ਫਗਵਾੜਾ : ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਲ ਨਾਮ ਨਹੀਂ ਲੈ ਰਹੀਆਂ। ਹੁਣ ਫਗਵਾੜਾ ਤੋਂ ਅਜਿਹੀ ਹੀ ਇੱਕ ਖ਼ਬਰ ਸਾਹਮਣੇ ਆਈ, ਜਿੱਥੇ ਗੁਰਦੁਆਰਾ ਚੌੜਾ ਖੂਹ ਵਿਚ ਰਮਨਦੀਪ ਸਿੰਘ ਨਾਂ ਦੇ ਨਿਹੰਗ ਨੇ ਬੇਅਦਬੀ ਦੇ ਸ਼ੱਕ ਵਿਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਕਤਲ ਮਗਰੋਂ ਨਿਹੰਗ ਸਿੰਘ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਨੇ ਆਪਣੇ ਆਪ ਨੂੰ ਚੌੜਾ ਖੂਹ ਗੁਰਦੁਆਰਾ ਕੰਪਲੈਕਸ ਅੰਦਰ ਬੰਦ ਕਰ ਲਿਆ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹੈ। ਕਤਲ ਤੋਂ ਪਹਿਲਾਂ ਉਸ ਨੇ ਨੌਜਵਾਨ ਦੀ ਵੀਡੀਓ ਬਣਾਈ, ਜਿਸ ਵਿੱਚ ਨੌਜਵਾਨ ਇੱਥੇ ਬੇਅਦਬੀ ਕਰਨ ਆਇਆ ਹੈ। ਉਸ ਨੂੰ ਬੇਅਦਬੀ ਲਈ ਪੈਸੇ ਮਿਲਣੇ ਸਨ। ਉਹ ਬੇਅਦਬੀ ਨੂੰ ਭੜਕਾਉਣ ਲਈ ਸੁੱਖੀ ਦਾ ਨਾਂ ਲੈ ਰਿਹਾ ਹੈ।
ਨੌਜਵਾਨ ਨੇ ਕਿਹਾ ਕਿ ਪਰ ਉਸਨੇ ਬੇਅਦਬੀ ਨਹੀਂ ਕੀਤੀ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਬੇਅਦਬੀ ਲਈ 2 ਤੋਂ 3 ਹਜ਼ਾਰ ਰੁਪਏ ਮਿਲਣੇ ਸਨ। ਨੌਜਵਾਨ ਨੇ ਕਿਹਾ ਕਿ ਸੁੱਖੀ ਨੇ ਉਸ ਨੂੰ ਭੇਜਿਆ ਹੈ। ਉਸ ਨੂੰ ਕਿਹਾ ਕਿ ਜਾ ਕੇ ਗੁਰਦੁਆਰੇ ਵਿੱਚ ਬੈਠ ਕੇ ਗਲਤ ਕੰਮ ਕਰੇ, ਪਰ ਮੈਂ ਕੁਝ ਨਹੀਂ ਕੀਤਾ।
ਵੀਡੀਓ ਵਿੱਚ ਅੱਗੋਂ ਨਿਹੰਗ ਨੇ ਪੁੱਛਿਆ ਕਿ ਕੀ ਉਸ ਨੂੰ ਬਾਣੀ ਨਾਲ ਕੁਝ ਕਰਨ ਲਈ ਕਿਹਾ ਗਿਆ ਤਾਂ ਨੌਜਵਾਨ ਨੇ ਕਿਹਾ ਕਿ ਹਾਂ, ਮੈਨੂੰ ਛੇੜਛਾੜ ਕਰਨ ਅਤੇ ਅਪਸ਼ਬਦ ਲਿਖਣ ਲਈ ਕਿਹਾ ਗਿਆ ਸੀ। ਨੌਜਵਾਨ ਵਾਰ-ਵਾਰ ਕਹਿੰਦਾ ਰਿਹਾ ਕਿ ਮੈਂ ਕੁਝ ਨਹੀਂ ਕੀਤਾ।
ਕਤਲ ਦਾ ਪਤਾ ਲੱਗਦਿਆਂ ਹੀ ਭਾਰੀ ਪੁਲਿਸ ਫੋਰਸ ਗੁਰਦੁਆਰਾ ਸਾਹਿਬ ਪਹੁੰਚ ਗਈ। ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮੌਕੇ ‘ਤੇ ਨਿਹੰਗਾਂ ਦਾ ਵੀ ਇਕੱਠ ਹੋ ਰਿਹਾ ਹੈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਗੁਰਦੁਆਰਾ ਕਮੇਟੀ ਮੈਂਬਰ ਨੇ ਕਿਹਾ ਕਿ ਮੰਗੂ ਮੱਠ ਮੇਰਾ ਪੁੱਤਰ ਹੈ। ਉਹ ਇੱਥੇ ਕਿਸੇ ਕੰਮ ਲਈ ਫਗਵਾੜਾ ਗੁਰਦੁਆਰੇ ਆਇਆ ਹੋਇਆ ਸੀ। ਰਾਤ ਦਾ ਹਨੇਰਾ ਹੋਣ ਕਰਕੇ ਉਹ ਗੁਰਦੁਆਰੇ ਵਿੱਚ ਹੀ ਰੁਕੇ। ਜਦੋਂ ਨੌਜਵਾਨ ਬੇਅਦਬੀ ਕਰਨ ਆਇਆ ਤਾਂ ਮੰਗੂ ਮੱਠ ਨੇ ਉਸ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਪੈਸੇ ਦਿੱਤੇ ਗਏ ਹਨ। ਜਦੋਂ ਮੰਗੂ ਮੱਠ ਨੇ ਉਸ ਨੂੰ ਹੋਰ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਲਤ ਹਨ, ਜਿਸ ਕਾਰਨ ਮੰਗੂ ਮੱਠ ਨੂੰ ਗੁੱਸਾ ਆ ਗਿਆ।
ਉਨ੍ਹਾਂ ਕਿਹਾ ਕਿ ਉਕਤ ਨੌਜਵਾਨ ਆਪਣੇ ਗੁਰੂ ਦੀ ਬੇਅਦਬੀ ਕਰਨ ਆਇਆ ਸੀ। ਉਹ ਸਵੈ-ਰੱਖਿਆ ਵਿੱਚ ਮਾਰਿਆ ਗਿਆ ਸੀ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ, ਅਸੀਂ ਕੁਝ ਨਹੀਂ ਕਹਿਣਾ।