The Khalas Tv Blog India PM ਮੋਦੀ ਵੱਲੋਂ ਹਾਥਰਸ ਮਾਮਲੇ ‘ਚ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ
India

PM ਮੋਦੀ ਵੱਲੋਂ ਹਾਥਰਸ ਮਾਮਲੇ ‘ਚ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ

ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਓ ਇਲਾਕੇ ’ਚ ਮੰਗਲਵਾਰ ਨੂੰ ਇਕ ਸਤਿਸੰਗ ਦੌਰਾਨ ਭਾਜੜ ਮਚਣ ਕਾਰਨ ਘੱਟ ਤੋਂ ਘੱਟ 121 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਅਲੀਗੜ੍ਹ ਦੇ ਪੁਲਿਸ ਇੰਸਕੈਪਟਰ ਜਨਰਲ (ਆਈ.ਜੀ.) ਸ਼ਲਭ ਮਾਥੁਰ ਨੇ ਦਸਿਆ ਕਿ ਹਾਥਰਸ ’ਚ ਭਾਜੜ ਦੀ ਘਟਨਾ ’ਚ 121 ਲੋਕਾਂ ਦੀ ਮੌਤ ਹੋ ਗਈ ਹੈ। ਏਟਾ ਅਤੇ ਹਾਥਰਸ ਗੁਆਂਢੀ ਜ਼ਿਲ੍ਹੇ ਹਨ ਅਤੇ ਸਤਸੰਗ ’ਚ ਏਟਾ ਦੇ ਲੋਕ ਵੀ ਆਏ ਹੋਏ ਸਨ। ਏਟਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਰਾਜੇਸ਼ ਕੁਮਾਰ ਸਿੰਘ ਨੇ ਦਸਿਆ ਕਿ ਇਹ ਘਟਨਾ ਪੁਲਰਾਏ ਪਿੰਡ ’ਚ ਇਕ ਸਤਿਸੰਗ ਦੌਰਾਨ ਵਾਪਰੀ ਜਿਸ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਣ ਲਈ ਆਏ ਸਨ।

ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ

ਪੀਐਮ ਨਰਿੰਦਰ ਮੋਦੀ ਅਤੇ ਸੀਐਮ ਯੋਗੀ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੀਐਮ ਮੋਦੀ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ 
ਘਟਨਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਥਰਸ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਮਦਦ ਲਈ ਹੈਲਪਲਾਈਨ ਨੰਬਰ 05722227041 ਅਤੇ 05722227042 ਜਾਰੀ ਕੀਤੇ ਹਨ।

ਮੁੱਖ ਮੰਤਰੀ ਨੇ ਦਿੱਤੇ ਘਟਨਾ ਦੀ ਜਾਂਚ ਦੇ ਨਿਰਦੇਸ਼  

ਇਸ ਘਟਨਾ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਦਫ਼ਤਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਜਾਵੇ ਅਤੇ ਮੌਕੇ ‘ਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਏਡੀਜੀ ਆਗਰਾ ਅਤੇ ਕਮਿਸ਼ਨਰ ਅਲੀਗੜ੍ਹ ਦੀ ਅਗਵਾਈ ਵਿੱਚ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਵਾਪਰਿਆ ਹਾਦਸਾ : ਪ੍ਰਬੰਧਕ

ਸਤਿਸੰਗ ਦੀ ਪ੍ਰਬੰਧਕੀ ਕਮੇਟੀ ਨਾਲ ਜੁੜੇ ਮਹੇਸ਼ ਚੰਦਰ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਪ੍ਰੋਗਰਾਮ ਕਰਵਾਇਆ ਸੀ | ਪ੍ਰੋਗਰਾਮ ਵਿੱਚ ਇੱਕ ਲੱਖ ਤੋਂ ਵੱਧ ਸ਼ਰਧਾਲੂ ਮੌਜੂਦ ਸਨ। ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਭਗਦੜ ਮੱਚ ਗਈ। ਇਹ ਹਾਦਸਾ ਪ੍ਰਸ਼ਾਸਨ ਦੀ ਕਮਜ਼ੋਰੀ ਕਾਰਨ ਵਾਪਰਿਆ ਹੈ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਲੋਕ ਇੱਕ ਤੋਂ ਬਾਅਦ ਇੱਕ ਚਿੱਕੜ ਵਿੱਚ ਡਿੱਗਦੇ ਰਹੇ, ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੈਂ ਭੰਡਾਰੇ ਦਾ ਕੰਮ ਦੇਖ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ 13 ਸਾਲਾਂ ਬਾਅਦ ਹਾਥਰਸ ਵਿੱਚ ਹੋਇਆ ਹੈ। ਸਾਡੇ ਕੋਲ 3 ਘੰਟੇ ਦੀ ਇਜਾਜ਼ਤ ਸੀ। ਇਹ ਘਟਨਾ ਦੁਪਹਿਰ 1.30 ਵਜੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਵਾਪਰੀ। ਪ੍ਰੋਗਰਾਮ ਵਿੱਚ ਅਣਗਿਣਤ ਸ਼ਰਧਾਲੂਆਂ ਦੀ ਹਾਜ਼ਰੀ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਸੀ। ਜਿੱਥੇ ਪ੍ਰਬੰਧ ਕੀਤੇ ਹੋਏ ਸਨ, ਉੱਥੇ ਭਾਰੀ ਭੀੜ ਸੀ। ਪ੍ਰੋਗਰਾਮ ਵਿੱਚ 12 ਤੋਂ ਸਾਢੇ 12 ਹਜ਼ਾਰ ਸੇਵਾਦਾਰ ਸਨ। ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਉਹ ਇਕੱਠੇ ਭੱਜਣ ਲੱਗੇ ਅਤੇ ਭਗਦੜ ਮੱਚ ਗਈ। ਬਰਸਾਤ ਦੇ ਮੌਸਮ ਦੌਰਾਨ ਚਿੱਕੜ ਕਾਰਨ ਲੋਕ ਇੱਕ ਦੂਜੇ ‘ਤੇ ਡਿੱਗਣ ਲੱਗੇ।

 

Exit mobile version