ ਕੀਤਾ। ਮੋਦੀ ਨੇ ਕਿਹਾ ਕਿ ਕੁੱਝ ਸੂਬਿਆਂ ਵਿੱਚ ਕਰੋਨਾ ਦੇ ਕੇਸ ਮੁੜ ਆਉਣ ਲੱਗੇ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਜਿਵੇਂ ਕਈ ਸੂਬਿਆਂ ਵਿੱਚ ਕਰੋਨਾ ਕੇਸ ਵੱਧ ਰਹੇ ਹਨ, ਉਸ ਨਾਲ ਸਾਨੂੰ ਅਲਰਟ ਰਹਿਣ ਦੀ ਜ਼ਰੂਰਤ ਹੈ। ਪਿਛਲੀਆਂ ਕਰੋਨਾ ਦੀਆਂ ਲਹਿਰਾਂ ਤੋਂ ਅਸੀਂ ਬਹੁਤ ਕੁੱਝ ਸਿੱਖਿਆ ਹੈ। ਕਰੋਨਾ ਤੋਂ ਬਚਾਅ ਲਈ ਵੈਕਸੀਨ ਸਭ ਤੋਂ ਵੱਡਾ ਸੁਰੱਖਿਆ ਕਵਚ ਹੈ। ਮਾਰਚ ਮਹੀਨੇ ਵਿੱਚ ਅਸੀਂ 12 ਤੋਂ 14 ਸਾਲ ਦੇ ਬੱਚਿਆਂ ਲਈ ਵੈਕਸੀਨ ਸ਼ੁਰੂ ਕੀਤੀ ਸੀ ਅਤੇ ਕੱਲ ਹੀ ਛੇ ਤੋਂ 12 ਸਾਲ ਦੇ ਬੱਚਿਆਂ ਲਈ ਵੀ ਕੋ-ਵੈਕਸੀਨ ਟੀਕਾਕਰਨ ਦੀ ਇਜ਼ਾਜਤ ਮਿਲ ਗਈ ਹੈ।
ਮੋਦੀ ਨੇ ਕਿਹਾ ਕਿ ਹੈਲਥ ਇਨਫਰਾਸਟਰਕਚਰ ਨੂੰ ਅਪਗ੍ਰੇਡ ਕਰਨ ਦਾ ਕੰਮ ਤੇਜ਼ੀ ਨਾਲ ਚੱਲਦਾ ਰਹੇ, ਇਹ ਸੁਨਿਸ਼ਚਤ ਕੀਤਾ ਜਾਣਾ ਚਾਹੀਦਾ ਹੈ। ਬੈੱਡ, ਵੈਂਟੀਲੇਟਰ ਅਤੇ ਆਕਸੀਜਨ ਪਲਾਂਟ ਵਰਗੇ ਮਾਮਲਿਆਂ ਵਿੱਚ ਅਸੀਂ ਕਾਫ਼ੀ ਸਥਿਰ ਹਾਂ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕੇਂਦਰ ਸਰਕਾਰ ਨੇ ਲੋਕਾਂ ਉੱਤੇ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦਾ ਬੋਝ ਘੱਟ ਕਰਨ ਲਈ ਐਕਸਾਈਜ਼ ਡਿਊਟੀ ਵਿੱਚ ਕਮੀ ਕੀਤੀ ਸੀ ਅਤੇ ਸੂਬਾ ਸਰਕਾਰਾਂ ਨੂੰ ਵੀ ਟੈਕਸ ਘੱਟ ਕਰਨ ਦੀ ਅਪੀਲ ਕੀਤੀ ਸੀ ਪਰ ਇਨ੍ਹਾਂ ਸੂਬਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਾਲੇ ਵੀ ਦੂਜਿਆਂ ਨਾਲੋਂ ਜ਼ਿਆਦਾ ਹਨ। ਪਿਛਲੇ ਸਾਲ ਸਾਰੇ ਸੂਬਿਆਂ ਨੂੰ ਕੇਂਦਰ ਸਰਕਾਰ ਨੇ ਵੈਟ ਘੱਟ ਕਰਨ ਦੀ ਅਪੀਲ ਕੀਤੀ ਸੀ ਪਰ ਕਈ ਸੂਬਿਆਂ ਨੇ ਹਾਲੇ ਤੱਕ ਵੈਟ ਘੱਟ ਨਹੀਂ ਕੀਤਾ। ਮੋਦੀ ਨੇ ਸਾਰੇ ਸੂਬਿਆਂ ਨੂੰ ਮੁੜ ਵੈਟ ਘੱਟ ਕਰਨ ਦੀ ਅਪੀਲ ਕੀਤੀ।
ਮੋਦੀ ਨੇ ਵੱਧ ਰਹੀ ਗਰਮੀ ਬਾਰੇ ਬੋਲਦਿਆਂ ਕਿਹਾ ਕਿ ਵੱਖ-ਵੱਖ ਥਾਂਵਾਂ ਉੱਤੇ ਅੱਗ ਲੱਗਣ ਦੀਆਂ ਵੱਧ ਰਹੀਆਂ ਘਟਨਾਵਾਂ ਬਾਰੇ ਵੀ ਵੇਖ ਰਹੇ ਹਾਂ। ਬੀਤੇ ਕੁੱਝ ਦਿਨਾਂ ਵਿੱਚ ਜੰਗਲਾਂ, ਮਹੱਤਵਪੂਰਨ ਇਮਾਰਤਾਂ, ਹਸਪਤਾਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਮੋਦੀ ਨੇ ਸਾਰੇ ਸੂਬਿਆਂ ਨੂੰ ਹਸਪਤਾਲਾਂ ਦਾ ਸੇਫਟੀ ਆਡਿਟ ਕਰਵਾਉਣ, ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਲਈ ਕਿਹਾ ਹੈ। ਜਾਨ-ਮਾਲ ਦੀ ਹਾਨੀ ਨਾ ਹੋਵੇ, ਇਹ ਵੀ ਸੁਨਿਸ਼ਚਿਤ ਕੀਤਾ ਜਾਵੇ।