The Khalas Tv Blog Punjab ਪੰਜਾਬ ਵਿੱਚ ਹਲਕੇ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ
Punjab

ਪੰਜਾਬ ਵਿੱਚ ਹਲਕੇ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ

ਲੰਘੇ ਕੱਲ੍ਹ ਪੰਜਾਬ ਵਿਚ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਬਾਅਦ ਸ਼ਾਮ ਵੇਲੇ ਮੌਸਮ ਬਦਲਿਆ ਤੇ ਤੇਜ਼ ਹਵਾਵਾਂ ਚੱਲੀਆਂ। ਇਸ ਕਾਰਨ ਦੁਪਹਿਰ ਦੇ ਮੁਕਾਬਲੇ ਸ਼ਾਮ ਦਾ ਪਾਰਾ 3 ਤੋਂ 5 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਮੌਸਮ ਵਿਗਿਆਨੀਆਂ ਨੇ ਪੱਛਮੀ ਗੜਬੜੀ ਦੇ ਮੱਦੇਨਜ਼ਰ 13 ਮਈ ਤੱਕ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।

ਉੱਤਰੀ ਭਾਰਤ ’ਚ ਅੱਜ ਦੁਪਹਿਰ ਵੇਲੇ ਫ਼ਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 40.4 ਅਤੇ ਘੱਟ ਤੋਂ ਘੱਟ ਤਾਪਮਾਨ 27.1 ਡਿਗਰੀ ਸੈਲਸੀਅਸ ਰਿਹਾ। ਇਸ ਸ਼ਹਿਰ ਦਾ ਉੱਪਰਲਾ ਤਾਪਮਾਨ ਪੰਜਾਬ ਭਰ ’ਚ ਸਭ ਤੋਂ ਵੱਧ ਦਰਜ ਕੀਤਾ ਗਿਆ। ਰੂਪਨਗਰ ਵਿਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਮਾਝਾ ਖੇਤਰ ਦੇ ਸ੍ਰੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਝੱਖੜ ਝੁੱਲਿਆ ਅਤੇ ਮੀਂਹ ਪਿਆ। ਇਸ ਤੋਂ ਇਲਾਵਾ ਦੋਆਬਾ, ਹਿਮਾਚਲ ਪ੍ਰਦੇਸ਼ ਦੇ ਊਨਾ ਤੱਕ ਮੀਂਹ ਪਿਆ।

ਇਥੇ ਕਈ ਥਾਈਂ ਗੜੇਮਾਰੀ ਦੀਆਂ ਰਿਪੋਰਟਾਂ ਵੀ ਮਿਲੀਆਂ ਹਨ। ਮਾਲਵੇ ਦੇ ਕੁਝ ਕੁ ਹਿੱਸਿਆਂ ’ਚ ਅੱਜ ਮੀਂਹ ਪਿਆ ਜਦਕਿ ਬਾਕੀ ਹਿੱਸਿਆਂ ’ਚ ਸਿਰਫ ਝੱਖੜ ਹੀ ਆਇਆ। ਪੰਜਾਬ ’ਚ ਅੱਜ ਦੁਪਹਿਰੇ ਦਿਨ ਵੇਲੇ ਭਰਵੀਂ ਗਰਮੀ ਪਈ। ਅੱਜ ਸ੍ਰੀ ਅੰਮ੍ਰਿਤਸਰ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 39.4 ਅਤੇ ਘੱਟ ਤੋਂ ਘੱਟ ਤਾਪਮਾਨ 28.4 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ’ਚ ਕ੍ਰਮਵਾਰ 37.5 ਅਤੇ 27.3, ਪਟਿਆਲਾ ’ਚ 36.5 ਅਤੇ 26.8, ਪਠਾਨਕੋਟ ’ਚ 38.6 ਅਤੇ 26.2, ਬਠਿੰਡਾ ’ਚ 39.4 ਅਤੇ 26.0, ਫ਼ਰੀਦਕੋਟ ’ਚ 39.6 ਅਤੇ 28.0, ਗੁਰਦਾਸਪੁਰ ’ਚ 38.5 ਅਤੇ 26.5, ਬਰਨਾਲਾ ’ਚ 39.0 ਅਤੇ 26.9, ਜਲੰਧਰ ’ਚ 38.8 ਅਤੇ 26.8, ਸਮਰਾਲਾ ’ਚ 39.6 ਅਤੇ 28.5, ਮੁਹਾਲੀ ’ਚ 35.6 ਅਤੇ 29.1, ਬਲਾਚੌਰ ’ਚ 35.3 ਅਤੇ 27.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

Exit mobile version