The Khalas Tv Blog India ਹਾਕੀ ਦੇ ਸੈਮੀਫਾਈਨਲ ’ਚ ਪਹੁੰਚਿਆ ਭਾਰਤ, ਪੈਨਲਟੀ ਸ਼ੂਟ ਆਊਟ ’ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾਇਆ
India Sports

ਹਾਕੀ ਦੇ ਸੈਮੀਫਾਈਨਲ ’ਚ ਪਹੁੰਚਿਆ ਭਾਰਤ, ਪੈਨਲਟੀ ਸ਼ੂਟ ਆਊਟ ’ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾਇਆ

ਬਿਉਰੋ ਰਿਪੋਰਟ: ਭਾਰਤੀ ਹਾਕੀ ਟੀਮ ਇਤਿਹਾਸ ਰਚਦਿਆਂ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ’ਚ ਹਰਾ ਕੇ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਚਾਰ ਕੁਆਰਟਰਾਂ ਦੀ ਸਮਾਪਤੀ ਤੋਂ ਬਾਅਦ ਦੋਵਾਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਸੀ। ਦੋਵੇਂ ਟੀਮਾਂ ਨੇ ਨਿਰਧਾਰਤ ਸਮੇਂ ਤੱਕ ਲੀਡ ਲੈਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੀਆਂ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਭਾਰਤ ਨੇ ਬਰਤਾਨੀਆ ਨੂੰ 4-2 ਨਾਲ ਹਰਾਇਆ।

ਭਾਰਤ ਇਸ ਮੈਚ ਵਿੱਚ 10 ਖਿਡਾਰੀਆਂ ਨਾਲ ਖੇਡ ਰਿਹਾ ਸੀ ਕਿਉਂਕਿ ਦੂਜੇ ਕੁਆਰਟਰ ਵਿੱਚ ਅਮਿਤ ਰੋਹੀਦਾਸ ਨੂੰ ਲਾਲ ਕਾਰਡ ਮਿਲਿਆ ਸੀ ਜਿਸ ਕਾਰਨ ਉਹ ਪੂਰੇ ਮੈਚ ਤੋਂ ਬਾਹਰ ਹੋ ਗਿਆ ਸੀ। ਹਾਲਾਂਕਿ ਭਾਰਤੀ ਟੀਮ ਨੇ ਹਾਰ ਨਹੀਂ ਮੰਨੀ ਅਤੇ ਅੰਤ ਤੱਕ ਬ੍ਰਿਟੇਨ ਨੂੰ ਸਖ਼ਤ ਟੱਕਰ ਦਿੱਤੀ।

ਇਸ ਤਰ੍ਹਾਂ ਭਾਰਤੀ ਟੀਮ ਨੇ ਤਮਗੇ ਵੱਲ ਇਕ ਹੋਰ ਕਦਮ ਪੁੱਟਿਆ ਹੈ। ਜੇਕਰ ਭਾਰਤ ਸੈਮੀਫਾਈਨਲ ਜਿੱਤਣ ’ਚ ਸਫਲ ਰਹਿੰਦਾ ਹੈ ਤਾਂ ਉਸ ਦਾ ਘੱਟੋ-ਘੱਟ ਚਾਂਦੀ ਦਾ ਤਗਮਾ ਯਕੀਨੀ ਹੋ ਜਾਵੇਗਾ। ਭਾਰਤ ਦਾ ਸੈਮੀਫਾਈਨਲ ਮੈਚ ਮੰਗਲਵਾਰ 6 ਅਗਸਤ ਨੂੰ ਖੇਡਿਆ ਜਾਵੇਗਾ।

ਟੀਮ ਇੰਡੀਆ ਦੀ ਇਸ ਕਾਮਯਾਬੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Exit mobile version