The Khalas Tv Blog Punjab ਪੰਜਾਬ ਦੇ ਲੋਕ 38 ਹਜ਼ਾਰ 552 ਨੌਕਰੀਆਂ ਲਈ ਹੋ ਜਾਣ ਤਿਆਰ
Punjab

ਪੰਜਾਬ ਦੇ ਲੋਕ 38 ਹਜ਼ਾਰ 552 ਨੌਕਰੀਆਂ ਲਈ ਹੋ ਜਾਣ ਤਿਆਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ 5 ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਾਰੇ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਭਰਤੀ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਵੱਖ-ਵੱਖ ਵਿਭਾਗਾਂ ਦੀ ਕਾਰਜ-ਕੁਸ਼ਲਤਾ ਵਿੱਚ ਹੋਰ ਵਾਧਾ ਹੋ ਸਕੇ। ਮੁੱਖ ਸਕੱਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਦੇ 5 ਵਿਭਾਗਾਂ ਵਿੱਚ 38 ਹਜ਼ਾਰ 552 ਯੋਗ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਦੇ ਬੇਰੁਜ਼ਗਾਰਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲਣਗੀਆਂ।

ਵਿਨੀ ਮਹਾਜਨ ਨੇ ਸੂਬਾ ਪੱਧਰੀ ਰੁਜ਼ਗਾਰ ਯੋਜਨਾ ਸਬੰਧੀ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਵੱਡੇ ਪੱਧਰ `ਤੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਸਾਰੀਆਂ ਅਸਾਮੀਆਂ ਹਾਲੇ ਵੀ ਭਰੀਆਂ ਜਾਣੀਆਂ ਬਾਕੀ ਹਨ।

ਕਿਹੜੇ ਵਿਭਾਗਾਂ ਵਿੱਚ ਭਰੀਆਂ ਜਾਣੀਆਂ ਹਨ ਅਸਾਮੀਆਂ

  • ਸਕੂਲ ਸਿੱਖਿਆ ਵਿਭਾਗ ਵਿੱਚ 16681 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।
  • ਗ੍ਰਹਿ ਵਿਭਾਗ ਵਿੱਚ 10387 ਅਸਾਮੀਆਂ ਭਰੀਆਂ ਜਾਣੀਆਂ ਹਨ।
  • ਬਿਜਲੀ ਵਿਭਾਗ ਵਿੱਚ 3623 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।
  • ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 5834 ਅਸਾਮੀਆਂ ਭਰੀਆਂ ਜਾਣਗੀਆਂ।
  • ਸਹਿਕਾਰਤਾ ਵਿਭਾਗ ਵਿੱਚ 2027 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ।

ਜ਼ਿਆਦਾ ਵਿਭਾਗਾਂ ਵੱਲੋਂ ਭਰਤੀ ਲਈ ਮੁੱਢਲੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਜਲਦ ਹੀ ਸੂਬੇ ਦੇ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਨੂੰ ਰੁਜ਼ਗਾਰ ਮਿਲੇਗਾ। ਮੁੱਖ ਸਕੱਤਰ ਨੇ ਕਿਹਾ ਕਿ ਕਈ ਵਿਭਾਗਾਂ ਜਿਵੇਂ ਕਿ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਜਲ ਸਰੋਤ ਵਿਭਾਗ, ਗ੍ਰਹਿ ਵਿਭਾਗ, ਬਿਜਲੀ ਵਿਭਾਗ, ਸਹਿਕਾਰਤਾ, ਸਿਹਤ ਵਿਭਾਗ, ਉਚੇਰੀ ਸਿੱਖਿਆ, ਮਾਲ ਵਿਭਾਗ ਅਤੇ ਦਿਹਾਤੀ ਵਿਕਾਸ ਵਿਭਾਗ ਵਿੱਚ ਵੱਡੇ ਪੱਧਰ `ਤੇ ਭਰਤੀ ਕੀਤੀ ਜਾਣੀ ਹੈ।

ਉਨ੍ਹਾਂ ਕਿਹਾ ਕਿ ਹਾਊਸਿੰਗ, ਪਬਲਿਕ ਵਰਕਸ, ਟਰਾਂਸਪੋਰਟ, ਪਸ਼ੂ ਪਾਲਣ ਵਿਭਾਗ, ਕਿਰਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਖੇਤੀਬਾੜੀ, ਜੰਗਲਾਤ, ਜੇਲ੍ਹ ਵਿਭਾਗ, ਮੈਡੀਕਲ ਸਿੱਖਿਆ, ਯੋਜਨਾ ਵਿਭਾਗ, ਖੇਡ ਅਤੇ ਯੁਵਕ ਸੇਵਾਵਾਂ ਵਿਭਾਗ, ਸਮਾਜਿਕ ਸੁਰੱਖਿਆ, ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ, ਚੋਣਾਂ ਵਿਭਾਗ, ਡਿਫੈਂਸ ਸਰਵਸਿਜ਼, ਸੈਰ ਸਪਾਟਾ ਵਿਭਾਗ, ਸਿਵਲ ਏਵੀਏਸ਼ਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੀ ਭਰਤੀ ਪ੍ਰਕਿਰਿਆ ਲਈ ਕਾਰਜ ਜ਼ੋਰਾਂ `ਤੇ ਹੈ। ਮੁੱਖ ਸਕੱਤਰ ਨੇ ਵਿੱਤ ਵਿਭਾਗ ਨੂੰ ਲੰਬਿਤ ਕੇਸ ਤੁਰੰਤ ਮਨਜ਼ੂਰ ਕਰਨ ਦੇ ਨਿਰਦੇਸ਼ ਦਿੱਤੇ ਹਨ।

Exit mobile version